Wayanad landslide: 126 ਮੌਤਾਂ, 116 ਲੋਕਾਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ, ਹਜ਼ਾਰਾਂ ਲੋਕ ਹੋਏ ਬੇਘਰ, 2 ਦਿਨ ਦੇ ਸਰਕਾਰੀ ਸੋਗ ਦਾ ਐਲਾਨ
Wayanad landslide: ਵਾਇਨਾਡ 'ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 126 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਚਾਅ ਕਾਰਜ ਮੰਗਲਵਾਰ ਰਾਤ ਨੂੰ ਰੋਕ ਦਿੱਤਾ ਗਿਆ ਹੈ ਅਤੇ ਬੁੱਧਵਾਰ ਸਵੇਰੇ ਦੁਬਾਰਾ ਸ਼ੁਰੂ ਕੀਤਾ ਜਾਵੇਗਾ।
Wayanad landslide: ਵਾਇਨਾਡ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 100 ਨੂੰ ਪਾਰ ਕਰ ਗਈ ਹੈ। ਹੁਣ ਤੱਕ 126 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਭਾਰੀ ਮੀਂਹ ਦੇ ਵਿਚਕਾਰ ਬਚਾਅ ਕਾਰਜ ਜਾਰੀ ਹੈ। 116 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੈਂਕੜੇ ਲੋਕ ਅਜੇ ਵੀ ਲਾਪਤਾ ਹਨ। ਪਿੰਡ ਦੇ ਪਿੰਡ ਰੁੜ੍ਹ ਗਏ ਹਨ। ਸਾਰੇ ਸੰਚਾਰ ਮਾਰਗ ਪਾਣੀ ਦੀ ਧਾਰਾ ਵਿੱਚ ਰਲ ਗਏ ਹਨ। ਜ਼ਮੀਨ ਖਿਸਕਣ ਕਾਰਨ ਹੋਈਆਂ ਵੱਡੀਆਂ ਮੌਤਾਂ 'ਤੇ ਦੁੱਖ ਪ੍ਰਗਟ ਕਰਦਿਆਂ ਹੋਇਆਂ ਕੇਰਲ ਸਰਕਾਰ ਨੇ ਦੋ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।
ਮੰਗਲਵਾਰ ਸਵੇਰੇ ਵਾਇਨਾਡ ਦੇ ਮੇਪਾਡੀ ਦੇ ਪਹਾੜੀ ਇਲਾਕੇ 'ਚ ਤਿੰਨ ਘੰਟਿਆਂ ਦੇ ਅੰਦਰ ਚਾਰ ਵੱਡੀਆਂ ਢਿੱਗਾਂ ਡਿੱਗਣ ਕਰਕੇ ਹਰ ਪਾਸੇ ਹੋਰ ਤਬਾਹੀ ਮਚ ਗਈ। ਜ਼ਮੀਨ ਖਿਸਕਣ ਕਾਰਨ ਮੁੰਡਕੱਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਵਿੱਚ ਸਭ ਤੋਂ ਵੱਧ ਤਬਾਹੀ ਹੋਈ। ਕੇਰਲ ਦੀ ਸਿਹਤ ਮੰਤਰੀ ਵੀਨਾ ਜੌਰਜ ਨੇ ਕਿਹਾ ਕਿ ਜ਼ਿਆਦਾਤਰ ਸੜਕਾਂ ਟੁੱਟ ਗਈਆਂ ਹਨ। ਕਈ ਪੁਲ ਰੁੜ੍ਹ ਗਏ ਹਨ। ਜ਼ਿਆਦਾਤਰ ਇਲਾਕਿਆਂ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਖ਼ਰਾਬ ਮੌਸਮ ਕਾਰਨ ਬਚਾਅ ਕਾਰਜਾਂ ਵਿੱਚ ਕੁਝ ਰੁਕਾਵਟ ਆ ਰਹੀਆਂ ਹਨ ਪਰ ਇਸ ਨੂੰ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਕੰਨੂਰ ਤੋਂ ਫੌਜ ਦੇ ਜਵਾਨ ਵਾਇਨਾਡ ਪਹੁੰਚ ਗਏ ਹਨ ਅਤੇ ਬਚਾਅ 'ਚ ਲੱਗੇ ਹੋਏ ਹਨ।
ਬਚਾਅ ਕਾਰਜ ਦੌਰਾਨ ਹੁਣ ਤੱਕ ਜ਼ਮੀਨ ਖਿਸਕਣ ਕਰਕੇ ਮਾਰੇ ਗਏ 126 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। 116 ਲੋਕਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਕੇਰਲ ਦੇ ਮੁੱਖ ਸਕੱਤਰ ਵੀ.ਵੇਣੂ ਨੇ 107 ਤੋਂ ਵੱਧ ਲਾਸ਼ਾਂ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਹਸਪਤਾਲਾਂ ਵਿੱਚ 70 ਤੋਂ ਵੱਧ ਲਾਸ਼ਾਂ ਪਹੁੰਚ ਚੁੱਕੀਆਂ ਹਨ। ਜਾਂਚ ਅਤੇ ਪੋਸਟਮਾਰਟਮ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਤੋਂ ਇਲਾਵਾ ਮਲੱਪੁਰਮ ਵਿਚ ਚਲਿਆਰ ਨਦੀ ਵਿਚੋਂ 16 ਲਾਸ਼ਾਂ ਕੱਢਣ ਦੀ ਸੂਚਨਾ ਮਿਲੀ ਹੈ।
ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਮੰਗਲਵਾਰ ਨੂੰ ਹੋਈ ਭਿਆਨਕ ਤਬਾਹੀ ਤੋਂ ਬਾਅਦ ਸੂਬੇ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਰਾਜ ਵਿੱਚ ਸਰਕਾਰੀ ਸੋਗ ਹੋਵੇਗਾ। ਜਲ ਸੈਨਾ ਨੇ ਮੁੱਖ ਮੰਤਰੀ ਵਿਜਯਨ ਦੀ ਬੇਨਤੀ 'ਤੇ ਵਾਇਨਾਡ 'ਚ ਲੋਕਾਂ ਨੂੰ ਬਚਾਉਣ ਲਈ ਕ੍ਰਾਸਿੰਗ ਟੀਮ ਭੇਜਣ ਦਾ ਫੈਸਲਾ ਕੀਤਾ ਹੈ। ਫੌਜ ਅਤੇ ਹਵਾਈ ਸੈਨਾ ਪਹਿਲਾਂ ਹੀ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ। ਇਹ ਲੋਕ NDRF ਅਤੇ SDRF ਦੀ ਮਦਦ ਕਰ ਰਹੇ ਹਨ। ਹਾਲਾਂਕਿ ਮੀਂਹ ਕਾਰਨ ਹਵਾਈ ਸੈਨਾ ਦੇ ਹੈਲੀਕਾਪਟਰ ਬਚਾਅ ਨਹੀਂ ਕਰ ਪਾ ਰਹੇ ਹਨ।