ਕਾਰਾਂ ਖੜ੍ਹੀਆਂ ਕਰਨ ਨੂੰ ਲੈ ਕੇ ਕਾਂਗਰਸੀ ਲੀਡਰਾਂ 'ਚ ਤੂੰ-ਤੂੰ, ਮੈਂ-ਮੈਂ, ਰਾਜਾ ਵੜਿੰਗ ਦੀ ਕਾਲੀ ਮਰਸੀਡੀਜ਼ ਵੇਖ ਪ੍ਰਤਾਪ ਬਾਜਪਾ ਹੋਏ ਲੋਹਾ-ਲਾਖੇ
Punjab News : ਪੰਜਾਬ ਕਾਂਗਰਸ ਨੇ ਵਿਜੀਲੈਂਸ ਹੈੱਡਕੁਆਰਟਰ ਦਾ ਘਿਰਾਓ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਕਾਂਗਰਸ ਦੀ ਲੜਾਈ ਹੋ ਗਈ। ਦਿਲਚਸਪ ਗੱਲ ਹੈ ਕਿ ਲੜਾਈ ਵੀ ਸਿਰਫ ਚੰਡੀਗੜ੍ਹ ਕਾਂਗਰਸ ਭਵਨ 'ਚ ਵਾਹਨਾਂ ਨੂੰ ਦਾਖਲ ਨਾ ਹੋਣ ਦੇਣ 'ਤੇ ਹੋਈ।
ਚੰਡੀਗੜ੍ਹ: ਅੱਜ ਪੰਜਾਬ ਕਾਂਗਰਸ ਵਿੱਚ ਕਾਰਾਂ ਖੜ੍ਹੀਆਂ ਕਰਨ ਨੂੰ ਲੈ ਕੇ ਹੀ ਤੂੰ-ਤੂੰ, ਮੈਂ-ਮੈਂ ਹੋ ਗਈ। ਮਾਮਲਾ ਇੰਨਾ ਵਧ ਗਿਆ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਤਾਂ ਰੁੱਸ ਕੇ ਕਾਂਗਰਸ ਭਵਨ ਤੋਂ ਚਲੇ ਗਏ। ਇਸ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮਾਮਲੇ ਨੂੰ ਸੰਭਾਲਦੇ ਨਜ਼ਰ ਆਏ ਪਰ ਉਸ ਵੇਲੇ ਤੱਕ ਕਾਂਗਰਸ ਦਾ ਤਮਾਸ਼ਾ ਮੀਡੀਆ ਸਾਹਮਣੇ ਆ ਚੁੱਕਾ ਸੀ।
ਦਰਅਸਲ ਅੱਜ ਪੰਜਾਬ ਕਾਂਗਰਸ ਨੇ ਵਿਜੀਲੈਂਸ ਹੈੱਡਕੁਆਰਟਰ ਦਾ ਘਿਰਾਓ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਕਾਂਗਰਸ ਦੀ ਲੜਾਈ ਹੋ ਗਈ। ਦਿਲਚਸਪ ਗੱਲ ਹੈ ਕਿ ਲੜਾਈ ਵੀ ਸਿਰਫ ਚੰਡੀਗੜ੍ਹ ਕਾਂਗਰਸ ਭਵਨ 'ਚ ਵਾਹਨਾਂ ਨੂੰ ਦਾਖਲ ਨਾ ਹੋਣ ਦੇਣ 'ਤੇ ਹੋਈ। ਇਸ ਤੋਂ ਭੜਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਧਰਨੇ ਵਿੱਚ ਸ਼ਮੂਲੀਅਤ ਕੀਤੇ ਬਿਨਾਂ ਹੀ ਕਾਂਗਰਸ ਭਵਨ ਤੋਂ ਪਰਤ ਗਏ।
ਦਰਅਸਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਕਾਲੇ ਰੰਗ ਦੀ ਮਰਸੀਡੀਜ਼ ਕਾਰ ਕਾਂਗਰਸ ਭਵਨ ਦੇ ਅੰਦਰ ਖੜ੍ਹੀ ਸੀ। ਪ੍ਰਤਾਪ ਬਾਜਵਾ ਇਸ ਗੱਲ ਤੋਂ ਨਾਰਾਜ਼ ਸਨ ਕਿ ਜੇਕਰ ਉਨ੍ਹਾਂ ਦੀ ਕਾਰ ਨਹੀਂ ਆ ਸਕਦੀ ਤਾਂ ਪਾਰਟੀ ਮੁਖੀ ਦੀ ਕਾਰ ਕਿਵੇਂ ਆ ਗਈ। ਇਸ ਮਗਰੋਂ ਬਾਜਵਾ ਨਾਲ ਆਏ ਕਾਂਗਰਸੀ ਆਗੂ ਓਪੀ ਸੋਨੀ ਤੇ ਰਾਣਾ ਕੇਪੀ ਵੀ ਧਰਨੇ ਵਿੱਚ ਸ਼ਾਮਲ ਹੋਣ ਦੀ ਬਜਾਏ ਵਾਪਸ ਚਲੇ ਗਏ।
ਦੱਸ ਦੇਈਏ ਕਿ ਪੰਜਾਬ 'ਚ ਕਾਂਗਰਸ, ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਜੰਮ ਕੇ ਹੱਲਾ ਬੋਲ ਰਹੀ ਹੈ। ਕਾਂਗਰਸੀ ਚੰਡੀਗੜ੍ਹ 'ਚ ਵਿਜੀਲੈਂਸ ਦਫ਼ਤਰ ਦਾ ਘਿਰਾਓ ਕਰਨਗੇ ਜਿਸ ਵਿੱਚ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਿਰਕਤ ਕਰਨੀ ਸੀ। ਟੈਂਡਰ ਘੁਟਾਲੇ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦਾ ਕਾਂਗਰਸ ਵਿਰੋਧ ਕਰ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ 'ਆਪ' ਸਰਕਾਰ ਸਿਆਸੀ ਬਦਲਾਖੋਰੀ ਕਰ ਰਹੀ ਹੈ।
ਕਾਂਗਰਸ ਦੇ ਕਈ ਸਾਬਕਾ ਮੰਤਰੀ 'ਆਪ' ਸਰਕਾਰ ਦੇ ਰਾਡਾਰ 'ਤੇ ਹਨ। ਇਨ੍ਹਾਂ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਸੰਗਤ ਸਿੰਘ ਗਿਲਜੀਆਂ ਜ਼ਮਾਨਤ 'ਤੇ ਬਾਹਰ ਹਨ। ਹੁਣ ਆਸ਼ੂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੀ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਵੀਆਈਪੀ ਟ੍ਰੀਟਮੈਂਟ ਮਾਮਲੇ ਵਿੱਚ ਘਿਰੇ ਹੋਏ ਹਨ।
ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਨਾਂ ਜ਼ਮੀਨ ਘੁਟਾਲੇ ਵਿੱਚ ਸਾਹਮਣੇ ਆ ਰਿਹਾ ਹੈ। ਖੇਤੀ ਮਸ਼ੀਨਰੀ ਘੁਟਾਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੁੱਛਗਿੱਛ ਸੰਭਵ ਹੈ। ਪੰਜਾਬ ਕਾਂਗਰਸ ਦੇ ਪ੍ਰਦਰਸ਼ਨ ਵਿੱਚ ਕਈ ਸਾਬਕਾ ਮੰਤਰੀ ਵੀ ਸ਼ਿਰਕਤ ਕਰਨਗੇ। ਰਾਜਾ ਵੜਿੰਗ ਨੇ ਕਿਹਾ ਕਿ ਉਹ ਸਾਰੇ ਸਾਬਕਾ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਨੂੰ ਲੈ ਕੇ ਵਿਜੀਲੈਂਸ ਦਫ਼ਤਰ ਪਹੁੰਚ ਰਹੇ ਹਨ। ਸਰਕਾਰ ਜਿਸ ਨੂੰ ਚਾਹੇ ਗ੍ਰਿਫਤਾਰ ਕਰ ਸਕਦੀ ਹੈ। ਕੋਈ ਵੀ ਕਾਂਗਰਸੀ ਆਗੂ ਕਿਧਰੇਭੱਜ ਨਹੀਂ ਰਿਹਾ।