ਸਿੰਘੂ ਬਾਰਡਰ 'ਤੇ ਕੌਣ ਰਚ ਰਿਹਾ ਸਾਜਿਸ਼ਾਂ? ਆਖਰ ਅਸਲ ਸਾਜ਼ਿਸ਼ਕਾਰ ਕਿਵੇਂ ਹੋਣਗੇ ਬੇਨਕਾਬ?
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਲਖਬੀਰ ਸਿੰਘ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਸੀ ਤੇ ਬਹੁਤ ਗਰੀਬ ਸੀ।
ਚੰਡੀਗੜ੍ਹ: ਸਿੰਘੂ ਬਾਰਡਰ ਉੱਪਰ ਬੇਅਦਬੀ ਦੀ ਘਟਨਾ ਦੇ ਦੋਸ਼ ਵਿੱਚ ਨੌਜਵਾਨ ਦੇ ਕਤਲ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਕਿਸਾਨ ਜਥੇਬੰਦੀਆਂ ਤੇ ਕਈ ਸਿਆਸੀ ਪਾਰਟੀਆਂ ਇਸ ਨੂੰ ਵੱਡੀ ਸਾਜਿਸ਼ ਵਜੋਂ ਵੇਖ ਰਹੀਆਂ ਹਨ। ਨਿਹੰਗ ਮੁਖੀ ਬਾਬਾ ਅਮਨ ਸਿੰਘ ਦੀਆਂ ਬੀਜੇਪੀ ਲੀਡਰਾਂ ਨਾਲ ਮੀਟਿੰਗ ਨੇ ਹਾਲਾਤ ਹੋਰ ਗੁੰਝਲਦਾਰ ਬਣਾ ਦਿੱਤੇ ਹਨ। ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਇਸ ਪੂਰੇ ਮਾਮਲੇ ਦੀ ਜਾਂਚ ਮੰਗ ਰਹੀਆਂ ਹਨ ਪਰ ਸਵਾਲ ਇਹ ਹੈ ਕਿ ਜਾਂਚ ਕਰਵਾਏਗਾ ਕੌਣ?
ਇਸ ਬਾਰੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸਿੰਘੂ ਹੱਤਿਆ ਕਾਂਡ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਉਣ ਦੀ ਡੂੰਘੀ ਸਾਜ਼ਿਸ਼ ਜਾਪਦੀ ਹੈ। ਤਰਨ ਤਾਰਨ ਦੇ ਇੱਕ ਅਨੁਸੂਚਿਤ ਜਾਤੀ ਨਾਲ ਸਬੰਧਤ ਮਜ਼ਦੂਰ ਦੇ ਕਤਲ ਦੀ ਮੌਜੂਦਾ ਘਟਨਾ ਤੇ ਮੀਡੀਆ ’ਚ ਹੋਏ ਤਾਜ਼ਾ ਖੁਲਾਸਿਆਂ ਦਾ ਜ਼ਿਕਰ ਕਰਦਿਆਂ ਉੱਪ ਮੁੱਖ ਮੰਤਰੀ ਨੇ ਪੂਰਨ ਨਿਆਂ ਦਿਵਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਸਰਕਾਰ ਮਾਮਲੇ ਦੀ ਡੂੰਘਾਈ ਤੱਕ ਪਹੁੰਚੇਗੀ ਤੇ ਇਸ ਘਟਨਾ ਦੇ ਅਸਲ ਸਾਜ਼ਿਸ਼ਕਾਰਾਂ ਨੂੰ ਬੇਨਕਾਬ ਕਰੇਗੀ।
ਨਿਹੰਗ ਆਗੂਆਂ ਵਿੱਚੋਂ ਇੱਕ ਨਿਹੰਗ ਆਗੂ ਦੇ ਭਾਰਤ ਸਰਕਾਰ, ਖਾਸ ਕਰਕੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਸਬੰਧ ਹੋਣ ਬਾਰੇ ਹਾਲ ਹੀ ਵਿੱਚ ਹੋਏ ਖੁਲਾਸਿਆਂ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਇਸ ਹੱਤਿਆ ਕਾਂਡ ਨੇ ਹੁਣ ਬਿਲਕੁਲ ਵੱਖਰਾ ਮੋੜ ਲੈ ਲਿਆ ਹੈ। ਉਹੀ ਨਿਹੰਗ ਆਗੂ ਹੁਣ ਲਖਬੀਰ ਸਿੰਘ ਦੀ ਹੱਤਿਆ ਦੇ ਮੁੱਖ ਦੋਸ਼ੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਲਖਬੀਰ ਸਿੰਘ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਸੀ ਤੇ ਬਹੁਤ ਗਰੀਬ ਸੀ। ਉਨ੍ਹਾਂ ਕਿਹਾ ਕਿ ਸਾਨੂੰ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਉਸ ਨੂੰ ਸਿੰਘੂ ਸਰਹੱਦ ’ਤੇ ਕੌਣ ਲੈ ਕੇ ਗਿਆ ਸੀ ਤੇ ਕਿਸ ਨੇ ਦਿਲੀ ਤੱਕ ਉਸ ਦੀ ਯਾਤਰਾ ਦਾ ਖਰਚ ਕੀਤਾ ਸੀ ਕਿਉਂਕਿ ਉਸ ਕੋਲ ਆਪਣੀ ਰੋਟੀ ਲਈ ਵੀ ਪੈਸੇ ਨਹੀਂ ਸਨ। ਉਨ੍ਹਾਂ ਸਥਾਨਕ ਪ੍ਰਸਾਸਨ ਨੂੰ ਉਨ੍ਹਾਂ ਕਾਰਨਾਂ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਹੈ।
ਇਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਿੰਘੂ ਕਤਲ ਕਾਂਡ ਪਿੱਛੇ ਕੇਂਦਰ ਦੀਆਂ ਖੁਫੀਆ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਇੱਕ ਧਰਮ ਵਿਸ਼ੇਸ਼ ਦਾ ਅੰਦੋਲਨ ਸਿੱਧ ਕਰਨ ਤੇ ਸਿੱਖਾਂ ਤੇ ਨਿਹੰਗ ਜਥੇਬੰਦੀਆਂ ਵਿੱਚ ਪਾੜਾ ਪਾਉਣ ਦੀ ਸਾਜ਼ਿਸ਼ ਰਚ ਰਹੀ ਹੈ।
ਜਾਖੜ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਨਾਲ ਹੋਈ ਮੀਟਿੰਗ ਦੀਆਂ ਜਨਤਕ ਹੋਈਆਂ ਤਸਵੀਰਾਂ ਵਿੱਚ ਇੱਕ ਸਾਬਕਾ ਪੁਲਿਸ ਕੈਟ ਪਿੰਕੀ ਦੀ ਹਾਜ਼ਰੀ ਤੇ ਪਿਛਲੇ ਦਿਨਾਂ ਦੌਰਾਨ ਇੱਕ ਤੋਂ ਬਾਅਦ ਇੱਕ ਸਿਲਸਿਲੇਵਾਰ ਵਾਪਰੀਆਂ ਘਟਨਾਵਾਂ ਸਿੱਧ ਕਰਦੀਆਂ ਹਨ ਕਿ ਕੇਂਦਰ ਸਰਕਾਰ ਪੰਜਾਬ ’ਚ ਅਮਨ ਭੰਗ ਕਰਨ ਲਈ ਸਾਜ਼ਿਸ਼ਾਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਕਿਸਾਨਾਂ ਦੇ ਧਰਮ ਨਿਰਪੱਖ ਸੰਘਰਸ਼ ਨੂੰ ਸਿੱਖਾਂ ਦਾ ਸੰਘਰਸ਼ ਐਲਾਨਿਆ ਜਾਵੇ।