PM Modi At ISRO: ਜਿਸ ਜਗ੍ਹਾ 'ਤੇ ਚੰਦਰਯਾਨ-3 ਉਤਰਿਆ ਉਸ ਜਗ੍ਹਾ ਦਾ ਨਾਮ 'ਸ਼ਿਵਸ਼ਕਤੀ', ਜਿੱਥੇ ਚੰਦਰਯਾਨ-2 ਦੀ ਛਾਪ ਤਿਰੰਗਾ ਪੁਆਇੰਟ- PM ਮੋਦੀ ਦਾ ਐਲਾਨ
ਦੱਖਣੀ ਅਫਰੀਕਾ ਤੇ ਗ੍ਰੀਸ ਦੇ ਦੌਰੇ ਤੋਂ ਪਰਤਣ ਤੋਂ ਬਾਅਦ PM ਮੋਦੀ ਇਸਰੋ ਦੇ ਵਿਗਿਆਨੀਆਂ ਨੂੰ ਮਿਲਣ ਲਈ ਸਿੱਧੇ ਬੈਂਗਲੁਰੂ ਪਹੁੰਚੇ। ਇੱਥੇ ਪੀਐਮ ਮੋਦੀ ਨੇ ਚੰਦਰਯਾਨ-3 ਦੀ ਸਫਲਤਾ 'ਤੇ ਵਿਗਿਆਨੀਆਂ ਨੂੰ ਵਧਾਈ ਦਿੱਤੀ।
PM Modi At ISRO: ਪੀਐਮ ਮੋਦੀ ਨੇ ਬੈਂਗਲੁਰੂ ਵਿੱਚ ਇਸਰੋ ਕਮਾਂਡ ਸੈਂਟਰ ਵਿੱਚ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਇਸਰੋ 'ਚ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਵੱਡਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਦੀ ਚੰਦਰਮਾ 'ਤੇ ਸਫਲ ਲੈਂਡਿੰਗ ਲਈ ਇਸਰੋ ਟੀਮ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਤਿੰਨ ਵੱਡੇ ਐਲਾਨ ਵੀ ਕੀਤੇ। ਉਹਨਾਂ ਐਲਾਨ ਕੀਤਾ ਕਿ ਜਿਸ ਜਗ੍ਹਾ 'ਤੇ ਚੰਦਰਯਾਨ-3 ਲੈਂਡਿੰਗ ਹੋਈ ਹੈ ਉਸ ਨੂੰ 'ਸ਼ਿਵਸ਼ਕਤੀ' ਪੁਆਇੰਟ ਅਤੇ ਜਿਸ ਜਗ੍ਹਾ 'ਤੇ ਚੰਦਰਯਾਨ-2 ਲੈਂਡ ਕੀਤਾ ਹੈ ਉਸ ਨੂੰ 'ਤਿਰੰਗਾ' ਪੁਆਇੰਟ ਕਿਹਾ ਜਾਵੇਗਾ। ਤੀਜੇ ਐਲਾਨ ਵਿੱਚ ਉਹਨਾਂ ਕਿਹਾ, 23 ਅਗਸਤ ਨੂੰ ਹੁਣ ਹਰ ਸਾਲ ਰਾਸ਼ਟਰੀ ਪੁਲਾੜ ਦਿਵਸ ਵਜੋਂ ਮਨਾਇਆ ਜਾਵੇਗਾ।
ਪੀਐਮ ਮੋਦੀ ਨੇ ਕਿਹਾ, ਜਿਸ ਜਗ੍ਹਾ 'ਤੇ ਚੰਦਰਯਾਨ-3 ਦੀ ਲੈਂਡਿੰਗ ਹੋਈ ਹੈ, ਉਸ ਜਗ੍ਹਾ ਨੂੰ 'ਸ਼ਿਵ ਸ਼ਕਤੀ' ਵਜੋਂ ਜਾਣਿਆ ਜਾਵੇਗਾ ਅਤੇ ਜਿਸ ਜਗ੍ਹਾ 'ਤੇ ਚੰਦਰਯਾਨ-2 ਦੀ ਛਾਪ ਹੈ ਉਸ ਜਗ੍ਹਾ ਨੂੰ ਤਿਰੰਗਾ ਪੁਆਇੰਟ ਕਿਹਾ ਜਾਵੇਗਾ। ਕੋਈ ਵੀ ਸਫਲਤਾ ਅੰਤਿਮ ਨਹੀਂ ਹੁੰਦੀ, ਇਸ ਲਈ ਜਿਸ ਜਗ੍ਹਾ 'ਤੇ ਸਾਡੇ ਚੰਦਰਯਾਨ-2 ਦੇ ਪੈਰਾਂ ਦੇ ਨਿਸ਼ਾਨ ਹਨ, ਉਹ ਅੱਜ ਤੋਂ ਤਿਰੰਗਾ ਪੁਆਇੰਟ ਵਜੋਂ ਜਾਣੀ ਜਾਵੇਗੀ। ਇਹ ਤਿਰੰਗਾ ਪੁਆਇੰਟ ਭਾਰਤ ਦੀ ਹਰ ਕੋਸ਼ਿਸ਼ ਲਈ ਪ੍ਰੇਰਣਾ ਬਣੇਗਾ, ਇਹ ਤਿਰੰਗਾ ਪੁਆਇੰਟ ਸਾਨੂੰ ਸਿਖਾਏਗਾ ਕਿ ਕੋਈ ਵੀ ਅਸਫਲਤਾ ਅੰਤਿਮ ਨਹੀਂ ਹੁੰਦੀ।
ਦੱਸਣਯੋਗ ਹੈ ਕਿ, ਦੋ ਦੇਸ਼ਾਂ ਦਾ ਦੌਰਾ ਕਰਕੇ ਭਾਰਤ ਪਰਤੇ ਪੀਐਮ ਮੋਦੀ ਸਿੱਧੇ ਬੈਂਗਲੁਰੂ ਹਵਾਈ ਅੱਡੇ 'ਤੇ ਉਤਰੇ। ਇਸ ਤੋਂ ਬਾਅਦ ਉਹ ਵਿਗਿਆਨੀਆਂ ਨੂੰ ਮਿਲਣ ਲਈ ਇਸਰੋ ਕੈਂਪਸ ਪਹੁੰਚੇ, ਜਿੱਥੇ ਉਨ੍ਹਾਂ ਨੇ ਇਹ ਐਲਾਨ ਕੀਤੇ।
'ਜਿੱਥੇ ਅਸੀਂ ਪਹੁੰਚੇ ਉੱਥੇ ਕੋਈ ਨਹੀਂ ਪਹੁੰਚਿਆ'
ਪੀਐਮ ਮੋਦੀ ਨੇ ਕਿਹਾ, ਅਸੀਂ ਉੱਥੇ ਪਹੁੰਚ ਗਏ ਜਿੱਥੇ ਕੋਈ ਨਹੀਂ ਪਹੁੰਚਿਆ। ਅਸੀਂ ਉਹ ਕੀਤਾ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ। ਮੇਰੀਆਂ ਅੱਖਾਂ ਸਾਹਮਣੇ 23 ਅਗਸਤ ਦਾ ਉਹ ਦਿਨ ਹਰ ਸਕਿੰਟ ਵਾਰ-ਵਾਰ ਘੁੰਮ ਰਿਹਾ ਹੈ। ਜਦੋਂ ਟਚ ਡਾਊਨ ਦੀ ਪੁਸ਼ਟੀ ਹੋਈ ਤਾਂ ਜਿਸ ਤਰ੍ਹਾਂ ਇਸਰੋ ਕੇਂਦਰ ਤੇ ਪੂਰੇ ਦੇਸ਼ ਵਿੱਚ ਲੋਕਾਂ ਨੇ ਜਸ਼ਨ ਮਨਾਇਆ, ਉਸ ਦ੍ਰਿਸ਼ ਨੂੰ ਕੌਣ ਭੁੱਲ ਸਕਦਾ ਹੈ। ਕੁਝ ਯਾਦਾਂ ਅਮਰ ਹੋ ਜਾਂਦੀਆਂ ਹਨ। ਉਹ ਪਲ ਅਮਰ ਹੋ ਗਿਆ ਹੈ।