Lok Sabha Elections 2024 : ਵੋਟਿੰਗ ਮਸ਼ੀਨਾਂ 'ਚ ਗੜਬੜੀ? ਚੋਣ ਕਮਿਸ਼ਨ ਦਾ ਵੱਡਾ ਫੈਸਲਾ, ਈਵੀਐਮਜ਼ ਦੀ ਹੋਵੇਗੀ ਜਾਂਚ
ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਦੇ ਛੇ ਰਾਜਾਂ ਦੀਆਂ ਅੱਠ ਸੀਟਾਂ 'ਤੇ ਲੋਕ ਸਭਾ ਚੋਣਾਂ ਦੌਰਾਨ ਈਵੀਐਮ ਗੜਬੜੀਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਾਂਚ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹਰਿਆਣਾ ਦੀ ਕਰਨਾਲ ਤੇ ਫਰੀਦਾਬਾਦ ਸੀਟਾਂ ਵੀ ਸ਼ਾਮਲ ਹਨ।
Lok Sabha Elections 2024 : ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਦੇ ਛੇ ਰਾਜਾਂ ਦੀਆਂ ਅੱਠ ਸੀਟਾਂ 'ਤੇ ਲੋਕ ਸਭਾ ਚੋਣਾਂ ਦੌਰਾਨ ਈਵੀਐਮ ਗੜਬੜੀਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਾਂਚ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹਰਿਆਣਾ ਦੀ ਕਰਨਾਲ ਤੇ ਫਰੀਦਾਬਾਦ ਸੀਟਾਂ ਵੀ ਸ਼ਾਮਲ ਹਨ। ਕਰਨਾਲ ਤੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਿੱਤੇ ਹਨ। ਇਨ੍ਹਾਂ ਦੋਵਾਂ ਸੀਟਾਂ 'ਤੇ ਵੋਟਿੰਗ ਦੌਰਾਨ ਈਵੀਐਮ ਖਰਾਬ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ।
ਇਸ ਦੇ ਨਾਲ ਹੀ ਤਾਮਿਲਨਾਡੂ ਦੀਆਂ ਵੇਲੋਰ ਤੇ ਵਿਰੁਧੁਨਗਰ ਸੀਟਾਂ 'ਤੇ ਵੀ ਵੋਟਿੰਗ ਦੌਰਾਨ ਸ਼ਿਕਾਇਤਾਂ ਮਿਲੀਆਂ ਸਨ। ਜਦਕਿ ਛੱਤੀਸਗੜ੍ਹ, ਮਹਾਰਾਸ਼ਟਰ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੀ 1-1 ਸੀਟ 'ਤੇ ਈਵੀਐਮ ਨਾਲ ਛੇੜਛਾੜ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ। ਕੁੱਲ 8 ਸੀਟਾਂ ਵਿੱਚੋਂ ਭਾਜਪਾ ਨੇ 3 ਅਤੇ ਕਾਂਗਰਸ ਨੇ 2 ਸੀਟਾਂ ਜਿੱਤੀਆਂ ਸਨ। ਬਾਕੀ 3 ਸੀਟਾਂ 'ਤੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਜੇਤੂ ਰਹੇ ਸਨ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਤੇ ਉੜੀਸਾ ਦੀਆਂ 3 ਵਿਧਾਨ ਸਭਾ ਸੀਟਾਂ ਦੀਆਂ ਈਵੀਐਮ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਸਭ ਤੋਂ ਵੱਧ ਚਰਚਾ ਵਿੱਚ ਹਰਿਆਣਾ ਦੀ ਕਰਨਾਲ ਸੀਟ ਹੈ। ਇੱਥੋ ਸਾਬਕਾ ਸੀਐਮ ਤੇ ਭਾਜਪਾ ਨੇਤਾ ਮਨੋਹਰ ਲਾਲ ਖੱਟਰ ਜਿੱਤ ਕੇ ਸੰਸਦ ਪਹੁੰਚ ਗਏ ਹਨ। ਉਨ੍ਹਾਂ ਨੂੰ ਐਨਡੀਏ ਸਰਕਾਰ ਵਿੱਚ ਕੇਂਦਰੀ ਊਰਜਾ ਮੰਤਰੀ ਬਣਾਇਆ ਗਿਆ ਹੈ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਫਰੀਦਾਬਾਦ ਤੋਂ ਚੋਣ ਜਿੱਤ ਗਏ ਹਨ। ਕਰਨਾਲ ਤੋਂ ਕਾਂਗਰਸ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਈਵੀਐਮ ਦੀ ਜਾਂਚ ਦੀ ਮੰਗ ਕੀਤੀ ਸੀ। ਜਦੋਂਕਿ ਫਰੀਦਾਬਾਦ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਨੇ ਸ਼ਿਕਾਇਤ ਦਿੱਤੀ ਸੀ।
ਇਸੇ ਤਰ੍ਹਾਂ ਤਾਮਿਲਨਾਡੂ ਦੀਆਂ ਵੇਲੋਰ ਤੇ ਵਿਰੁਧੁਨਗਰ ਸੀਟਾਂ ਦੀਆਂ ਈਵੀਐਮ ਦੀ ਜਾਂਚ ਕੀਤੀ ਜਾਵੇਗੀ। ਵੇਲੋਰ ਤੋਂ ਡੀਐਮਕੇ ਦੇ ਕਥੀਰ ਆਨੰਦ ਨੇ ਜਿੱਤ ਦਰਜ ਕੀਤੀ ਹੈ। ਭਾਜਪਾ ਉਮੀਦਵਾਰ ਏਸੀ ਸ਼ਨਮੁਗਮ ਨੇ ਈਵੀਐਮ ਜਾਂਚ ਦੀ ਮੰਗ ਕੀਤੀ ਹੈ। ਕਾਂਗਰਸ ਦੇ ਮਾਨਿਕਮ ਟੈਗੋਰ ਬੀ ਨੇ ਵਿਰੂਧੁਨਗਰ ਸੀਟ ਤੋਂ ਡੀਐਮਡੀਕੇ ਉਮੀਦਵਾਰ ਵਿਜੇ ਪ੍ਰਭਾਕਰਨ ਵੀ ਨੂੰ ਹਰਾਇਆ। ਇੱਥੇ 14 ਪੋਲਿੰਗ ਸਟੇਸ਼ਨਾਂ 'ਤੇ ਈਵੀਐਮ ਦੀ ਜਾਂਚ ਕੀਤੀ ਜਾਵੇਗੀ।
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ 2024 ਵਿੱਚ ਈਵੀਐਮ ਖਰਾਬ ਹੋਣ ਦੀ ਸ਼ਿਕਾਇਤ ਦੀਆਂ 8 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿੱਚ ਈਵੀਐਮ ਦੀ ਮੈਮੋਰੀ ਤੇ ਮਾਈਕ੍ਰੋ ਕੰਟਰੋਲਰ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ। ਇਸ ਲਈ ਕਮਿਸ਼ਨ ਇਨ੍ਹਾਂ 8 ਸੀਟਾਂ ਦੇ 92 ਪੋਲਿੰਗ ਸਟੇਸ਼ਨਾਂ 'ਤੇ ਈਵੀਐਮ ਦੀ ਜਾਂਚ ਕਰੇਗਾ।
ਇਸ ਦੇ ਨਾਲ ਹੀ ਮਹਾਰਾਸ਼ਟਰ ਦੀ ਅਹਿਮਦਨਗਰ ਲੋਕ ਸਭਾ ਸੀਟ ਤੋਂ ਚੋਣ ਹਾਰਨ ਵਾਲੇ ਭਾਜਪਾ ਉਮੀਦਵਾਰ ਸੁਜੇ ਵਿੱਖੇ ਪਾਟਿਲ ਨੇ ਈਵੀਐਮ ਮਾਈਕ੍ਰੋਕੰਟਰੋਲਰ ਦੀ ਜਾਂਚ ਦੀ ਮੰਗ ਕੀਤੀ ਹੈ। ਆਂਧਰਾ ਪ੍ਰਦੇਸ਼ ਦੀ ਵਿਜਿਆਨਗਰਮ ਸੀਟ ਤੋਂ ਯੁਵਜਨ ਸ੍ਰਮਿਕਾ ਰਾਇਥੂ ਕਾਂਗਰਸ ਪਾਰਟੀ ਦੀ ਉਮੀਦਵਾਰ ਬੇਲਾਨਾ ਚੰਦਰਸ਼ੇਖਰ ਨੇ ਵੀ ਈਵੀਐਮ ਵਿੱਚ ਖ਼ਰਾਬੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਜਦੋਂਕਿ ਤੇਲੰਗਾਨਾ ਦੀ ਜ਼ਹੀਰਾਬਾਦ ਸੀਟ 'ਤੇ ਕਮਿਸ਼ਨ 20 ਪੋਲਿੰਗ ਸਟੇਸ਼ਨਾਂ 'ਤੇ ਈਵੀਐਮ ਦੀ ਜਾਂਚ ਕਰੇਗਾ।