ਭਾਰਤੀ ਨੇ ਕੈਨੇਡੀਅਨ ਸਕੂਲਾਂ ਨੂੰ ਸਿਲੇਬਸ ’ਚੋਂ ਕਿਸਾਨ ਅੰਦੋਲਨ ਦਾ ਕੰਟੈਂਟ ਹਟਾਉਣ ਲਈ ਕਿਹਾ
ਕੈਨੇਡੀਅਨ ਮਹਾਂਨਗਰ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਓਂਟਾਰੀਓ ਸੂਬੇ ਦੀ ਸਰਕਾਰ ਨੂੰ ਚਿੱਠੀ ਲਿਖ ਕੇ ਸਕੂਲੀ ਸਿਲੇਬਸ ਵਿੱਚੋਂ ਭਾਰਤ ਦੇ ਕਿਸਾਨ ਅੰਦੋਲਨ ਬਾਰੇ ਸਮੱਗਰੀ (ਕੰਟੈਂਟ) ਹਟਾਉਣ ਲਈ ਕਿਹਾ ਹੈ। ਬੀਤੀ 11 ਮਾਰਚ ਨੂੰ ਲਿਖੀ ਚਿੱਠੀ (ਜਿਸ ਬਾਰੇ ਜਾਣਕਾਰੀ ਹੁਣ ਮਿਲੀ ਹੈ) ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਹੈ ਕਿ ਕੈਨੇਡੀਅਨ ਸੂਬੇ ਓਂਟਾਰੀਓ ਦੇ ਪੀਲ, ਟੋਰਾਂਟੋ ਤੇ ਯਾਰਕ ਜ਼ਿਲ੍ਹਿਆਂ ਦੇ ਸਕੂਲੀ ਸਿਲੇਬਸ ਵਿੱਚੋਂ ਭਾਰਤੀ ਕਿਸਾਨ ਅੰਦੋਲਨ ਬਾਰੇ ਸਮੱਗਰੀ ਹਟਾ ਦਿੱਤੀ ਜਾਵੇ ਕਿਉਂਕਿ ਉਸ ਵਿੱਚ ‘ਝੂਠੀ ਤੇ ਨਫ਼ਰਤ ਫੈਲਾਉਣ ਵਾਲੀ’ ਜਾਣਕਾਰੀ ਮੌਜੂਦ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਕੈਨੇਡੀਅਨ ਮਹਾਂਨਗਰ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਓਂਟਾਰੀਓ ਸੂਬੇ ਦੀ ਸਰਕਾਰ ਨੂੰ ਚਿੱਠੀ ਲਿਖ ਕੇ ਸਕੂਲੀ ਸਿਲੇਬਸ ਵਿੱਚੋਂ ਭਾਰਤ ਦੇ ਕਿਸਾਨ ਅੰਦੋਲਨ ਬਾਰੇ ਸਮੱਗਰੀ (ਕੰਟੈਂਟ) ਹਟਾਉਣ ਲਈ ਕਿਹਾ ਹੈ। ਬੀਤੀ 11 ਮਾਰਚ ਨੂੰ ਲਿਖੀ ਚਿੱਠੀ (ਜਿਸ ਬਾਰੇ ਜਾਣਕਾਰੀ ਹੁਣ ਮਿਲੀ ਹੈ) ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਹੈ ਕਿ ਕੈਨੇਡੀਅਨ ਸੂਬੇ ਓਂਟਾਰੀਓ ਦੇ ਪੀਲ, ਟੋਰਾਂਟੋ ਤੇ ਯਾਰਕ ਜ਼ਿਲ੍ਹਿਆਂ ਦੇ ਸਕੂਲੀ ਸਿਲੇਬਸ ਵਿੱਚੋਂ ਭਾਰਤੀ ਕਿਸਾਨ ਅੰਦੋਲਨ ਬਾਰੇ ਸਮੱਗਰੀ ਹਟਾ ਦਿੱਤੀ ਜਾਵੇ ਕਿਉਂਕਿ ਉਸ ਵਿੱਚ ‘ਝੂਠੀ ਤੇ ਨਫ਼ਰਤ ਫੈਲਾਉਣ ਵਾਲੀ’ ਜਾਣਕਾਰੀ ਮੌਜੂਦ ਹੈ।
ਦੱਸ ਦੇਈਏ ਕਿ ਪਿਛਲੇ 7 ਮਹੀਨਿਆਂ ਤੋਂ ਭਾਰਤ ਦੇ ਕਿਸਾਨ ਅੰਦੋਲਨ ਦੇ ਰਾਹ ਪਏ ਹੋਏ ਹਨ। ਉਹ ਦਿੱਲੀ ਦੀਆਂ ਬਰੂਹਾਂ ਉੱਤੇ ਧਰਨਿਆਂ ਉੱਤੇ ਬੈਠੇ ਹਨ। ਉਨ੍ਹਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਵਰ੍ਹੇ ਜਿਹੜੇ ਤਿੰਨ ਨਵੇਂ ਖੇਤੀ ਕਾਨੂੰਨ ਲਾਗੂ ਕੀਤੇ ਸਨ, ਉਹ ਤੁਰੰਤ ਰੱਦ ਕਰ ਦਿੱਤੇ ਜਾਣ ਕਿਉਂਕਿ ਕਿਸਾਨਾਂ ਦੇ ਵਿਰੁਧੀ ਤੇ ਸਰਮਾਏਦਾਰ ਤਾਕਤਾਂ ਦੇ ਪੱਖੀ ਹਨ। ਇਸ ਅੰਦੋਲਨ ਵਿੱਚ ਜ਼ਿਆਦਾਤਰ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਮੌਜੂਦ ਹਨ।
ਇਹ ਗੱਲ ਵੀ ਗ਼ੌਰ ਕਰਨ ਵਾਲੀ ਹੈ ਕਿ ਕੌਂਸਲੇਟ ਜਨਰਲ ਨੇ ਓਂਟਾਰੀਓ ਦੇ ਜਿਹੜੇ ਤਿੰਨ ਜ਼ਿਲ੍ਹਿਆਂ ਪੀਲ, ਟੋਰਾਂਟੋ ਤੇ ਯਾਰਕ ਦੀ ਗੱਲ ਕੀਤੀ ਹੈ; ਪ੍ਰਵਾਸੀ ਪੰਜਾਬੀਆਂ ਦੀ ਆਬਾਦੀ ਵੀ ਇਨ੍ਹਾਂ ਹੀ ਇਲਾਕਿਆਂ ’ਚ ਵਧੇਰੇ ਹੈ। ਕੌਂਸਲੇਟ ਜਨਰਲ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਸਕੂਲਾਂ ਦੇ ਸਿਲੇਬਸ ਵਿੱਚ ਕਿਸਾਨ ਅੰਦੋਲਨ ਬਾਰੇ ਜਿਹੜੀ ਗ਼ਲਤ ਕਿਸਮ ਦੀ ਸਮੱਗਰੀ ਦਰਜ ਕੀਤੀ ਗਈ ਹੈ, ਉਹ ਧਰੁਵੀਕਰਣ ਵੱਲ ਲਿਜਾਂਦੀ ਹੈ ਅਤੇ ‘ਭਾਰਤ ਖ਼ਿਲਾਫ਼ ਨਫ਼ਰਤ ਫੈਲਾਉਂਦੀ ਹੈ।’
ਕੌਂਸਲੇਟ ਜਨਰਲ ਨੇ ਇਸ ਨੂੰ ਬਹੁਤ ਹੀ ਗੰਭੀਰ ਮਾਮਲਾ ਦੱਸਦਿਆਂ ਇਸ ਨੂੰ ਭਾਰਤ ਤੇ ਕੈਨੇਡਾ ਵਿਚਾਲੇ ਨਿੱਘੇ ਦੋਸਤਾਨਾ ਸਬੰਧ ਖ਼ਰਾਬ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕੁਝ ਸਮਾਜ ਵਿਰੋਧੀ ਅਨਸਰ ਆਪਣੇ ਸੌੜੇ ਹਿਤਾਂ ਵਾਲਾ ਏਜੰਡਾ ਅੱਗੇ ਵਧਾਉਣਾ ਚਾਹ ਰਹੇ ਹਨ। ਇਹ ਚਿੱਠੀ ਭਾਵੇਂ ਤਿੰਨ ਮਹੀਨੇ ਪਹਿਲਾਂ ਲਿਖੀ ਗਈ ਸੀ ਪਰ ਸੋਸ਼ਲ ਮੀਡੀਆ ਉੱਤੇ ਕੁਝ ਯੂਜ਼ਰਜ਼ ਨੇ ਹੁਣ ਇਸ ਨੂੰ ਸ਼ੇਅਰ ਕੀਤਾ ਹੈ ਅਤੇ ਸਕ੍ਰੌਲ ਡਾਟ ਇਨ ਨੇ ਇਸ ਬਾਰੇ ਖ਼ਬਰ ਵੀ ਪ੍ਰਕਾਸ਼ਿਤ ਕੀਤੀ ਹੈ।
ਕੌਂਸਲੇਟ ਜਨਰਲ ਨੇ ਚਿੱਠੀ ਵਿੱਚ ਅੱਗੇ ਇਹ ਵੀ ਲਿਖਿਆ ਹੈ ਕਿ ਜਿਹੜੇ ਸਕੂਲਾਂ ਦੇ ਸਿਲੇਬਸ ਵਿੱਚ ਭਾਰਤੀ ਕਿਸਾਨ ਅੰਦੋਲਨ ਨਾਲ ਸਬੰਧਤ ਸਮੱਗਰੀ ਸ਼ਾਮਲ ਕੀਤੀ ਗਈ ਹੈ, ਉੱਥੇ ਪੜ੍ਹਦੇ ਕੁਝ ਬੱਚਿਆਂ ਦੇ ਮਾਪਿਆਂ ਨੇ ਕੌਂਸਲੇਟ ਦਫ਼ਤਰ ਵਿੱਚ ਸ਼ਿਕਾਇਤ ਕੀਤੀ ਹੈ। ਚਿੱਠੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਾਪਿਆਂ ਨੇ ਇਹ ਸ਼ਿਕਾਇਤ ਵੀ ਕੀਤੀ ਹੈ ਕਿ ਪਾਠਕ੍ਰਮ (ਸਿਲੇਬਸ) ਵਿੱਚ ਦਰਜ ਉਸ ਸਮੱਗਰੀ ਕਾਰਣ ਉਨ੍ਹਾਂ ਦੇ ਬੱਚਿਆਂ ਨੂੰ ‘ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਨੂੰ ਬਿਨਾ ਵਜ੍ਹਾ ਪਰੇਸ਼ਾਨ ਕੀਤਾ ਜਾਂਦਾ ਹੈ।’
ਇਸ ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੈ, ‘ਇਹ ਮਾਮਲਾ ਇੰਨਾ ਗੰਭੀਰ ਹੈ ਕਿ ਇਸ ਨਾਲ ਭਾਰਤ ਤੇ ਉਨਟਾਰੀਓ ਵਿਚਲੇ ਦੁਵੱਲੇ ਸਬੰਧਾਂ ਵਿੱਚ ਜ਼ਹਿਰ ਭਰ ਸਕਦਾ ਹੈ।’ ਇਸ ਦੌਰਾਨ ਕੈਨੇਡੀਅਨ ਸਕੂਲਾਂ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੜ੍ਹਦੇ ਬੱਚਿਆਂ ਦੇ ਪਰਿਵਾਰਕ ਮੈਂਬਰ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਭਾਗ ਲੈ ਰਹੇ ਹਨ, ਇਸ ਲਈ ਉਹ ਇਸ ਅੰਦੋਲਨ ਬਾਰੇ ਪੜ੍ਹਨਾ ਚਾਹੁੰਦੇ ਹਨ ਤੇ ਸਹੀ ਤੱਥ ਜਾਣਨਾ ਹੁੰਦੇ ਹਨ।
ਬਰੈਂਪਟਨ ਹਾਈ ਸਕੂਲ ਦੀ ਅਧਿਆਪਕਾ ਸਿੰਮੀ ਜਸਵਾਲ ਨੇ ‘ਸੀਬੀਸੀ ਨਿਊਜ਼’ ਨਾਲ ਗੱਲਬਾਤ ਦੌਰਾਨ ਆਖਿਆ ਕਿ ਜਿਹੜੀਆਂ ਆਵਾਜ਼ਾਂ ਨੂੰ ਦਬਾਇਆ ਜਾ ਰਿਹਾ ਹੈ, ਉਹ ਜ਼ਰੂਰ ਉੱਭਰਨੀਆਂ ਚਾਹੀਦੀਆਂ ਹਨ। ਉੱਧਰ ‘ਵਿਸ਼ਵ ਸਿੱਖ ਸੰਗਠਨ’ (ਵਰਲਡ ਸਿੱਖ ਆਰਗੇਨਾਇਜ਼ੇਸ਼ਨ ਆਫ਼ ਕੈਨੇਡਾ) ਦੇ ਵਕੀਲ ਬਲਪ੍ਰੀਤ ਸਿੰਘ ਨੇ ਕਿਹਾ ਕਿ ਕੌਂਸਲੇਟ ਜਨਰਲ ਦੀ ਚਿੱਠੀ ਹਾਸੋਹੀਣੀ ਹੈ ਤੇ ਉਸ ਵਿੱਚ ਲਾਏ ਗਏ ਦੋਸ਼ ਬਿਲਕੁਲ ਬੇਬੁਨਿਆਦ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਬਿਆਨ ਦਿੱਤਾ ਸੀ।