Punjab Breaking News LIVE: ਪੰਜਾਬ 'ਚ ਬਾਰਸ਼ ਦਾ ਕਹਿਰ, ਗਾਇਕ ਇੰਦਰਜੀਤ ਨਿੱਕੂ ਮੁੜ ਵਿਵਾਦਾਂ 'ਚ, ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਗ੍ਰਿਫਤਾਰੀ ਬਾਰੇ ਹਾਈਕੋਰਟ 'ਚ ਸੁਣਵਾਈ
Punjab Breaking News LIVE 10 July, 2023: ਪੰਜਾਬ 'ਚ ਬਾਰਸ਼ ਦਾ ਕਹਿਰ, ਗਾਇਕ ਇੰਦਰਜੀਤ ਨਿੱਕੂ ਮੁੜ ਵਿਵਾਦਾਂ 'ਚ, ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਗ੍ਰਿਫਤਾਰੀ ਬਾਰੇ ਹਾਈਕੋਰਟ 'ਚ ਸੁਣਵਾਈ
LIVE
Background
Punjab Breaking News LIVE 10 July, 2023: ਪੰਜਾਬ 'ਚ ਭਾਰੀ ਮੀਂਹ ਕਾਰਨ ਜਲੰਧਰ ਜ਼ਿਲ੍ਹੇ ਦੇ ਫਿਲੌਰ ਅਤੇ ਸ਼ਾਹਕੋਟ ਦੇ ਸਕੂਲਾਂ 'ਚ ਅੱਜ ਛੁੱਟੀ ਰਹੇਗੀ। ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ 50 ਤੋਂ ਵੱਧ ਪਿੰਡਾਂ ਨੂੰ ਖਾਲੀ ਕਰਵਾ ਦਿੱਤਾ ਹੈ ਅਤੇ ਅਲਰਟ ਜਾਰੀ ਕਰ ਦਿੱਤਾ ਹੈ। ਡੀਸੀ ਵਿਸ਼ੇਸ਼ ਸਾਰੰਗਲ ਅਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਖੁਦ ਸਤਲੁਜ ਦਰਿਆ ਦੇ ਨਾਲ ਲੱਗਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਘਰ ਛੱਡਣ ਲਈ ਕਿਹਾ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਅੱਜ ਫਿਲੌਰ ਅਤੇ ਸ਼ਾਹਕੋਟ ਸਬ-ਡਿਵੀਜ਼ਨਾਂ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਭਾਰੀ ਮੀਂਹ ਕਾਰਨ ਜਲੰਧਰ 'ਚ ਅੱਜ ਸਕੂਲਾਂ 'ਚ ਛੁੱਟੀ
ਸਿੱਖਾਂ ਨੂੰ ਸਨਾਤਨ ਧਰਮ ਦੀ ਫੌਜ ਕਹਿ ਕੇ ਕਸੂਤੇ ਘਿਰੇ ਪੰਡਿਤ ਧੀਰੇਂਦਰ ਸ਼ਾਸਤਰੀ
Inderjit Nikku Controversy: ਮੱਧ ਪ੍ਰਦੇਸ਼ 'ਚ ਸਥਿਤ ਬਾਬਾ ਬਾਗੇਸ਼ਵਰ ਧਾਮ ਦਾ ਪੰਡਿਤ ਧੀਰੇਂਦਰ ਸ਼ਾਸਤਰੀ ਨਵੇਂ ਵਿਵਾਦ 'ਚ ਘਿਰ ਗਿਆ ਹੈ। ਉਸ ਨੇ ਸਿੱਖਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਨਾਤਨ ਧਰਮ ਦੀ ਫੌਜ ਕਹਿ ਦਿੱਤਾ ਜਿਸ ਮਗਰੋਂ ਸਿੱਖ ਭੜਕ ਗਏ ਹਨ। ਪੰਡਿਤ ਧੀਰੇਂਦਰ ਸ਼ਾਸਤਰੀ ਨੇ ਇਹ ਗੱਲ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਸਾਹਮਣੇ ਕਹੀ ਜੋ ਬਾਗੇਸ਼ਵਰ ਧਾਮ ਪਹੁੰਚਿਆ ਸੀ। ਇਸ ਦਾ ਸੋਸ਼ਲ ਮੀਡੀਆ ਉਪਰ ਕਾਫੀ ਵਿਰੋਧ ਹੋ ਰਿਹਾ ਹੈ। ਸਿੱਖਾਂ ਵੱਲੋਂ ਜਿੱਥੇ ਪੰਡਿਤ ਧੀਰੇਂਦਰ ਸ਼ਾਸਤਰੀ ਦੀ ਅਲੋਚਨਾ ਕੀਤੀ ਜਾ ਰਹੀ ਹੈ, ਉਥੇ ਹੀ ਗਾਇਕ ਇੰਦਰਜੀਤ ਨਿੱਕੂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਹੈ ਕਿ ਸਿੱਖ ਕੌਮ ਜ਼ੁਲਮ ਦਾ ਟਾਕਰਾ ਕਰਨ ਲਈ ਬਣੀ ਹੈ। ਇਹ ਕਹਿਣਾ ਗਲਤ ਹੈ ਕਿ ਸਿੱਖ ਸਨਾਤਨ ਧਰਮ ਦੀ ਫੌਜ ਹੈ। ਉਨ੍ਹਾਂ ਨੇ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਪਹਿਲਾਂ ਸਿੱਖ ਧਰਮ ਬਾਰੇ ਕੁਝ ਜਾਣਨ ਲਈ ਕਿਹਾ ਹੈ। ਸਿੱਖਾਂ ਨੂੰ ਸਨਾਤਨ ਧਰਮ ਦੀ ਫੌਜ ਕਹਿ ਕੇ ਕਸੂਤੇ ਘਿਰੇ ਪੰਡਿਤ ਧੀਰੇਂਦਰ ਸ਼ਾਸਤਰੀ
ਬਾਰਸ਼ ਨਾਲ ਵਿਗੜਦੇ ਜਾ ਰਹੇ ਹਾਲਾਤ, ਚੰਡੀਗੜ੍ਹ ਨੂੰ 18 ਜ਼ੋਨਾਂ 'ਚ ਵੰਡ ਕੇ ਐਕਸ਼ਨ
Chandigarh News: ਚੰਡੀਗੜ੍ਹ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਬਾਰਸ਼ ਦੇ ਕਹਿਰ ਨੂੰ ਵੇਖਦਿਆਂ ਸ਼ਹਿਰ ਦੀਆਂ ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੀ ਜ਼ਿਲ੍ਹਾ ਐਮਰਜੈਂਸੀ ਮੈਨੇਜਮੈਂਟ ਅਥਾਰਟੀ ਨੇ ਵੀ ਹੁਕਮ ਜਾਰੀ ਕਰ ਦਿੱਤੇ ਹਨ। ਇਨ੍ਹਾਂ ਵਿੱਚ ਆਮ ਲੋਕਾਂ ਨੂੰ ਝੀਲ, ਚੋਅ, ਛੱਪੜ ਆਦਿ ਦੇ ਨੇੜੇ ਜਾਣ ਦੀ ਮਨਾਹੀ ਕੀਤੀ ਗਈ ਹੈ। ਸਿਵਲ ਅਥਾਰਟੀ ਤੇ ਮਿਊਂਸੀਪਲ ਇੰਜੀਨੀਅਰਿੰਗ ਵਿਭਾਗ ਆਦਿ ਨੂੰ ਬਰਸਾਤ ਦੇ ਮੌਸਮ ਦੌਰਾਨ ਡਿੱਗੇ ਦਰੱਖਤਾਂ ਤੇ ਪੌਦਿਆਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਬਾਰਸ਼ ਨਾਲ ਵਿਗੜਦੇ ਜਾ ਰਹੇ ਹਾਲਾਤ, ਚੰਡੀਗੜ੍ਹ ਨੂੰ 18 ਜ਼ੋਨਾਂ 'ਚ ਵੰਡ ਕੇ ਐਕਸ਼ਨ
ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਲਈ ਅੱਜ ਵੱਡਾ ਦਿਨ
Amritpal Singh: ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅੱਜ ਸੁਣਵਾਈ ਦਾ ਵੱਡਾ ਦਿਨ ਰਹਿਣ ਵਾਲਾ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਆਪਣੀ ਗ੍ਰਿਫਤਾਰੀ ਖਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ 'ਤੇ ਅੱਜ ਹਾਈ ਕੋਰਟ ਕੋਈ ਫੈਸਲਾ ਸੁਣਾ ਸਕਦੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ। ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਲਈ ਅੱਜ ਵੱਡਾ ਦਿਨ
Amritsar News: ਵਿਜੀਲੈਂਸ ਨੂੰ ਰਿਮਾਂਡ ਮਿਲਦਿਆਂ ਹੀ ਸਾਬਕਾ ਉੱਪ ਮੁੱਖ ਮੰਤਰੀ ਓਪੀ ਸੋਨੀ ਦੀ ਵਿਗੜੀ ਸਿਹਤ
ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਉੱਪ ਮੁੱਖ ਮੰਤਰੀ ਓਪੀ ਸੋਨੀ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੇ ਹਸਪਤਾਲ ਵਿੱਚ ਸੋਨੀ ਨਾਲ ਮੁਲਾਕਾਤ ਕੀਤੀ ਹੈ। ਵਿਜੀਲੈਂਸ ਨੇ ਅੱਜ ਹੀ ਓਪੀ ਸੋਨੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ।
Punjab Weather: ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸੇ ਕਈ ਪਿੰਡਾਂ ਦਾ ਮੋਹਾਲੀ ਨਾਲੋਂ ਟੁੱਟਿਆ ਸੰਪਰਕ
ਪੰਜਾਬ ਦੇ ਮੋਹਾਲੀ ਜ਼ਿਲੇ 'ਚ ਤਿੰਨ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸੇ ਪਿੰਡਾਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਦੇ ਨਾਲ ਹੀ ਇਲਾਕੇ 'ਚ ਪੈਂਦੇ ਜੈਅੰਤੀ ਡੈਮ, ਸਿਸਵਾ ਡੈਮ, ਪਛੜ ਡੈਮ ਦਾ ਪਾਣੀ ਓਵਰਫਲੋ ਹੋ ਕੇ ਪਿੰਡ 'ਚ ਦਾਖਲ ਹੋ ਗਿਆ ਹੈ | ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਤਬਾਹੀ ਸ਼ੁਰੂ ਹੋ ਗਈ ਹੈ। ਲੋੜੀਂਦਾ ਸਮਾਨ ਵੀ ਪਾਣੀ ਵਿੱਚ ਰੁੜ੍ਹ ਗਿਆ ਹੈ। ਪਿੰਡ ਮਿਰਜ਼ਾਪੁਰ, ਜਯੰਤੀ ਕਰੌਂਦੀਵਾਲ, ਟਾਂਡਾ-ਟਾਂਡੀ, ਪੈਂਚ ਪਿੰਡਾਂ ਦਾ ਜ਼ਿਲ੍ਹਾ ਹੈੱਡਕੁਆਰਟਰ ਨਾਲ ਸੰਪਰਕ ਟੁੱਟ ਗਿਆ ਹੈ।
Blackout in zirakpur: ਜ਼ੀਰਕਪੁਰ 'ਚ ਬਲੈਕਆਊਟ, ਮੇਨ ਸਪਲਾਈ ਪੈਨਲਾਂ 'ਚ ਪਾਣੀ ਭਰਨ ਨਾਲ ਬਿਜਲੀ ਠੱਪ
ਮੋਹਾਲੀ ਦੇ ਜ਼ੀਰਕਪੁਰ 'ਚ ਬੀਤੇ ਸ਼ਨੀਵਾਰ ਤੋਂ ਬਾਰਸ਼ ਜਾਰੀ ਹੈ। ਮੀਂਹ ਕਾਰਨ ਜਿੱਥੇ ਲੋਕਾਂ ਨੂੰ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕਈ ਇਲਾਕਿਆਂ 'ਚ ਪਿਛਲੇ 24 ਘੰਟਿਆਂ ਤੋਂ ਬਿਜਲੀ ਠੱਪ ਹੈ। ਬਿਜਲੀ ਨਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਹਾਸਲ ਜਾਣਕਾਰੀ ਮੁਤਾਬਕ ਜਿਨ੍ਹਾਂ ਸੁਸਾਇਟੀਆਂ ਦਾ ਆਪਣਾ ਬੈਕਅਪ ਹੈ, ਉਨ੍ਹਾਂ ਵਿੱਚ ਬੀਤੀ ਰਾਤ ਲੋਕ ਸੁੱਖ ਦੀ ਨੀਂਦ ਸੁੱਤੇ, ਪਰ ਜਿੱਥੇ ਬੈਕਅੱਪ ਨਹੀਂ, ਉੱਥੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਇਸ ਦੇ ਨਾਲ ਹੀ ਘਰਾਂ ਵਿੱਚ ਲਗਾਏ ਗਏ ਇਨਵਰਟਰ ਵੀ ਬੰਦ ਕਰ ਹੋ ਗਏ ਹਨ। ਅਜਿਹੇ 'ਚ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Amritsar News: ਓਪੀ ਸੋਨੀ ਦਾ ਮਿਲਿਆ ਪੁਲਿਸ ਰਿਮਾਂਡ, ਸੜਕਾਂ 'ਤੇ ਉੱਤਰੇ ਕਾਂਗਰਸੀ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਅੱਜ ਵਿਜੀਲੈਂਸ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੂਜੇ ਪਾਸੇ ਇਸ ਨੂੰ ਸਿਆਸੀ ਰੰਜਿਸ਼ ਕਰਾਰ ਦਿੰਦਿਆਂ ਕਾਂਗਰਸੀਆਂ ਨੇ ਬਾਅਦ ਦੁਪਹਿਰ ਅੰਮ੍ਰਿਤਸਰ ਦੇ ਕਚਹਿਰੀ ਚੌਕ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਪੁਲਿਸ ਨੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ।
Ludhiana News: ਓਵਰ ਫਲੋਅ ਹੋ ਕੇ ਦੋਰਾਹਾ ਨਹਿਰ ਟੁੱਟੀ, ਰਿਹਾਇਸ਼ੀ ਤੇ ਫੌਜੀ ਖੇਤਰਾਂ 'ਚ ਵੜਿਆ ਪਾਣੀ
ਬਾਰਸ਼ ਲੁਧਿਆਣਾ ਜ਼ਿਲ੍ਹੇ ਅੰਦਰ ਵੀ ਕਹਿਰ ਮਚਾ ਰਹੀ ਹੈ। ਦੋਰਾਹਾ ਵਿੱਚ ਨਹਿਰ ਟੁੱਟਣ ਕਾਰਨ ਪਾਣੀ ਇੱਥੋਂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਪਹੁੰਚ ਗਿਆ। ਨਹਿਰ ਦੇ ਨਾਲ ਲੱਗਦੇ ਫੌਜੀ ਖੇਤਰ ਵਿੱਚ ਵੀ ਪਾਣੀ ਭਰ ਗਿਆ। ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਫ਼ੌਜ ਦੀ ਮਦਦ ਨਾਲ ਜੇਸੀਬੀ ਤੇ ਹੋਰ ਮਸ਼ੀਨਰੀ ਬੁਲਾ ਕੇ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਹਾਸਲ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ 4 ਵਜੇ ਦੋਰਾਹਾ ਨਹਿਰ ਦਾ ਵੱਡਾ ਕਿਨਾਰਾ ਫੌਜੀ ਖੇਤਰ ਕੋਲ ਟੁੱਟ ਗਿਆ। ਇਸ ਕਾਰਨ ਪਾਣੀ ਦਾ ਤੇਜ਼ ਵਹਾਅ ਨਾਲ ਲੱਗਦੇ ਰਿਹਾਇਸ਼ੀ ਖੇਤਰ ਤੇ ਫੌਜੀ ਖੇਤਰ ਵੱਲ ਚਲਾ ਗਿਆ। ਦੱਸ ਦਈਏ ਕਿ ਸਿਸਵਾਂ ਦਰਿਆ ਵਿੱਚ ਪਾੜ ਪੈਣ ਤੋਂ ਬਾਅਦ ਦੋਰਾਹਾ ਨਹਿਰ ਵਿੱਚ ਪਾਣੀ ਵਧ ਗਿਆ। ਨਹਿਰ ਵਿੱਚ ਪਾਣੀ ਓਵਰਫਲੋ ਹੋਣ ਕਾਰਨ ਦੋਰਾਹਾ ਵਿੱਚ ਇਹ ਨਹਿਰ ਟੁੱਟ ਗਈ।