ਨਵਜੋਤ ਸਿੱਧੂ ਦੇ ਸਲਾਹਕਾਰ ਦਾ ਕੈਪਟਨ 'ਤੇ ਹੁਣ ਸਿੱਧਾ ਹਮਲਾ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਹੁਣ ਫ਼ੇਸਬੁੱਕ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸਿੱਧਾ ਹਮਲਾ ਕੀਤਾ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਹੁਣ ਫ਼ੇਸਬੁੱਕ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸਿੱਧਾ ਹਮਲਾ ਕਰਦਿਆਂ ਇਹ ਲਿਖਿਆ ਹੈ –
“ਕੈਪਟਨ ਸਾਹਿਬ ਪੰਜਾਬ ਪੁੱਛਦਾ ਹੈ, ਤੂ ਇਧਰ-ਉਧਰ ਕੀ ਬਾਤ ਨਾ ਕਰ ਯੇ ਬਤਾ ਕਾਫ਼ਿਲਾ ਕਿਉਂ ਲੂਟਾ? ਹਮੇਂ ਰਾਹਜਨੋਂ ਕੇ ਜਾਨੇ ਸੇ ਗਰਜ਼ ਨਹੀਂ, ਤੇਰੀ ਰਾਹਬਰੀ ਪਰ ਸਵਾਲ ਹੈ।
ਕਸਮ ਖਾ ਕੇ ਮੁੱਕਰ ਗਏ..
ਜੇ ਕਸ਼ਮੀਰ ਤੇ ਪਾਕਿਸਤਾਨ ਬਾਰੇ ਵਿਚਾਰਧਾਰਕ ਮਤਭੇਦ ਹਨ, ਤਾਂ ਭਾਰਤ ਦਾ ਸੰਵਿਧਾਨ ਇਸ ਦਾ ਹੱਕ ਦਿੰਦਾ ਹੈ। ਜੇ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋ ਵੀ ਜਾਈਏ, ਤਾਂ ਦੱਸੋ ਪੰਜਾਬ ਨੂੰ ਕਿਸ ਨੇ ਤਬਾਹ ਕੀਤਾ? ਪੰਜਾਬ ਨੂੰ ਤਿੰਨ ਲੱਖ ਕਰੋੜ ਦਾ ਕਰਜ਼ਾ ਕਿਸ ਨੇ ਅਤੇ ਕਿਵੇਂ ਦਿੱਤਾ? ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਕਿਉਂ ਭੱਜ ਰਹੇ ਹਨ? ਪੰਜਾਬ ਦਾ ਕਿਸਾਨ ਕਿਉਂ ਕਰਦਾ ਹੈ ਖੁਦਕੁਸ਼ੀ, ਉਹ ਦਿੱਲੀ ਦੀ ਸਰਹੱਦ 'ਤੇ ਕਿਉਂ ਬੈਠਾ ਹੈ? ਪੰਜਾਬ ਦਾ ਹਰ ਵਰਗ ਅੰਦੋਲਨ ਕਿਉਂ ਕਰ ਰਿਹਾ ਹੈ? ਕੀ ਤੁਸੀਂ ਇਹ ਸਭ ਪਾਕਿਸਤਾਨ ਦੇ ਕਹਿਣ ਤੇ ਕਰ ਰਹੇ ਹੋ? ਕੀ ਮੈਂ ਅਰੂਸਾ ਆਲਮ ਬਾਰੇ ਮੈਂ ਗੱਲ ਨਹੀਂ ਕਰ ਰਿਹਾ?
ਦੱਸ ਦਈਏ ਕਿ ਕੈਪਟਨ ਅਮਰਿੰਦਰ ਵੱਲੋਂ ਐਤਵਾਰ ਸ਼ਾਮ ਨੂੰ ਸਿੱਧੂ ਦੇ ਸਲਾਹਕਾਰਾਂ ਨੂੰ ਦੇਸ਼ ਦੇ ਮੁੱਦਿਆਂ 'ਤੇ ਐਂਵੇਂ ਕੁਝ ਵੀ ਊਟ-ਪਟਾਂਗ ਨਾ ਬੋਲਣ ਦੀ ਸਲਾਹ ਦਿੱਤੀ ਸੀ।”
ਉਧਰ, ਸਿੱਧੂ ਨੇ ਆਪਣੇ ਦੋਵੇਂ ਸਲਾਹਕਾਰਾਂ ਨੂੰ ਤਲਬ ਕੀਤਾ ਹੈ। ਸਿੱਧੂ ਨੇ ਸਲਾਹਕਾਰਾਂ ਮਾਲਵਿੰਦਰ ਸਿੰਘ ਮੱਲੀ ਤੇ ਪਿਆਰੇ ਲਾਲ ਗਰਗ ਨੂੰ ਆਪਣੇ ਪਟਿਆਲਾ ਸਥਿਤ ਘਰ ਬੁਲਾਇਆ ਹੈ।
ਕੀ ਕਿਹਾ ਸੀ ਸਿੱਧੂ ਦੇ ਸਲਾਹਕਾਰਾਂ ਨੇ?
ਪਿਆਰੇ ਲਾਲ ਗਰਗ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੀ ਕੀਤੀ ਗਈ ਆਲੋਚਨਾ 'ਤੇ ਸਵਾਲ ਕੀਤਾ ਸੀ। ਦੂਜੇ ਪਾਸੇ, ਮਾਲੀ ਨੇ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਦੇ ਮੁੱਦੇ 'ਤੇ ਗੱਲ ਕੀਤੀ ਸੀ, ਜਿਸ ਤਹਿਤ ਜੰਮੂ-ਕਸ਼ਮੀਰ ਨੂੰ ਸਾਬਕਾ ਰਾਜ ਨੂੰ ਵਿਸ਼ੇਸ਼ ਦਰਜਾ ਮਿਲਿਆ। ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਜੇ ਕਸ਼ਮੀਰ ਭਾਰਤ ਦਾ ਹਿੱਸਾ ਸੀ ਤਾਂ ਧਾਰਾ 370 ਤੇ 35-ਏ ਹਟਾਉਣ ਦੀ ਕੀ ਲੋੜ ਸੀ। ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਿੱਧੂ ਨੂੰ ਕਿਹਾ ਸੀ ਕਿ ਉਹ ਆਪਣੇ ਸਲਾਹਕਾਰਾਂ ਨੂੰ ਕਾਬੂ ਹੇਠ ਰੱਖਣ।