(Source: ECI/ABP News/ABP Majha)
Tsunami Warning: ਹਿੰਦ ਮਹਾਸਾਗਰ ਖੇਤਰ ਵਿੱਚ ਸੁਨਾਮੀ ਦੀ ਚੇਤਾਵਨੀ, 6.1 ਤੀਬਰਤਾ ਦਾ ਭੂਚਾਲ
ਪੂਰਬੀ ਤਿਮੋਰ ਤੱਟ 'ਤੇ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਤਿਮੋਰ ਟਾਪੂ ਦੇ ਪੂਰਬੀ ਪਾਸੇ ਤੋਂ 51.4 ਕਿਲੋਮੀਟਰ ਦੀ ਡੂੰਘਾਈ 'ਤੇ ਆਏ।
Tsunami Warning In Indian Ocean: ਪੂਰਬੀ ਤਿਮੋਰ ਤੱਟ 'ਤੇ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਤਿਮੋਰ ਟਾਪੂ ਦੇ ਪੂਰਬੀ ਪਾਸੇ ਤੋਂ 51.4 ਕਿਲੋਮੀਟਰ ਦੀ ਡੂੰਘਾਈ 'ਤੇ ਆਏ। ਜਾਣਕਾਰੀ ਦਿੰਦੇ ਹੋਏ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਪੂਰਬੀ ਤਿਮੋਰ ਦੇ ਤੱਟ 'ਤੇ 6.1 ਤੀਬਰਤਾ ਦਾ ਭੂਚਾਲ ਆਇਆ। ਹਾਲਾਂਕਿ ਇਸ ਸਬੰਧ 'ਚ ਫੌਰੀ ਤੌਰ 'ਤੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਹਿੰਦ ਮਹਾਸਾਗਰ ਖੇਤਰ 'ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਸੁਨਾਮੀ ਸਲਾਹਕਾਰ ਸਮੂਹ ਨੇ ਕਿਹਾ ਹੈ ਕਿ ਭੂਚਾਲ ਹਿੰਦ ਮਹਾਸਾਗਰ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੀ ਸੁਨਾਮੀ ਪੈਦਾ ਕਰਨ ਦੇ ਸਮਰੱਥ ਹੋ ਸਕਦਾ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਪੂਰਬੀ ਤਿਮੋਰ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਵੰਡੇ ਗਏ ਤਿਮੋਰ ਟਾਪੂ ਦੇ ਪੂਰਬੀ ਸਿਰੇ ਤੋਂ 51.4 ਕਿਲੋਮੀਟਰ (32 ਮੀਲ) ਦੀ ਡੂੰਘਾਈ 'ਤੇ ਆਇਆ। ਹਿੰਦ ਮਹਾਸਾਗਰ ਸੁਨਾਮੀ ਚੇਤਾਵਨੀ ਅਤੇ ਨਿਘਾਰ ਪ੍ਰਣਾਲੀ (IOTWMS) ਨੇ ਖੇਤਰ ਲਈ ਸੁਨਾਮੀ ਚੇਤਾਵਨੀ ਜਾਰੀ ਕੀਤੀ ਹੈ।
ਪੂਰਬੀ ਤਿਮੋਰ ਵਿੱਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ
ਪੂਰਬੀ ਤਿਮੋਰ ਅਤੇ ਇੰਡੋਨੇਸ਼ੀਆ ਪ੍ਰਸ਼ਾਂਤ ਮਹਾਸਾਗਰ ਦੇ ਬੇਹੱਦ ਹੀ ਸੰਵੇਦਨਸ਼ੀਲ "ਰਿੰਗ ਆਫ਼ ਫਾਇਰ" ਖੇਤਰ ਦੇ ਅਧੀਨ ਆਉਂਦੇ ਹਨ। ਰਿੰਗ ਆਫ਼ ਫਾਇਰ ਤੀਬਰ ਭੂਚਾਲ ਦੀ ਗਤੀਵਿਧੀ ਦਾ ਇੱਕ ਚਾਪ ਹੈ ,ਜੋ ਦੱਖਣ-ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਬੇਸਿਨ ਵਿੱਚ ਫੈਲਿਆ ਹੋਇਆ ਹੈ। ਇਸ ਤੋਂ ਪਹਿਲਾਂ ਫਰਵਰੀ 'ਚ ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ 'ਚ 6.2 ਤੀਬਰਤਾ ਦੇ ਭੂਚਾਲ 'ਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਸੀ।
ਤਿਮੋਰ ਦੀ ਆਬਾਦੀ ਕਿੰਨੀ ਹੈ?
ਸਾਲ 2004 ਵਿੱਚ 9.1-ਤੀਵਰਤਾ ਦਾ ਭੂਚਾਲ ਸੁਮਾਤਰਾ ਦੇ ਤੱਟ 'ਤੇ ਆਇਆ ਸੀ ਅਤੇ ਸੁਨਾਮੀ ਦੀ ਸ਼ੁਰੂਆਤ ਹੋਈ ਸੀ। ਇਸ ਦੌਰਾਨ ਪੂਰੇ ਖੇਤਰ ਵਿੱਚ ਢਾਈ ਲੱਖ ਦੇ ਕਰੀਬ ਲੋਕ ਮਾਰੇ ਗਏ ਸਨ। ਜਿਸ ਵਿੱਚ ਸਭ ਤੋਂ ਵੱਧ ਇੰਡੋਨੇਸ਼ੀਆ ਦੇ ਲੋਕ ਪ੍ਰਭਾਵਿਤ ਹੋਏ। ਪੂਰਬੀ ਤਿਮੋਰ ਦੀ ਆਬਾਦੀ ਲਗਭਗ 1.3 ਮਿਲੀਅਨ ਹੈ ਤੇ ਦੱਖਣ-ਪੂਰਬੀ ਏਸ਼ੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ। ਵਿਸ਼ਵ ਬੈਂਕ ਦੀ ਇੱਕ ਰਿਪੋਰਟ ਅਨੁਸਾਰ ਇੱਥੋਂ ਦੀ 42 ਫੀਸਦੀ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਹੈ।