ਪੰਜਾਬ 'ਚ ਇੱਕ ਹੋਰ ਥਾਣੇ 'ਤੇ ਹੋਇਆ ਹਮਲਾ, ਸੁੱਟਿਆ ਗ੍ਰੇਨੇਡ, ਇਲਾਕੇ ਦੇ ਲੋਕ ਸਹਿਮੇ, BKI ਨੇ ਲਈ ਜ਼ਿੰਮੇਵਾਰੀ
Granade Attack on Punjab Police Station: ਪੰਜਾਬ 'ਚ ਥਾਣਿਆਂ 'ਤੇ ਹੋ ਰਹੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਰਾਤ ਨੂੰ ਪਿੰਡ ਬੰਗਾ ਵਡਾਲਾ ਦੇ ਥਾਣੇ 'ਤੇ ਗ੍ਰੇਨੇਡ ਸੁੱਟਿਆ ਗਿਆ। ਗੁਰਦਾਸਪੁਰ ਦੇ ਕਲਾਨੌਰ ਇਲਾਕੇ 'ਚ ਪਿਛਲੇ 48 ਘੰਟਿਆਂ 'ਚ ਇਹ ਦੂਜਾ ਗ੍ਰਨੇਡ ਹਮਲਾ ਹੈ।
Granade Attack on Punjab Police Station: ਪੰਜਾਬ 'ਚ ਥਾਣਿਆਂ 'ਤੇ ਹੋ ਰਹੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਰਾਤ ਨੂੰ ਪਿੰਡ ਬੰਗਾ ਵਡਾਲਾ ਦੇ ਥਾਣੇ 'ਤੇ ਗ੍ਰੇਨੇਡ ਸੁੱਟਿਆ ਗਿਆ। ਗੁਰਦਾਸਪੁਰ ਦੇ ਕਲਾਨੌਰ ਇਲਾਕੇ 'ਚ ਪਿਛਲੇ 48 ਘੰਟਿਆਂ 'ਚ ਇਹ ਦੂਜਾ ਗ੍ਰਨੇਡ ਹਮਲਾ ਹੈ। ਪੰਜਾਬ 'ਚ 28 ਦਿਨਾਂ 'ਚ 8 ਵਾਰ ਗ੍ਰੇਨੇਡ ਸੁੱਟੇ ਗਏ ਹਨ। ਵਧਦੀਆਂ ਘਟਨਾਵਾਂ ਕਾਰਨ ਸੂਬੇ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਜਾਣਕਾਰੀ ਅਨੁਸਾਰ ਪਿੰਡ ਬੰਗਾ ਵਡਾਲਾ ਰਾਤ ਨੂੰ ਧਮਾਕੇ ਨਾਲ ਦਹਿਲ ਗਿਆ। ਜਦੋਂ ਲੋਕ ਡਰਦੇ ਹੋਏ ਘਰਾਂ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਥਾਣੇ 'ਤੇ ਗ੍ਰਨੇਡ ਸੁੱਟਿਆ ਗਿਆ ਹੈ। ਇਸ ਤੋਂ ਬਾਅਦ ਰਾਤ ਭਰ ਇੱਥੇ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਵੱਜਦੇ ਰਹੇ। ਇੱਕ ਦਿਨ ਪਹਿਲਾਂ ਹੀ ਕਲਾਨੌਰ ਪੁਲਿਸ ਚੌਕੀ 'ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਨੇ ਹਮਲਾ ਕੀਤਾ ਸੀ।
ਖਾਲਿਸਤਾਨ ਪੱਖੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨੇ ਰਾਤ ਨੂੰ ਬੰਗਾ ਵਡਾਲਾ ਵਿੱਚ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ ਫਿਲਹਾਲ ਪੁਲਿਸ ਚੌਕੀ 'ਚ ਫੋਰੈਂਸਿਕ ਜਾਂਚ ਚੱਲ ਰਹੀ ਹੈ ਅਤੇ ਸੀਨੀਅਰ ਅਧਿਕਾਰੀ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।
28 ਦਿਨਾਂ 'ਚ 8ਵਾਂ ਹਮਲਾ
ਪੰਜਾਬ ਵਿੱਚ ਪਿਛਲੇ 28 ਦਿਨਾਂ ਵਿੱਚ ਇਹ 8ਵਾਂ ਹਮਲਾ ਹੈ। ਇਨ੍ਹਾਂ 'ਚੋਂ ਵਿਦੇਸ਼ 'ਚ ਬੈਠੇ ਅੱਤਵਾਦੀ 7 ਧਮਾਕਿਆਂ ਨੂੰ ਅੰਜਾਮ ਦੇਣ 'ਚ ਸਫਲ ਰਹੇ, ਜਦਕਿ ਇਕ ਬੰਬ ਬਿਨਾਂ ਵਿਸਫੋਟ ਤੋਂ ਥਾਣਾ ਅਜਨਾਲਾ ਤੋਂ ਬਰਾਮਦ ਕੀਤਾ ਗਿਆ।
ਪੰਜਾਬ ਵਿੱਚ ਹੋ ਰਹੇ ਹਮਲੇ ਸੁਰੱਖਿਆ ਏਜੰਸੀਆਂ ਲਈ ਬਣੇ ਚੁਣੌਤੀ
ਪੰਜਾਬ ਵਿੱਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਦੋ ਵੱਡੀਆਂ ਖਾਲਿਸਤਾਨੀ ਜਥੇਬੰਦੀਆਂ KZF ਅਤੇ BKI ਵੱਲੋਂ ਲਈ ਜਾ ਰਹੀ ਹੈ। ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਲਗਾਤਾਰ ਹਮਲੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਇਨ੍ਹਾਂ ਸਾਰੇ ਹਮਲਿਆਂ ਵਿੱਚ ਸਿਰਫ਼ ਪੰਜਾਬ ਪੁਲਿਸ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਇਨ੍ਹਾਂ ਮਾਮਲਿਆਂ ਵਿੱਚ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ ਪਰ ਇਸ ਦੇ ਬਾਵਜੂਦ ਪੁਲਿਸ ਲਈ ਹਮਲਿਆਂ ’ਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।