Wrestlers Protest: '... ਉਹ ਘਟੀਆ ਹਾਸਾ ਦਿਮਾਗ ‘ਚ ਆ ਗਿਆ’, ਯੋਗੇਸ਼ਵਰ ਦੱਤ ਤੇ ਬ੍ਰਿਜਭੂਸ਼ਣ ਸਿੰਘ ‘ਤੇ ਭੜਕੀ ਵਿਨੇਸ਼ ਫੋਗਾਟ
Yogeshwar Dutt On Wrestlers: ਵਿਨੇਸ਼ ਫੋਗਾਟ ਨੇ ਦੋਸ਼ ਲਾਇਆ ਕਿ ਯੋਗੇਸ਼ਵਰ ਦੱਤ ਨੇ ਪਹਿਲਾਂ ਕਿਸਾਨਾਂ, ਵਿਦਿਆਰਥੀਆਂ, ਸਿੱਖਾਂ ‘ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ ਅਤੇ ਹੁਣ ਮਹਿਲਾ ਪਹਿਲਵਾਨਾਂ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ।
Vinesh Phogat On Yogeshwar Dutt: ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਧਰਨਾ ਦੇਣ ਵਾਲੇ 6 ਪਹਿਲਵਾਨਾਂ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਾਂ 'ਚ ਦਿੱਤੀ ਗਈ ਛੋਟ 'ਤੇ ਸਵਾਲ ਚੁੱਕੇ ਹਨ। ਜਿਸ 'ਤੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਭੜਕ ਗਈ ਹੈ। ਉਨ੍ਹਾਂ ਨੇ ਸ਼ੁੱਕਰਵਾਰ (23 ਜੂਨ) ਨੂੰ ਕਿਹਾ ਕਿ ਜਦੋਂ ਉਨ੍ਹਾਂ ਨੇ ਯੋਗੇਸ਼ਵਰ ਦੱਤ ਦੀ ਵੀਡੀਓ ਸੁਣੀ ਤਾਂ ਉਨ੍ਹਾਂ ਦੇ ਦਿਮਾਗ 'ਚ ਉਹ ਘਟੀਆ ਹਾਸਾ ਆ ਗਿਆ। ਉਹ ਮਹਿਲਾ ਪਹਿਲਵਾਨਾਂ ਲਈ ਬਣਾਈਆਂ ਗਈਆਂ ਦੋਵੇਂ ਕਮੇਟੀਆਂ ਦਾ ਹਿੱਸਾ ਸਨ।
ਵਿਨੇਸ਼ ਨੇ ਟਵੀਟ ਕਰਕੇ ਦੋਸ਼ ਲਾਇਆ ਕਿ ਜਦੋਂ ਮਹਿਲਾ ਪਹਿਲਵਾਨਾਂ ਕਮੇਟੀ ਦੇ ਸਾਹਮਣੇ ਆਪਣੀ ਆਪਬੀਤੀ ਦੱਸ ਰਹੀਆਂ ਸਨ ਤਾਂ ਉਹ ਬਹੁਤ ਘਟੀਆ ਤਰੀਕੇ ਨਾਲ ਹੱਸਣ ਲੱਗ ਜਾਂਦੇ ਸਨ। ਜਦੋਂ ਦੋ ਮਹਿਲਾ ਪਹਿਲਵਾਨ ਪਾਣੀ ਪੀਣ ਲਈ ਬਾਹਰ ਆਈਆਂ ਤਾਂ ਉਹ ਬਾਹਰ ਆ ਕੇ ਉਨ੍ਹਾਂ ਨੂੰ ਕਹਿਣ ਲੱਗੇ ਕਿ ਬ੍ਰਿਜਭੂਸ਼ਣ ਨੂੰ ਕੁਝ ਨਹੀਂ ਹੋਵੇਗਾ, ਜਾ ਕੇ ਪ੍ਰੈਕਟਿਸ ਕਰੋ। ਇੱਕ ਹੋਰ ਮਹਿਲਾ ਪਹਿਲਵਾਨ ਨੂੰ ਬੜੇ ਭੱਦੇ ਤਰੀਕੇ ਨਾਲ ਕਿਹਾ ਕਿ ਇਹ ਸਭ ਚੱਲਦਾ ਰਹਿੰਦਾ ਹੈ, ਇਸ ਨੂੰ ਇੰਨਾ ਵੱਡਾ ਮੁੱਦਾ ਨਾ ਬਣਾਓ।
ਵਿਨੇਸ਼ ਫੋਗਾਟ ਨੇ ਯੋਗੇਸ਼ਵਰ ‘ਤੇ ਲਾਏ ਦੋਸ਼
ਮਹਿਲਾ ਪਹਿਲਵਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਤੁਹਾਨੂੰ ਕੁਝ ਚਾਹੀਦਾ ਹੈ ਤਾਂ ਮੈਨੂੰ ਦੱਸੋ। ਕਮੇਟੀ ਦੀ ਬੈਠਕ ਤੋਂ ਬਾਅਦ ਯੋਗੇਸ਼ਵਰ ਨੇ ਬ੍ਰਿਜਭੂਸ਼ਣ ਅਤੇ ਮੀਡੀਆ ਨੂੰ ਮਹਿਲਾ ਪਹਿਲਵਾਨਾਂ ਦੇ ਨਾਂ ਲੀਕ ਕਰ ਦਿੱਤੇ। ਉਨ੍ਹਾਂ ਨੇ ਕਈ ਮਹਿਲਾ ਪਹਿਲਵਾਨਾਂ ਦੇ ਘਰ ਫੋਨ ਕਰਕੇ ਇਹ ਵੀ ਕਿਹਾ ਆਪਣੀ ਕੁੜੀ ਨੂੰ ਸਮਝਾ ਲਓ। ਉਹ ਪਹਿਲਾਂ ਹੀ ਸ਼ਰੇਆਮ ਮਹਿਲਾ ਪਹਿਲਵਾਨਾਂ ਵਿਰੁੱਧ ਬਿਆਨ ਦੇ ਰਹੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਦੋਵਾਂ ਕਮੇਟੀਆਂ ਵਿਚ ਰੱਖਿਆ ਗਿਆ।
“ਇਸ ਕਰਕੇ 2 ਵਾਰ ਚੋਣਾਂ ਹਾਰੇ”
ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪਹਿਲਵਾਨਾਂ ਅਤੇ ਕੋਚਾਂ ਨੂੰ ਮਹਿਲਾ ਪਹਿਲਵਾਨਾਂ ਦੀ ਲਹਿਰ ਵਿੱਚ ਸ਼ਾਮਲ ਹੋਣ ਤੋਂ ਰੋਕਦੇ ਰਹੇ। ਸਾਰਾ ਕੁਸ਼ਤੀ ਜਗਤ ਸਮਝ ਗਿਆ ਸੀ ਕਿ ਯੋਗੇਸ਼ਵਰ ਬ੍ਰਿਜਭੂਸ਼ਣ ਦੀ ਥਾਲੀ ਦਾ ਜੁੱਠਾ ਖਾ ਰਹੇ ਸੀ। ਜੇਕਰ ਕੋਈ ਸਮਾਜ ਵਿੱਚ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਚੁੱਕਦਾ ਹੈ ਤਾਂ ਯੋਗੇਸ਼ਵਰ ਜ਼ਰੂਰ ਉਲਟੀਆਂ ਕਰਦੇ ਹਨ। ਸਮਾਜ ਵਿੱਚ ਗੱਦਾਰੀ ਕਰਕੇ ਦੋ ਵਾਰ ਚੋਣਾਂ ਵਿੱਚ ਹਾਰ ਗਏ ਹਨ ਅਤੇ ਮੈਂ ਚੈਲੇਂਜ ਕਰਦੀ ਹਾਂ ਕਿ ਕਦੇ ਜ਼ਿੰਦਗੀ ਵਿੱਚ ਚੋਣਾਂ ਨਹੀਂ ਜਿੱਤਣਗੇ, ਕਿਉਂਕਿ ਸਮਾਜ ਜ਼ਹਿਰੀਲੇ ਨਾਗ ਤੋਂ ਹਮੇਸ਼ਾ ਬਚ ਕੇ ਰਹਿੰਦਾ ਹੈ ਅਤੇ ਉਸ ਦੇ ਪੈਰ ਨਹੀਂ ਲੱਗਣ ਦਿੰਦਾ।
ਵਿਨੇਸ਼ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ਨੂੰ ਤੋੜਨ ਲਈ ਇੰਨਾ ਜ਼ੋਰ ਨਾ ਲਗਾਓ, ਉਨ੍ਹਾਂ ਦੇ ਇਰਾਦੇ ਬਹੁਤ ਮਜ਼ਬੂਤ ਹਨ। ਧਿਆਨ ਰੱਖਿਓ ਕਿਤੇ ਜ਼ਿਆਦਾ ਜ਼ੋਰ ਲਗਾਉਣ ਦੇ ਚੱਕਰ ਵਿੱਚ ਕਮਰ ਨਾ ਟੁੱਟ ਜਾਵੇ। ਰੀੜ੍ਹ ਤਾਂ ਪਹਿਲਾਂ ਹੀ ਬ੍ਰਿਜਭੂਸ਼ਣ ਦੇ ਪੈਰਾਂ ਵਿੱਚ ਰੱਖ ਚੁੱਕੇ ਹੋ। ਤੁਸੀਂ ਬਹੁਤ ਅਸੰਵੇਦਨਸ਼ੀਲ ਵਿਅਕਤੀ ਹੋ। ਜਿੰਨਾ ਚਿਰ ਯੋਗੇਸ਼ਵਰ ਵਰਗਾ ਜੈਚੰਦ ਕੁਸ਼ਤੀ ਵਿੱਚ ਰਹੇਗਾ, ਯਕੀਨਨ ਜ਼ਾਲਮਾਂ ਦੇ ਹੌਸਲੇ ਬੁਲੰਦ ਰਹਿਣਗੇ।
ਇਨ੍ਹਾਂ ਪਹਿਲਵਾਨਾਂ ਨੂੰ ਮਿਲੀ ਛੋਟ
ਭਾਰਤੀ ਓਲੰਪਿਕ ਸੰਘ ਦੀ ਕਮੇਟੀ ਨੇ ਆਗਾਮੀ ਏਸ਼ੀਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਚੋਣ ਪ੍ਰਕਿਰਿਆ ਨੂੰ ਘਟਾ ਕੇ ਛੇ ਅੰਦੋਲਨਕਾਰੀ ਪਹਿਲਵਾਨਾਂ ਲਈ ਸਿਰਫ ਇੱਕ ਮੁਕਾਬਲੇ ਦੀ ਪ੍ਰਕਿਰਿਆ ਕਰ ਦਿੱਤਾ ਹੈ। ਇਨ੍ਹਾਂ ਪਹਿਲਵਾਨਾਂ ਨੂੰ ਇਨ੍ਹਾਂ ਦੋਵਾਂ ਮੁਕਾਬਲਿਆਂ ਲਈ ਭਾਰਤੀ ਟੀਮ ਵਿੱਚ ਥਾਂ ਬਣਾਉਣ ਲਈ ਸਿਰਫ਼ ਟਰਾਇਲਾਂ ਦੇ ਜੇਤੂਆਂ ਨੂੰ ਹਰਾਉਣ ਦੀ ਲੋੜ ਹੋਵੇਗੀ। ਛੇ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ, ਸੰਗੀਤਾ ਫੋਗਾਟ, ਸਤਿਆਵਰਤ ਕਾਦਿਆਨ ਅਤੇ ਜਤਿੰਦਰ ਕਿਨਹਾ ਨੂੰ ਇਹ ਛੋਟ ਦਿੱਤੀ ਗਈ ਹੈ।
ਯੋਗੇਸ਼ਵਰ ਦੱਤ ਨੇ ਕੀ ਕਿਹਾ?
ਇਸ ਫੈਸਲੇ 'ਤੇ ਸਵਾਲ ਚੁੱਕਦੇ ਹੋਏ ਯੋਗੇਸ਼ਵਰ ਦੱਤ ਨੇ ਕਿਹਾ ਕਿ ਕੀ ਇਹ ਧਰਨਾ ਦੇਣ ਵਾਲੇ ਖਿਡਾਰੀਆਂ ਦਾ ਉਦੇਸ਼ ਸੀ? ਇਹ ਕੁਸ਼ਤੀ ਲਈ ਕਾਲਾ ਦਿਨ ਹੈ। ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕੀਤੀ ਇਕ ਵੀਡੀਓ ਵਿਚ ਦੱਤ ਨੇ ਸਵਾਲ ਕੀਤਾ ਕਿ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ, ਸੰਗੀਤਾ ਫੋਗਾਟ, ਸਤਿਆਵਰਤ ਕਾਦਿਆਨ ਅਤੇ ਜਤਿੰਦਰ ਕਿਨਹਾ ਨੂੰ ਕਿਉਂ ਛੋਟ ਦਿੱਤੀ ਗਈ ਹੈ ਜਦੋਂ ਕਿ ਉਨ੍ਹਾਂ ਦੇ ਹਾਲੀਆ ਪ੍ਰਦਰਸ਼ਨ ਦੇ ਆਧਾਰ 'ਤੇ ਕਿਤੇ ਜ਼ਿਆਦਾ ਯੋਗ ਪਹਿਲਵਾਨ ਮੌਜੂਦ ਹਨ। ਇਹ ਬਿਲਕੁਲ ਗਲਤ ਹੈ।
ਇਹ ਵੀ ਪੜ੍ਹੋ: ਜੇਕਰ ਬਿਜਲੀ ਦਾ ਬਿੱਲ ਆਉਂਦਾ ਵੱਧ, ਤਾਂ ਇਨ੍ਹਾਂ 3 ਚੀਜ਼ਾਂ ‘ਚ ਕਰੋ ਬਦਲਾਅ, ਹੋ ਜਾਵੇਗਾ ਅੱਧਾ