Tajinder Pal Singh Bagga Arrest: ਬੱਗਾ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਦਿੱਲੀ ਪੁਲਿਸ ਦੀ ਹਿਰਾਸਤ ਤੱਕ.. ਦਿਨ ਭਰ ਜਾਰੀ ਰਿਹਾ ਤਮਾਸ਼ਾ, ਉਲਝੀ ਰਹੀ ਤਿੰਨ ਰਾਜਾਂ ਦੀ ਪੁਲਿਸ
Tajinder Pal Singh Bagga Case: ਭਾਜਪਾ ਦੀ ਦਿੱਲੀ ਇਕਾਈ ਦੇ ਬੁਲਾਰੇ ਤੇਜਿੰਦਰ ਸਿੰਘ ਬੱਗਾ ਨੂੰ ਦਿੱਲੀ ਪੁਲੀਸ ਨੇ ਕੁਰੂਕਸ਼ੇਤਰ ਜਾ ਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਹਨਾਂ ਨੂੰ ਕੌਮੀ ਰਾਜਧਾਨੀ ਦਿੱਲੀ ਲਿਆਂਦਾ ਗਿਆ
Tajinder Pal Singh Bagga Case: ਭਾਜਪਾ ਦੀ ਦਿੱਲੀ ਇਕਾਈ ਦੇ ਬੁਲਾਰੇ ਤੇਜਿੰਦਰ ਸਿੰਘ ਬੱਗਾ ਨੂੰ ਦਿੱਲੀ ਪੁਲੀਸ ਨੇ ਕੁਰੂਕਸ਼ੇਤਰ ਜਾ ਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਹਨਾਂ ਨੂੰ ਕੌਮੀ ਰਾਜਧਾਨੀ ਦਿੱਲੀ ਲਿਆਂਦਾ ਗਿਆ। ਬੱਗਾ ਦੀ ਅਚਾਨਕ ਗ੍ਰਿਫਤਾਰੀ ਤੋਂ ਬਾਅਦ ਹਰਿਆਣਾ, ਦਿੱਲੀ ਅਤੇ ਪੰਜਾਬ ਪੁਲਿਸ ਵਿਚਾਲੇ ਅਜੀਬ ਤਮਾਸ਼ਾ ਦੇਖਣ ਨੂੰ ਮਿਲਿਆ। ਪੰਜਾਬ ਪੁਲਿਸ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰਦੀ ਰਹੀ, ਪਰ ਬੱਗਾ ਨੂੰ ਪੰਜਾਬ ਨਹੀਂ ਲੈ ਜਾ ਸਕੀ। ਵਿਚਕਾਰ ਦਿੱਲੀ ਪੁਲਿਸ ਦੇ ਇਸ਼ਾਰੇ 'ਤੇ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਰਸਤੇ ਵਿਚ ਹੀ ਰੋਕ ਲਿਆ। ਹੁਣ ਦਿੱਲੀ ਪੁਲਿਸ ਉਹਨਾਂ ਨੂੰ ਕੁਰੂਕਸ਼ੇਤਰ ਤੋਂ ਹਿਰਾਸਤ ਵਿੱਚ ਲੈ ਕੇ ਵਾਪਸ ਦਿੱਲੀ ਲਿਆ ਰਹੀ ਹੈ।
ਭਾਵ ਇਸ ਪੂਰੇ ਮਾਮਲੇ ਵਿੱਚ ਪੰਜਾਬ ਦੇ ਹੱਥ ਖਾਲੀ ਰਹੇ ਅਤੇ ਦਿੱਲੀ ਪੁਲਿਸ ਨੇ ਹਰਿਆਣਾ ਦੀ ਮਦਦ ਨਾਲ ਬੱਗਾ ਨੂੰ ਹਿਰਾਸਤ ਵਿੱਚ ਲੈ ਲਿਆ। ਪੰਜਾਬ ਪੁਲਿਸ ਨੇ ਵੀ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਹਰਿਆਣਾ ਪੁਲਿਸ 'ਤੇ ਬੱਗਾ ਨੂੰ ਰਸਤੇ 'ਚ ਰੋਕਣ ਦਾ ਦੋਸ਼ ਲਗਾਇਆ ਹੈ। ਪਟੀਸ਼ਨ ਵਿੱਚ ਹਰਿਆਣਾ ਪੁਲੀਸ ’ਤੇ ਪੰਜਾਬ ਪੁਲੀਸ ’ਤੇ ਰੋਕ ਲਾਉਣ ਦਾ ਦੋਸ਼ ਲਾਇਆ ਗਿਆ ਹੈ। ਆਉ ਸ਼ੁਰੂਆਤ ਤੋਂ ਜਾਣਦੇ ਹਾਂ ਕਿ ਆਖਰ ਕੀ ਹੈ ਪੂਰਾ ਮਾਮਲਾ -
ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਮੋਹਾਲੀ ਵਿੱਚ ਦਰਜ ਇੱਕ ਮਾਮਲੇ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ।
ਇਸ ਤੋਂ ਬਾਅਦ ਬੱਗਾ ਨੂੰ ਦਿੱਲੀ ਤੋਂ ਮੁਹਾਲੀ ਲੈ ਕੇ ਜਾ ਰਹੇ ਪੰਜਾਬ ਪੁਲੀਸ ਦੀਆਂ ਗੱਡੀਆਂ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਵਿਖੇ ਰੋਕ ਲਿਆ ਗਿਆ। ਸੂਤਰਾਂ ਨੇ ਦੱਸਿਆ ਕਿ ਹਰਿਆਣਾ ਪੁਲਿਸ ਦੇ ਅਧਿਕਾਰੀ ਕੁਝ ਮੁੱਦਿਆਂ ਨੂੰ ਲੈ ਕੇ ਆਪਣੇ ਪੰਜਾਬ ਪੁਲਿਸ ਦੇ ਹਮਰੁਤਬਾ ਨਾਲ ਗੱਲਬਾਤ ਕਰ ਰਹੇ ਹਨ। ਹਾਲਾਂਕਿ ਇਸ ਸਬੰਧੀ ਹਰਿਆਣਾ ਪੁਲਿਸ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ।
ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਜਪਾ ਅਤੇ 'ਆਪ' ਨੇਤਾਵਾਂ ਵਿਚਾਲੇ ਚੱਲ ਰਹੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦੇ ਵਿਚਕਾਰ, ਦਿੱਲੀ ਪੁਲਿਸ ਨੇ ਬੱਗਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਜਨਕਪੁਰੀ ਥਾਣੇ 'ਚ ਅਗਵਾ ਦਾ ਮਾਮਲਾ ਦਰਜ ਕੀਤਾ ਹੈ। ਬੱਗਾ ਦੇ ਪਿਤਾ ਨੇ ਸ਼ਿਕਾਇਤ ਕੀਤੀ ਕਿ ਸ਼ੁੱਕਰਵਾਰ ਸਵੇਰੇ 8 ਵਜੇ ਦੇ ਕਰੀਬ ਕੁਝ ਲੋਕ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਦੇ ਲੜਕੇ ਨੂੰ ਚੁੱਕ ਕੇ ਲੈ ਗਏ।
ਪੰਜਾਬ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਬੱਗਾ ਨੂੰ ਪੰਜਾਬ ਲਿਜਾਇਆ ਜਾ ਰਿਹਾ ਹੈ, ਜਿੱਥੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਪੰਜ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ, ਬੱਗਾ (36) ਜਾਂਚ ਵਿੱਚ ਸ਼ਾਮਲ ਨਹੀਂ ਹੋਏ, ਜਿਸ ਤੋਂ ਬਾਅਦ ਕਾਨੂੰਨ ਦੀ ਬਣਦੀ ਪ੍ਰਕਿਰਿਆ ਦੇ ਬਾਅਦ ਉਹਨਾਂ ਨੂੰ ਸਵੇਰੇ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਬੱਗਾ ਖਿਲਾਫ ਭੜਕਾਊ ਬਿਆਨ ਦੇਣ, ਦੁਸ਼ਮਣੀ ਨੂੰ ਹੱਲਾਸ਼ੇਰੀ ਦੇਣ ਅਤੇ ਅਪਰਾਧਿਕ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਸੀ। ਪੁਲੀਸ ਨੇ ਬੱਗਾ ਖ਼ਿਲਾਫ਼ ਇਹ ਕੇਸ ਮੁਹਾਲੀ ਦੇ ‘ਆਪ’ ਆਗੂ ਸੰਨੀ ਆਹਲੂਵਾਲੀਆ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ।
ਪੰਜਾਬ ਪੁਲਿਸ ਨੇ ਦੱਸਿਆ ਕਿ 1 ਅਪ੍ਰੈਲ ਨੂੰ ਦਰਜ ਐਫਆਈਆਰ ਦੇ ਅਨੁਸਾਰ, ਬੱਗਾ ਨੇ 30 ਮਾਰਚ ਨੂੰ ਦਿੱਲੀ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਭਾਜਪਾ ਯੁਵਾ ਮੋਰਚਾ ਦੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ ਅਤੇ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ।
ਬੱਗਾ ਸੋਸ਼ਲ ਮੀਡੀਆ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਕਾਫੀ ਬੋਲ ਰਹੇ ਹਨ। ਬੱਗਾ ਕੁਝ ਸਮਾਂ ਪਹਿਲਾਂ ਫਿਲਮ 'ਦ ਕਸ਼ਮੀਰ ਫਾਈਲਜ਼' ਲਈ ਕੇਜਰੀਵਾਲ ਖਿਲਾਫ ਟਵੀਟ ਕਰਕੇ ਆਮ ਆਦਮੀ ਪਾਰਟੀ (ਆਪ) ਦੇ ਨਿਸ਼ਾਨੇ 'ਤੇ ਆਏ ਸਨ।
ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ, ਪੰਜਾਬ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, "ਦੋਸ਼ੀਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕ੍ਰਿਮੀਨਲ ਪੀਨਲ ਕੋਡ ਦੀ ਧਾਰਾ 41ਏ ਦੇ ਤਹਿਤ ਪੰਜ ਨੋਟਿਸ ਜਾਰੀ ਕੀਤੇ ਗਏ ਸਨ।" ਇਹ ਨੋਟਿਸ 9, 11, 15, 22 ਅਤੇ 28 ਅਪ੍ਰੈਲ ਨੂੰ ਦਿੱਤੇ ਗਏ ਸਨ। ਇਸ ਦੇ ਬਾਵਜੂਦ ਮੁਲਜ਼ਮ ਜਾਣਬੁੱਝ ਕੇ ਜਾਂਚ ਵਿੱਚ ਸ਼ਾਮਲ ਨਹੀਂ ਹੋਏ।