ਇਸਲਾਮਾਬਾਦ: ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੀ ਸਰਕਾਰ ਨੇ ਇੱਕ ਹਿੰਦੂ ਮੰਦਰ ਦੀ ਰਾਖੀ ’ਚ ਲਾਪ੍ਰਵਾਹੀ ਵਰਤਣ ਦੇ ਦੋਸ਼ੀ 12 ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇੱਕ ਗਰਮ ਖ਼ਿਆਲੀ ਇਸਲਾਮਿਕ ਪਾਰਟੀ ਦੇ ਮੈਂਬਰਾਂ ਦੀ ਅਗਵਾਈ ਹੇਠ ਭੀੜ ਨੇ ਖ਼ੈਬਰ ਪਖ਼ਤੂਨਖਵਾ ਸੂਬੇ ’ਚ ਸਥਿਤ ਇਸ ਮੰਦਰ ਨੂੰ ਅੱਗ ਲਾ ਦਿੱਤੀ ਸੀ।
ਸਰਕਾਰ ਨੇ ਇਸੇ ਘਟਨਾ ਨਾਲ ਜੁੜੇ 33 ਪੁਲਿਸ ਅਧਿਕਾਰੀਆਂ ਦੀ ਇੱਕ ਸਾਲ ਦੀ ਸੇਵਾ ਵੀ ਮੁਲਤਵੀ ਕਰ ਦਿੱਤੀ ਹੈ। ਦੱਸ ਦੇਈਏ ਕਿ ਖ਼ੈਬਰ ਪਖ਼ਤੂਨਖ਼ਵਾ ਦੇ ਕਰਕ ਜ਼ਿਲ੍ਹੇ ਦੇ ਪਿੰਡ ਤੇਰੀ ’ਚ 30 ਦਸੰਬਰ ਨੂੰ ਇੱਕ ਭੀੜ ਨੇ ਮੰਦਰ ਉੱਤੇ ਹਮਲਾ ਬੋਲ ਦਿੱਤਾ ਸੀ। ਇਸ ਤੋਂ ਪਹਿਲਾਂ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਦਹਾਕਿਆਂ ਪੁਰਾਣੇ ਮੰਦਰ ਦੀ ਮੁਰੰਮਤ ਲਈ ਸਥਾਨਕ ਅਧਿਕਾਰੀਆਂ ਤੋਂ ਇਜਾਜ਼ਤ ਮਿਲੀ ਸੀ। ਭੀੜ ਨੇ ਮੰਦਰ ਦੀ ਪੁਰਾਣੀ ਇਮਾਰਤ ਦੇ ਨਾਲ ਹੀ ਨਵੇਂ ਉਸਾਰੇ ਢਾਂਚੇ ਵੀ ਢਾਹ ਦਿੱਤੇ ਸਨ।
ਕੋਹਾਟ ਖੇਤਰ ਦੇ ਡੀਆਈਜੀ ਤਈਅਬ ਹਾਫ਼ਿਜ਼ ਚੀਮਾ ਨੇ ਘਟਨਾ ਦੀ ਜਾਓ ਲਈ ਪੁਲਿਸ ਸੁਪਰਇੰਟੈਂਡੈਂਟ (ਜਾਂਚ ਸੈੱਲ) ਜ਼ਹੀਰ ਸ਼ਾਹ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਸੀ ਤੇ ਇੱਕ ਹਫ਼ਤੇ ਅੰਦਰ ਇਸ ਮਾਮਲੇ ਦੀ ਰਿਪੋਰਟ ਵੀ ਆ ਗਈ ਸੀ। ਉਸੇ ਰਿਪੋਰਟ ਦੇ ਆਧਾਰ ਉੱਤੇ ਹੀ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ।