ਹੁਣ ਬੀਜੇਪੀ ਨੂੰ ਇੰਝ ਸਬਕ ਸਿਖਾਉਣਗੇ ਕਿਸਾਨ, ਯੋਗੇਂਦਰ ਯਾਦਵ ਨੇ ਦੱਸੀ ਯੋਜਨਾ
ਯੋਗੇਂਦਰ ਯਾਦਵ ਨੇ ਕਿਹਾ ਕਿ ਰਾਜਸਥਾਨ ਦੇ ਸੀਕਰ ’ਚ ਕਿਸਾਨਾਂ ਦੀ ਮਹਾਂਪੰਚਾਇਤ ਬਹੁਤ ਕਾਮਯਾਬ ਰਹੀ। ਸਰਕਾਰ ਅੰਦੋਲਨ ਨੂੰ ਦਬਾਉਣ ਦੀ ਜਿੰਨੀ ਵੀ ਕੋਸ਼ਿਸ਼ ਕਰੇਗੀ, ਇਹ ਓਨਾ ਹੀ ਫੈਲੇਗਾ।
ਨਵੀਂ ਦਿੱਲੀ: ‘ਸਵਰਾਜ ਇੰਡੀਆ’ ਦੇ ਮੁਖੀ ਯੋਗੇਂਦਰ ਯਾਦਵ (Swaraj India Yogendra Yadav) ਨੇ ਐਲਾਨ ਕੀਤਾ ਹੈ ਕਿ ਮੋਦੀ ਸਰਕਾਰ ਵੋਟਾਂ ਦੀ ਭਾਸ਼ਾ ਹੀ ਜਾਣਦੀ ਹੈ। ਇਸੇ ਲਈ ਅਸੀਂ ਆਸਾਮ ਤੇ ਪੱਛਮੀ ਬੰਗਾਲ ਜਾਵਾਂਗੇ ਤੇ ਉੱਥੋਂ ਦੀ ਜਨਤਾ ਨੂੰ ਭਾਜਪਾ ਨੂੰ ਸਬਕ ਸਿਖਾਉਣ ਦੀ ਅਪੀਲ ਕਰਾਂਗੇ। ਉਨ੍ਹਾਂ ਕਿਸਾਨ ਅੰਦੋਲਨ (Farmers Protest) ਕਮਜ਼ੋਰ ਪੈਣ ਦੇ ਦਾਅਵਿਆਂ ਨੂੰ ਗ਼ਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੈਮਰੇ ਦਾ ਫ਼ੋਕਸ ਕਿਤੇ ਹੋਰ ਹੈ। ਬੱਸ ਅੰਦੋਲਨ ਨੂੰ ਕਮਜ਼ੋਰ ਵਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ।
ਯੋਗੇਂਦਰ ਯਾਦਵ ਨੇ ਕਿਹਾ ਕਿ ਰਾਜਸਥਾਨ ਦੇ ਸੀਕਰ ’ਚ ਕਿਸਾਨਾਂ ਦੀ ਮਹਾਂਪੰਚਾਇਤ ਬਹੁਤ ਕਾਮਯਾਬ ਰਹੀ। ਸਰਕਾਰ ਅੰਦੋਲਨ ਨੂੰ ਦਬਾਉਣ ਦੀ ਜਿੰਨੀ ਵੀ ਕੋਸ਼ਿਸ਼ ਕਰੇਗੀ, ਇਹ ਓਨਾ ਹੀ ਫੈਲੇਗਾ। ਅੰਦੋਲਨ ਦਾ ਵਿਸਥਾਰ ਤੇਜ਼ੀ ਨਾਲ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਹੁੰਦਾ ਜਾ ਰਿਹਾ ਹੈ। ਕਿਸਾਨ ਇਸ ਅੰਦੋਲਨ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।
ਉਨ੍ਹਾਂ ਮੰਨਿਆ ਕਿਸਾਨ ਅੰਦੋਲਨ ਨਾਲ ਕੁਝ ਹੱਦ ਤੱਕ ਹਮਦਰਦੀ ਘਟੀ ਜ਼ਰੂਰ ਸੀ ਪਰ ਬਾਅਦ ’ਚ ਸੱਚ ਸਭ ਦੇ ਸਾਹਮਣੇ ਆ ਗਿਆ। ਯੋਗੇਂਦਰ ਯਾਦਵ ਦਰਅਸਲ ਇੱਥੇ ਬੀਤੀ 26 ਜਨਵਰੀ ਨੂੰ ਲਾਲ ਕਿਲੇ ’ਤੇ ਵਾਪਰੀ ਹਿੰਸਕ ਘਟਨਾ ਦਾ ਜ਼ਿਕਰ ਕਰ ਰਹੇ ਸਨ।
ਫਿਰ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਉਹ ਦਾਗ਼ ਧੋ ਦਿੱਤੇ ਤੇ ਗ਼ਾਜ਼ੀਪੁਰ ’ਚ ਬਾਜ਼ੀ ਪਲਟ ਗਈ। ਯੋਗੇਂਦਰ ਯਾਦਵ ਨੇ ਕਿਹਾ ਕਿ ਇਸ ਅੰਦੋਲਨ ’ਚ ਰਾਕੇਸ਼ ਟਿਕੈਤ ਦਾ ਵੱਡਾ ਯੋਗਦਾਨ ਹੈ ਤੇ ਵਿਰੋਧ ਪ੍ਰਦਰਸ਼ਨ ਦੇ ਚੌਥੇ ਗੇੜ ਵਿੱਚ ਚੁਣੌਤੀ ਹੈ ਕਿ ਕਿਵੇਂ ਇਹ ਅੰਦੋਲਨ ਦੇਸ਼ ਦੇ ਕੋਨੇ-ਕੋਨੇ ਤੱਕ ਪੁੱਜੇ।
ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਭਾਵ ਐਮਐਸਪੀ ਦੇ ਸੁਆਲ ਨੂੰ ਵੱਡੇ ਪੱਧਰ ਉੱਤੇ ਚੁੱਕਣਾ ਹੈ ਤੇ ਇਸ ਸਬੰਧੀ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਨ ਦਾ ਸਮਾਂ ਆ ਗਿਆ ਹੈ।