ਨਵੀਂ ਦਿੱਲੀ: ਦੇਸ਼ ਵਾਸੀਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਵਧ ਰਹੇ ਹਨ। ਇਸ ਦੇ ਮੱਦੇਨਜ਼ਰ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਮਹਾਂਮਾਰੀ ਦੀ ਤੀਜੀ ਲਹਿਰ ਅਗਸਤ 'ਚ ਦਸਤਕ ਦੇਵੇਗੀ। ਇਹ ਅਕਤੂਬਰ 'ਚ ਸਿਖਰ 'ਤੇ ਪਹੁੰਚ ਜਾਵੇਗੀ। ਇਹ ਸੰਭਵ ਹੈ ਕਿ ਦੇਸ਼ 'ਚ ਹਰ ਰੋਜ਼ 1.5 ਲੱਖ ਮਰੀਜ਼ ਮਿਲਣ।
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲਾਜੀ (ਆਈਆਈਟੀ) ਹੈਦਰਾਬਾਦ ਤੇ ਕਾਨਪੁਰ ਦੇ ਵਿਗਿਆਨੀਆਂ ਨੇ ਗਣਿਤ ਦੇ ਮਾਡਲ ਦੇ ਅਧਾਰ 'ਤੇ ਇਹ ਅਨੁਮਾਨ ਲਗਾਇਆ ਹੈ। ਆਈਆਈਟੀ ਹੈਦਰਾਬਾਦ ਦੇ ਮਾਥੁਕੁਮਾਲੀ ਵਿਦਿਆਸਾਗਰ ਤੇ ਆਈਆਈਟੀ ਕਾਨਪੁਰ ਦੇ ਮਨਿੰਦਰ ਅਗਰਵਾਲ ਦਾ ਕਹਿਣਾ ਹੈ ਕਿ ਤੀਜੀ ਲਹਿਰ ਅਗਸਤ ਵਿੱਚ ਹੋਰ ਤੇਜ਼ ਹੋ ਜਾਵੇਗੀ।
ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬਿਹਤਰ ਹਾਲਤ 'ਚ ਲਾਗ ਦੇ 1 ਲੱਖ ਮਾਮਲੇ ਅਤੇ ਬਦਤਰ ਹਾਲਤ 'ਚ 1.50 ਲੱਖ ਮਾਮਲੇ ਰੋਜ਼ਾਨਾ ਸਾਹਮਣੇ ਆਉਣਗੇ। ਕੇਰਲ ਤੇ ਮਹਾਰਾਸ਼ਟਰ 'ਚ ਲਾਗ ਦੇ ਵਧਦੇ ਮਾਮਲਿਆਂ ਦੇ ਨਾਲ ਹੋਰਨਾ ਸੂਬਿਆਂ 'ਚ ਵੀ ਸਥਿਤੀ ਵਿਗੜ ਸਕਦੀ ਹੈ।
ਰਾਹਤ, ਇਹ ਲਹਿਰ ਖਤਰਨਾਕ ਨਹੀਂ ਹੋਵੇਗੀ
ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਖਤਰਨਾਕ ਨਹੀਂ ਹੋਵੇਗੀ। ਲੋਕਾਂ ਨੂੰ ਕੋਰੋਨਾ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਸ਼ੁਰੂ ਕਰਨੀ ਪਵੇਗੀ। ਬੱਚਿਆਂ, ਬਜ਼ੁਰਗਾਂ ਤੇ ਬਿਮਾਰ ਲੋਕਾਂ ਦਾ ਵੱਧ ਧਿਆਨ ਰੱਖਣਾ ਪਵੇਗਾ। ਬੇਲੋੜੀ ਯਾਤਰਾ ਤੇ ਭੀੜ ਤੋਂ ਬਚੋ।
10 ਸੂਬਿਆਂ ਦੇ 46 ਜ਼ਿਲ੍ਹੇ ਮਹੱਤਵਪੂਰਨ
ਕੇਂਦਰ ਨੇ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਮਹਾਰਾਸ਼ਟਰ, ਕੇਰਲ ਸਮੇਤ 10 ਸੂਬਿਆਂ ਦੇ 46 ਜ਼ਿਲ੍ਹਿਆਂ 'ਚ ਲਾਗ ਦੀ ਦਰ 10% ਤੋਂ ਵੱਧ ਹੈ। ਇਸੇ ਤਰ੍ਹਾਂ 54 ਜ਼ਿਲ੍ਹਿਆਂ 'ਚ 5 ਤੋਂ 10%ਦੇ ਵਿਚਕਾਰ ਹੈ। ਇਹ 100 ਜ਼ਿਲ੍ਹੇ ਤੀਜੀ ਲਹਿਰ ਨੂੰ ਤੇਜ਼ ਕਰਨ 'ਚ ਅਹਿਮ ਭੂਮਿਕਾ ਨਿਭਾ ਸਕਦੇ ਹਨ, ਜਿਨ੍ਹਾਂ 'ਤੇ ਨਜ਼ਰ ਰੱਖਣ ਦੀ ਲੋੜ ਹੈ।
ਕੋਈ ਲਾਪ੍ਰਵਾਹੀ ਨਹੀਂ ਹੋਣੀ ਚਾਹੀਦੀ
ਡਾਕਟਰਾਂ ਦੀ ਭਵਿੱਖਬਾਣੀ ਹੈ ਕਿ ਤੀਜੀ ਲਹਿਰ ਵੱਖਰੀ ਹੋਵੇਗੀ, ਕਿਉਂਕਿ ਵਾਇਰਸ ਨੂੰ ਸਮਝਣਾ ਅਜੇ ਮੁਸ਼ਕਲ ਹੈ। ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ ਕਿ ਵਾਇਰਸ ਕਦੋਂ ਤੇ ਕਿਵੇਂ ਨੁਕਸਾਨ ਪਹੁੰਚਾ ਸਕਦਾ ਹੈ। ਜਿਨ੍ਹਾਂ ਨੂੰ ਟੀਕਾ ਲੱਗ ਚੁੱਕਾ ਹੈ, ਉਹ ਵੀ ਇਸ ਹੀ ਲਪੇਟ 'ਚ ਆ ਰਹੇ ਹਨ। ਅਜਿਹੀ ਸਥਿਤੀ ਵਿੱਚ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin