(Source: ECI/ABP News/ABP Majha)
Breaking News LIVE: ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਚੰਨੀ ਨਾਲ ਮੀਟਿੰਗ, ਸਾਰੀਆਂ ਮੰਗਾਂ ਹੋਈਆਂ ਪ੍ਰਵਾਨ
Punjab Breaking News, 17 November 2021 LIVE Updates: ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਦੱਸਿਆ ਕਿ 32 ਕਿਸਾਨ ਜਥੇਬੰਦੀਆਂ ਨਾਲ 18 ਮੁੱਦਿਆਂ ਉੱਪਰ ਗੱਲ਼ਬਾਤ ਹੋਈ।
LIVE
Background
Punjab Breaking News, 17 November 2021 LIVE Updates:ਖੇਤੀ ਕਾਨੂੰਨਾਂ ਖ਼ਿਲਾਫ਼ ਡਟੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੀਟਿੰਗ ਹੋ ਰਹੀ ਹੈ। ਮੁੱਖ ਮੰਤਰੀ ਚੰਨੀ ਨੂੰ ਮਿਲਣ ਤੋਂ ਪਹਿਲਾਂ ਜਥੇਬੰਦੀਆਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਆਪਣੀ ਵੱਖਰੀ ਮੀਟਿੰਗ ਕਰ ਰਹੀਆਂ ਹਨ। ਮੀਟਿੰਗ ਵਿੱਚ ਪੰਜਾਬ ਸਰਕਾਰ ਨਾਲ ਗੱਲਬਾਤ ਦੌਰਾਨ ਕੀਤੇ ਜਾਣ ਵਾਲੇ ਮਸਲੇ ਵਿਚਾਰੇ ਜਾ ਰਹੇ ਹਨ।
ਇਸ ਬਾਰੇ ਕਿਸਾਨ ਲੀਡਰ ਡਾ. ਦਰਸ਼ਨਪਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਮਸਲੇ ਸਰਕਾਰ ਅੱਗੇ ਚੁੱਕਾਂਗੇ। ਸਰਕਾਰ ਕੋਲ ਡੀਏਪੀ ਖਾਦ ਦੀ ਕਿੱਲਤ, ਪਰਾਲੀ ਸਾੜਨ ਦੇ ਮੁੱਦੇ ਉਠਾਉਣ ਤੋਂ ਇਲਾਵਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਲਾਉਣ ਦੀ ਮੰਗ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੇ ਮਸਲੇ ਬਗੈਰ ਕਹੇ ਹੱਲ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮੁੱਦੇ ਲੀਡਰਾਂ ਨੂੰ ਪਾਰਲੀਮੈਂਟ ਵਿੱਚ ਉਠਾਉਣ ਦੀ ਵੀ ਮੰਗ ਕਰਾਂਗੇ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਬੀਜੇਪੀ ਨੂੰ ਕਿਸਾਨਾਂ ਦੀ ਵੀ ਆਵਾਜ਼ ਸੁਣਨੀ ਚਾਹੀਦੀ ਹੈ। 29 ਨਵੰਬਰ ਨੂੰ ਪਾਰਲੀਮੈਂਟ ਵੱਲ ਮਾਰਚ ਕੱਢਿਆ ਜਾਣਾ ਹੈ।
ਸੂਤਰਾਂ ਮੁਤਾਬਕ ਕਿਸਾਨਾਂ ਵੱਲੋਂ ਮੀਟਿੰਗ ਦੌਰਾਨ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਨਾਲ ਕਰਜ਼ਿਆਂ ਦੀ ਮੁਆਫ਼ੀ ਸਬੰਧੀ ਕੀਤੇ ਗਏ ਵਾਅਦਿਆਂ ਬਾਰੇ ਗੱਲਬਾਤ ਕੀਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਹ ਵਾਅਦੇ ਜ਼ੋਰਦਾਰ ਢੰਗ ਨਾਲ ਚੁੱਕੇ ਸਨ ਪਰ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਕੁੱਝ ਨਹੀਂ ਕੀਤਾ ਗਿਆ। ਹੁਣ ਭਾਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣ ਗਏ ਹਨ ਪਰ ਇਨ੍ਹਾਂ ਵਾਅਦਿਆਂ ਨੂੰ ਨਿਭਾਉਣ ਲਈ ਚੰਨੀ ਸਰਕਾਰ ਵੱਲੋਂ ਵੀ ਕੋਈ ਪਹਿਲਕਦਮੀ ਨਹੀਂ ਵਿਖਾਈ ਗਈ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਹੈ। ਮਾਝੇ-ਦੋਆਬੇ ਵਿੱਚ ਗੜੇਮਾਰੀ ਕਾਰਨ ਫ਼ਸਲਾਂ ਮਾਰੀਆਂ ਗਈਆਂ, ਜਿਨ੍ਹਾਂ ਦਾ ਸਰਵੇਖਣ ਹੋਣ ਦੇ ਬਾਵਜੂਦ ਸਰਕਾਰ ਨੇ ਕੁਝ ਨਹੀਂ ਦਿੱਤਾ। ਗੰਨੇ ਦੇ ਬਕਾਏ ਬਾਰੇ ਵੀ ਸਰਕਾਰ ਵੱਲੋਂ ਧਾਰੀ ਗਈ ਚੁੱਪ ਨੂੰ ਮੁੱਖ ਰੂਪ ਵਿੱਚ ਉਭਾਰਿਆ ਜਾਵੇਗਾ।
ਮੁੱਖ ਮੰਤਰੀ ਚੰਨੀ ਨੂੰ ਨਾਲ ਲੈ ਕੇ ਰਾਜਪਾਲ ਨੂੰ ਮਿਲਿਆ ਜਾਏਗਾ
ਕਿਸਾਨ ਲੀਡਰਾਂ ਨੇ ਕਿਹਾ ਕਿ 26 ਜੂਨ ਨੂੰ ਕਿਸਾਨਾਂ ਖਿਲਾਫ ਦਰਜ ਕੇਸਾਂ ਬਾਰੇ ਮੁੱਖ ਮੰਤਰੀ ਚੰਨੀ ਨੂੰ ਨਾਲ ਲੈ ਕੇ ਰਾਜਪਾਲ ਨੂੰ ਮਿਲਿਆ ਜਾਏਗਾ। ਨਕਲੀ ਬੀਜਾਂ ਦੀ ਜਾਂਚ ਹੋਏਗੀ ਤੇ ਫਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਏਗਾ। ਕਿਸਾਨਾਂ ਤੇ ਮਜ਼ਦੂਰਾਂ ਲਈ ਪੈਨਸ਼ਨ ਸਕੀਮ ਬਣਾਈ ਜਾਏਗੀ। ਡੀਏਪੀ ਤੇ ਯੂਰੀਆ ਖਾਦ ਦੀ ਕਿੱਲਤ 22 ਨਵੰਬਰ ਤੱਕ ਖਤਮ ਹੋ ਜਾਏਗੀ।
ਸ਼ਹੀਦਾਂ ਦੇ ਵਾਰਸਾਂ ਨੂੰ ਮਿਲੇਗੀ ਨੌਕਰੀ
ਚੰਨੀ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੂੰ ਸ਼ਹੀਦ ਹੋਏ ਕਿਸਾਨਾਂ ਦੀਆਂ ਲਿਸਟਾਂ ਦੇਣ ਲਈ ਕਿਹਾ ਹੈ ਤਾਂ ਜੋ ਉਨ੍ਹਾਂ ਦੇ ਵਾਰਸਾਂ ਨੂੰ ਨੌਕਰੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬਚੇ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਹੋਏਗੀ। ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਦਰਜ ਸਾਰੇ ਕੇਸ ਰੱਦ ਕੀਤੇ ਗਏ ਹਨ।
ਕਾਂਗਰਸ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ
ਚੰਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਜੇਕਰ ਕਿਸਾਨ ਕਹਿਣਗੇ ਤਾਂ ਉਹ ਅਸਤੀਫਾ ਦੇ ਕੇ ਕਿਸਾਨ ਮੋਰਚੇ ਵਿੱਚ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਜਿਹੋ ਜਿਹਾ ਮਤਾ ਕਿਹਾ ਸੀ, ਉਸ ਨੂੰ ਹੂ-ਬ-ਹੂ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਨਾਲ ਨੁਕਸਾਨੀ ਫਸਲ ਦਾ ਮੁਆਵਜ਼ਾ 12 ਹਜ਼ਾਰ ਤੋਂ ਵਧਾ ਕੇ 17 ਹਜ਼ਾਰ ਕਰ ਦਿੱਤਾ ਹੈ।
ਸਾਰੀਆਂ ਮੰਗਾਂ ਮੰਨ ਲਈਆਂ
ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਦੱਸਿਆ ਕਿ 32 ਕਿਸਾਨ ਜਥੇਬੰਦੀਆਂ ਨਾਲ 18 ਮੁੱਦਿਆਂ ਉੱਪਰ ਗੱਲ਼ਬਾਤ ਹੋਈ। ਕਿਸਾਨਾਂ ਦੀਆਂ ਤਕਰੀਬਨ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਕਰਜ਼ ਮਾਫੀ ਬਾਰੇ ਮੀਟਿੰਗ ਦੁਬਾਰਾ ਹੋਏਗੀ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਗਏ ਹਨ।
ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਇਸ ਮੌਕੇ ਹਲਾਤ ਕਾਫੀ ਤਣਾਅ ਵਾਲੇ ਬਣ ਗਏ ਤੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਮੁੱਖ ਮੰਤਰੀ ਨੇ ਖੁਦ ਬਾਹਰ ਆ ਕੇ ਕਿਸਾਨਾਂ ਨੂੰ ਮਨਾਇਆ ਜਿਸ ਮਗਰੋਂ ਕਿਸਾਨ ਮੀਟਿੰਗ ਲਈ ਅੰਦਰ ਚਲੇ ਗਏ। ਕਿਸਾਨਾਂ ਮੁਤਾਬਕ ਮੀਟਿੰਗ ਦਾ ਸਮਾਂ 11 ਵਜੇ ਤੈਅ ਸੀ। ਇਸ ਦੇ ਨਾਲ ਹੀ ਕਿਸਾਨਾਂ ਨੇ ਪੁੱਛਿਆ ਕਿ ਆਖਰ ਪਹਿਲਾਂ ਉਗਰਾਹਾਂ ਜਥੇਬੰਦੀ ਨਾਲ 10 ਵਜੇ ਮੀਟਿੰਗ ਕਿਉਂ ਕੀਤੀ।