ਹਥਨੀਕੁੰਡ ਬੈਰਾਜ ਤੋਂ ਛੱਡਿਆ ਪਾਣੀ, ਹੜ੍ਹਾਂ ਦਾ ਖਤਰਾ
ਚੰਡੀਗੜ੍ਹ: ਬੀਤੇ ਤਿੰਨ ਦਿਨਾਂ ਤੋਂ ਹੋ ਰਹੀ ਲਾਗਾਤਾਰ ਬਾਰਸ਼ ਨੇ ਹਰ ਪਾਸੇ ਤਬਾਹੀ ਮਚਾਈ ਹੈ। ਹਰ ਪਾਸੇ ਪਾਣੀ ਹੀ ਪਾਣੀ ਹੋਣ ਨਾਲ ਲੋਕਾਂ ਦਾ ਜਿਊਣਾ ਬੇਹਾਲ ਹੋਇਆ ਪਿਆ ਹੈ। ਬਾਰਸ਼ ਕਾਰਨ ਹਰਿਆਣਾ ਦੇ ਹਥਨੀਕੁੰਡ ਬੈਰਾਜ 'ਚ ਪਾਣੀ ਕਾਬੂ ਤੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਪਾਣੀ ਯਮੁਨਾ 'ਚ ਛੱਡ ਦਿੱਤਾ ਗਿਆ। ਪਾਣੀ ਛੱਡੇ ਜਾਣ ਤੋਂ ਬਾਅਦ ਯਮੁਨਾ 'ਚ ਪਾਣੀ ਦਾ ਪੱਧਰ ਫਿਰ ਵਧ ਗਿਆ ਹੈ। ਇਸ ਦਾ ਅਸਰ ਯਮੁਨਾ ਦੇ ਆਸ-ਪਾਸ ਦੇ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ।
ਕਰਨਾਲ ਦੇ ਇੰਦਰੀ ਕਸਬੇ 'ਚ ਕਰੀਬ ਅੱਧਾ ਦਰਜਨ ਪਿੰਡ ਪਾਣੀ ਦੀ ਮਾਰ ਹੇਠ ਹਨ। ਖੇਤਾਂ ਤੇ ਸੜਕਾਂ 'ਤੇ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਪ੍ਰੇਸ਼ਾਨ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਤੇ ਗੰਨੇ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਖੇਤਾਂ 'ਚ ਤਿੰਨ-ਤਿੰਨ ਫੁੱਟ ਪਾਣੀ ਖੜ੍ਹਾ ਹੈ।
ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਵੀ ਪਾਣੀ 'ਚ ਡੁੱਬਣ ਨਾਲ ਲੋਕਾਂ ਦਾ ਮੁੱਖ ਮਾਰਗਾਂ ਤੋਂ ਸੰਪਰਕ ਟੁੱਟ ਗਿਆ ਹੈ। ਯਮੁਨਾ 'ਚ ਪਾਣੀ ਚੜ੍ਹਨ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਹਾਲਾਂਕਿ ਪ੍ਰਸ਼ਾਸਨ ਨੇ ਇਸ 'ਤੇ ਨਜ਼ਰ ਬਣਾਈ ਹੋਈ ਹੈ ਤੇ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ।