ਸੁਖਬੀਰ ਬਾਦਲ ਦੀ ਭਵਿੱਖਬਾਣੀ! ਦੁਬਾਰਾ ਨਹੀਂ ਬਣੇਗੀ ਬੀਜੇਪੀ ਸਰਕਾਰ
ਸੁਖਬੀਰ ਨੇ ਕਿਹਾ ਕਿ ਜਦੋਂ ਹਰਿਆਣਾ ਵਿੱਚ ਬੀਜੇਪੀ ਦੇ ਸਰਕਾਰ ਹੀ ਨਹੀਂ ਬਣਨੀ ਤਾਂ ਇਸ 'ਤੇ ਟਿੱਪਣੀ ਕੀ ਕਰੀਏ। ਉਨ੍ਹਾਂ ਕਿਹਾ ਕਿ ਜੋ ਸਰਕਾਰ ਬਣਾਉਣ ਦੇ ਸੁਫ਼ਨੇ ਵੇਖ ਰਹੇ ਹਨ, ਉਹ ਵਿਰੋਧੀ ਖੇਮੇ ਵਿੱਚ ਬੈਠਣਗੇ। ਉਨ੍ਹਾਂ ਦੇ ਇਸ ਬਿਆਨ ਤੋਂ ਦੋਵਾਂ ਪਾਰਟੀਆਂ ਦੀ ਕੜਵਾਹਟ ਜੱਗ-ਜ਼ਾਹਰ ਹੋ ਗਈ ਹੈ।
ਫਤਿਹਾਬਾਦ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਰਿਆਣਾ ਵਿੱਚ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਫਤਿਹਾਬਾਦ ਪਹੁੰਚੇ। ਉਨ੍ਹਾਂ ਅਕਾਲੀ-ਇਨੈਲੋ ਦੇ ਸਾਂਝੇ ਉਮੀਦਵਾਰ ਦੇ ਪੱਖ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇਸੇ ਦੌਰਾਨ ਉਨ੍ਹਾਂ ਅੱਜ ਹੀ ਜਾਰੀ ਹੋਏ ਬੀਜੇਪੀ ਦੇ ਮੈਨੀਫੈਸਟੋ 'ਤੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਹਰਿਆਣਾ ਵਿੱਚ ਬੀਜੇਪੀ ਦੇ ਸਰਕਾਰ ਹੀ ਨਹੀਂ ਬਣਨੀ ਤਾਂ ਇਸ 'ਤੇ ਟਿੱਪਣੀ ਕੀ ਕਰੀਏ। ਉਨ੍ਹਾਂ ਕਿਹਾ ਕਿ ਜੋ ਸਰਕਾਰ ਬਣਾਉਣ ਦੇ ਸੁਫ਼ਨੇ ਵੇਖ ਰਹੇ ਹਨ, ਉਹ ਵਿਰੋਧੀ ਖੇਮੇ ਵਿੱਚ ਬੈਠਣਗੇ। ਉਨ੍ਹਾਂ ਦੇ ਇਸ ਬਿਆਨ ਤੋਂ ਦੋਵਾਂ ਪਾਰਟੀਆਂ ਦੀ ਕੜਵਾਹਟ ਜੱਗ-ਜ਼ਾਹਰ ਹੋ ਗਈ ਹੈ।
ਸੁਖਬੀਰ ਬਾਦਲ ਨੇ ਦਾਅਵਾ ਕਰਦਿਆਂ ਕਿਹਾ ਕਿ ਸਿਰਸਾ ਤੇ ਫਤਿਹਾਬਾਦ ਦੀ ਇੱਕ ਵੀ ਸੀਟ ਬੀਜੇਪੀ ਨਹੀਂ ਜਿੱਤੇਗੀ ਤੇ ਇਹੀ ਹਾਲ ਰੋਹਤਕ ਵਾਲੇ ਪਾਸੇ ਦਾ ਵੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵੋਟਰ ਹੀ ਸਰਕਾਰ ਬਣਾਉਂਦੇ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਇਨੈਲੋ ਬਾਰੇ ਕਿਹਾ ਕਿ ਉਨ੍ਹਾਂ ਦਾ ਸਿਰ ਜਾ ਸਕਦਾ ਹੈ, ਪਰ ਚੌਧਰੀ ਪਰਿਵਾਰ ਨਾਲ ਉਨ੍ਹਾਂ ਦਾ ਰਿਸ਼ਤਾ ਖ਼ਤਮ ਨਹੀਂ ਸਕਦਾ।
ਰੈਲੀ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਵੋਟ ਪਾਉਣ ਤੋਂ ਪਹਿਲਾਂ ਪਾਰਟੀ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ ਕਿ ਪਾਰਟੀ ਜ਼ਮੀਨੀ ਹਕੀਕਤ ਨਾਲ ਜੁੜੀ ਹੋਈ ਹੈ ਜਾਂ ਨਹੀਂ। ਉਨ੍ਹਾਂ ਬੀਜੇਪੀ 'ਤੇ ਤਨਜ਼ ਕੱਸਦਿਆਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਤੇ ਓਮ ਪਰਕਾਸ਼ ਚੌਟਾਲਾ ਆਮ ਆਦਮੀ ਨਾਲ ਜੁੜੇ ਹੋਏ ਸੀ। ਇਨ੍ਹਾਂ ਲੀਡਰਾਂ ਨੇ ਹਮੇਸ਼ਾ ਲੋਕਾਂ ਦੀ ਲੜਾਈ ਲੜੀ ਹੈ।