Telangana on Black Fungus: ਰਾਜਸਥਾਨ ਤੋਂ ਬਾਅਦ ਤੇਲੰਗਾਨਾ ਨੇ ਵੀ ‘ਬਲੈਕ ਫ਼ੰਗਸ’ ਨੂੰ ਐਲਾਨਿਆ ‘ਮਹਾਮਾਰੀ’
ਸਰਕਾਰ ਦਾ ਕਹਿਣਾ ਹੈ ਕਿ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ‘ਬਲੈਕ ਫ਼ੰਗਸ’ ਦੀ ਜਾਂਚ, ਤਸ਼ਖ਼ੀਸ (ਡਾਇਓਗਨੌਸਿਸ) ਤੇ ਉਸ ਦੇ ਇਲਾਜ ਪ੍ਰਬੰਧ ਲਈ ਉਨ੍ਹਾਂ ਤੈਅਸ਼ੁਦਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।
ਨਵੀਂ ਦਿੱਲੀ: ਰਾਜਸਥਾਨ ਤੋਂ ਬਾਅਦ ਹੁਣ ਤੇਲੰਗਾਨਾ ਸਰਕਾਰ ਨੇ ਵੀ ‘ਮਿਊਕਰਮਾਇਕੌਸਿਸ’(Mycormycosis) ਜਾਂ ‘ਬਲੈਕ ਫ਼ੰਗਸ’ ਨੂੰ ‘ਮਹਾਮਾਰੀ’ ਐਲਾਨ ਦਿੱਤਾ ਹੈ। ਇਸ ਨੂੰ ‘ਮਹਾਮਾਰੀ ਨਾਲ ਸਬੰਧਤ ਰੋਗਾਂ ਬਾਰੇ ਕਾਨੂੰਨ, 1897’ ਅਧੀਨ ਅਧਿਸੂਚਨਾਯੋਗ ਰੋਗ ਕਰਾਰ ਦਿੱਤਾ ਹੈ।
ਇੱਕ ਨੋਟੀਫ਼ਿਕੇਸ਼ਨ ’ਚ ਤੇਲੰਗਾਨਾ ਸਰਕਾਰ ਨੇ ਕਿਹਾ ਹੈ ਕਿ ਫ਼ੰਗਲ ਛੂਤ ‘ਮਿਊਕਰਮਾਇਕੌਸਿਸ’ ਨੂੰ ਹੁਣ ‘ਮਹਾਮਾਰੀ’ ਐਲਾਨਿਆ ਜਾਂਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ‘ਬਲੈਕ ਫ਼ੰਗਸ’ ਦੀ ਜਾਂਚ, ਤਸ਼ਖ਼ੀਸ (ਡਾਇਓਗਨੌਸਿਸ) ਤੇ ਉਸ ਦੇ ਇਲਾਜ ਪ੍ਰਬੰਧ ਲਈ ਉਨ੍ਹਾਂ ਤੈਅਸ਼ੁਦਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ; ਜੋ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ‘ਭਾਰਤੀ ਮੈਡੀਕਲ ਖੋਜ ਕੌਂਸਲ’ ਵੱਲੋਂ ਜਾਰੀ ਕੀਤੇ ਗਏ ਹਨ।
ਤੇਲੰਗਾਨਾ ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ‘ਬਲੈਕ ਫ਼ੰਗਸ ਦੇ’ ਹਰ ਤਰ੍ਹਾਂ ਦੇ ਮਾਮਲੇ ਬਾਰੇ ਸਿਹਤ ਵਿਭਾਗ ਨੂੰ ਰਿਪੋਰਟ ਕਰਨ ਲਈ ਆਖਿਆ ਹੈ; ਭਾਵੇਂ ਕੋਈ ਮਾਮਲਾ ਸ਼ੱਕੀ ਹੋਵੇ ਤੇ ਚਾਹੇ ਉਸ ਦੀ ਪੁਸ਼ਟੀ ਹੋ ਚੁੱਕੀ ਹੋਵੇ।
ਸਰਕਾਰ ਨੇ ਸਾਰੇ ਸਰਕਾਰੀ ਅਤੇ ਨਿਜੀ ਹਸਪਤਾਲਾਂ ਦੇ ਮੈਡੀਕਲ ਸੁਪਰਇੰਟੈਂਡੈਂਟਸ ਨੂੰ ਬੇਨਤੀ ਕੀਤੀ ਹੈ ਕਿ ਉਹ ਅਜਿਹੇ ਮਾਮਲਿਆਂ ਦੀ ਰੋਜ਼ਾਨਾ ਰਿਪੋਰਟ ਜ਼ਰੂਰ ਭੇਜਣ। ਦੱਸ ਦੇਈਏ ਕਿ ‘ਬਲੈਕ ਫ਼ੰਗਸ’ ਦੇ ਮਾਮਲਿਆਂ ਤੇ ਉਸ ਕਾਰਣ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੇਸ਼ ਵਿੱਚ ਵਧਦੀ ਜਾ ਰਹੀ ਹੈ ਤੇ ਕਈ ਰਾਜਾਂ ਵਿੱਚ ਇਹ ਚਿੰਤਾ ਦਾ ਨਵਾਂ ਵਿਸ਼ਾ ਬਣ ਗਿਆ ਹੈ।
ਉੱਧਰ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ’ਚ ਵੀ ‘ਬਲੈਕ ਫ਼ੰਗਸ’ ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਨ੍ਹਾਂ ’ਚੋਂ ਰਾਜਸਥਾਨ ਨੇ ਵੀ ਇਸ ਤੋਂ ਪਹਿਲਾਂ ‘ਬਲੈਕ ਫ਼ੰਗਸ’ ਨੂੰ ‘ਮਹਾਮਾਰੀ’ ਐਲਾਨ ਦਿੱਤਾ ਹੈ।
ਅਜਿਹੀ ਸਥਿਤੀ ਵਿੱਚ ਏਮਜ਼ ਨੇ ਹੁਣ ਇਸ ਬਿਮਾਰੀ ਬਾਰੇ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਹੜੇ ਮਰੀਜ਼ਾਂ ਨੂੰ ਵਧੇਰੇ ਜੋਖਮ ਹੈ ਅਤੇ ਇਸ ਬਿਮਾਰੀ ਦੇ ਲੱਛਣ ਕੀ ਹਨ ਅਤੇ ਇਸ ਨਾਲ ਕਿਵੇਂ ਨਿਪਟਿਆ ਜਾ ਸਕਦਾ ਹੈ। ਦੱਸ ਦਈਏ ਕਿ ਮਹਾਰਾਸ਼ਟਰ ਵਿੱਚ 90 ਲੋਕ ਇਸ ਬਿਮਾਰੀ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਰਾਜਸਥਾਨ ਵਿਚ ਵੀ 100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਰਾਜਸਥਾਨ ਵਿੱਚ ਇਸ ਬਿਮਾਰੀ ਦੇ ਇਲਾਜ ਲਈ ਅਲਗ ਤੋਂ ਵਾਰਡ ਬਣਾਏ ਗਏ ਹਨ।
ਇਹ ਵੀ ਪੜ੍ਹੋ: Milkha Singh Corona Positive: ਫਲਾਇੰਗ ਸਿੱਖ ਮਿਲਖਾ ਸਿੰਘ ਕੋਰੋਨਾ ਪੌਜ਼ੇਟਿਵ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin