BJP CM Candidate: ਬੀਜੇਪੀ ਮੈਟਰੋਮੈਨ ਦੇ ਨਾਂ 'ਤੇ ਖੇਡੇਗੀ ਦਾਅ, ਮੁੱਖ ਮੰਤਰੀ ਦੇ ਹੋਣਗੇ ਉਮੀਦਵਾਰ
ਮੈਟਰੋਮੈਨ ਦੇ ਨਾਮ ਨਾਲ ਮਸ਼ਹੂਰ ਈ ਸ਼੍ਰੀਧਰਨ ਕੇਰਲਾ ਵਿੱਚ ਭਾਜਪਾ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ। ਜਲਦੀ ਹੀ ਇਸ ਦਾ ਰਸਮੀ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਅਜੇ ਪਿਛਲੇ ਹਫਤੇ ਹੀ ਬੀਜੇਪੀ ਦਾ ਪੱਲਾ ਫੜਿਆ ਸੀ।
ਨਵੀਂ ਦਿੱਲੀ: ਮੈਟਰੋਮੈਨ ਦੇ ਨਾਮ ਨਾਲ ਮਸ਼ਹੂਰ ਈ ਸ਼੍ਰੀਧਰਨ ਕੇਰਲਾ ਵਿੱਚ ਭਾਜਪਾ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ। ਜਲਦੀ ਹੀ ਇਸ ਦਾ ਰਸਮੀ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਅਜੇ ਪਿਛਲੇ ਹਫਤੇ ਹੀ ਬੀਜੇਪੀ ਦਾ ਪੱਲਾ ਫੜਿਆ ਸੀ।
ਈ ਸ਼੍ਰੀਧਰਨ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਕੇਰਲ ਵਿੱਚ ਭਾਜਪਾ ਲਈ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਮੈਟਰੋਮੈਨ ਦੇ ਤੌਰ 'ਤੇ ਮਸ਼ਹੂਰ ਹੋਏ ਸ਼੍ਰੀਧਰਨ ਸਾਫ ਅਕਸ ਵਾਲੇ ਅਫਸਰ ਵਜੋਂ ਜਾਣ ਗਏ ਹਨ। ਦਿੱਲੀ ਵਿੱਚ ਮੈਟਰੋ ਦੇ ਪ੍ਰੌਜੈਕਟ ਨੂੰ ਸਿਰੇ ਚਾੜ੍ਹ ਕੇ ਉਹ ਚਰਚਾ ਵਿੱਚ ਆਏ ਸੀ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਈ. ਸ਼੍ਰੀਧਰਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਸੀ ਕਿ ਮੋਦੀ ਦੇਸ਼ ਦੇ ਸਭ ਤੋਂ ਯੋਗ ਨੇਤਾਵਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਦੇ ਹੱਥ ਵਿੱਚ ਦੇਸ਼ ਦਾ ਭਵਿੱਖ ਬਿਹਤਰ ਹੋ ਸਕਦਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਈ. ਸ਼੍ਰੀਧਰਨ ਨੇ ਤਦ ਹੀ ਭਾਜਪਾ ਵਿੱਚ ਜਾਣ ਦਾ ਮਨ ਬਣਾ ਲਿਆ ਸੀ।
ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਸੀ, ‘ਭਾਜਪਾ ’ਚ ਜਾਣ ਦਾ ਫ਼ੈਸਲਾ ਇੱਕ ਦਿਨ ਵਿੱਚ ਨਹੀਂ ਲਿਆ ਹੈ। ਮੈਂ ਸੂਬੇ ਲਈ ਕੰਮ ਕਰਨਾ ਚਾਹੁੰਦਾ ਹਾਂ। ਇਸੇ ਲਈ ਭਾਜਪਾ ’ਚ ਸ਼ਾਮਲ ਹੋ ਰਿਹਾ ਹਾਂ। ਕੇਰਲ ਸਰਕਾਰ ਦੇ ਮੈਟਰੋ ਪ੍ਰੋਜੈਕਟ ਲਈ ਕੰਸਲਟੈਂਸੀ ਵੀ ਹੁਣ ਮੈਂ ਬੰਦ ਕਰ ਦੇਵਾਂਗਾ।’
ਈ. ਸ਼੍ਰੀਧਰਨ ਦਿੱਲੀ ਮੈਟਰੋ ਸਮੇਤ ਪਹਿਲਾਂ ਮਾਲ ਗੱਡੀਆਂ ਦਾ ਲਾਂਘਾ ਨਿਸ਼ਚਤ ਸਮੇਂ ਤੋਂ ਪਹਿਲਾਂ ਚਾਲੂ ਕਰਨ ਦੇ ਮਾਮਲੇ ’ਚ ਕਾਫ਼ੀ ਨਾਮਣਾ ਖੱਟ ਚੁੱਕੇ ਹਨ। ਉਨ੍ਹਾਂ ਨੂੰ ਸਾਲ 2001 ’ਚ ਪਦਮਸ਼੍ਰੀ ਅਤੇ ਸਾਲ 2008 ’ਚ ਪਦਮ ਵਿਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਫ਼ਰਾਂਸ ਸਰਕਾਰ ਨੇ ਵੀ ਈ. ਸ਼੍ਰੀਧਰਨ ਨੂੰ ਸਾਲ 2005 ’ਚ ਆਪਣੇ ਸਰਬਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਸੀ। ਅਮਰੀਕਾ ਦੇ ਵਿਸ਼ਵ ਪ੍ਰਸਿੱਧ ‘ਟਾਈਮ ਮੈਗਜ਼ੀਨ’ ਨੇ ਵੀ ਉਨ੍ਹਾਂ ਨੂੰ ‘ਏਸ਼ੀਆ ਹੀਰੋ’ ਦਾ ਖ਼ਿਤਾਬ ਦਿੱਤਾ ਸੀ।






















