ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨ
ਚਮੁੱਚ ਇਸ ਮਹੀਨੇ ਦੌਰਾਨ ਦੁਨੀਆਂ ਦੇ ਇਤਿਹਾਸ ਵਿਚ ਬਹੁਤ ਹੀ ਮਾਸੂਮ ਜਿੰਦਾਂ ਦੀ ਕਠਿਨ ਪ੍ਰੀਖਿਆ ਲਈ ਗਈ ਅਤੇ ਉਨ੍ਹਾਂ ਦੇ ਸਿਦਕ ਨੂੰ ਡੋਲਦਾ ਨਾ ਵੇਖ ਕੇ ਆਖ਼ਰ 13 ਪੋਹ ਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਨੂੰ ਜਿਉਂਦਿਆਂ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿਤਾ ਗਿਆ। ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਜਦ ਇਹ ਦੁਖਦਾਈ ਖ਼ਬਰ ਮਾਤਾ ਗੁਜਰੀ ਨੂੰ ਮਿਲੀ ਤਾਂ ਉਹ ਵੀ ਉਸ ਅਕਾਲ ਪੁਰਖ ਦਾ ਧਿਆਨ ਕਰਦੇ ਹੋਏ ਗੁਰਪੁਰੀ ਪਿਆਨਾ ਕਰ ਗਏ। ਨਿੱਕੀ ਉਮਰ ਵਿਚ ਦਲੇਰੀ ਦੀ ਮਹਾਨ ਉਦਾਹਰਣ ਦੇਣ ਵਾਲੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਿੱਕੀਆਂ ਜਿੰਦਾਂ ਦਾ ਵੱਡਾ ਸਾਕਾ ਹੈ।
ਸਿਰ ਝੁਕਾ ਕੇ ਆਦਰ ਕਰਾਂ
ਨੀਹਾਂ ‘ਚ ਖਲੋਤਿਆਂ ਦਾ,
ਕੋਈ ਦੇਣ ਨੀ ਦੇ ਸਕਦਾ
ਮਾਂ ਗੁਜਰੀ ਦੇ ਪੋਤਿਆਂ ਦਾ।
ਦੁਨੀਆਂ ਦਾ ਇਤਿਹਾਸ ਪੜ੍ਹੀਏ ਤਾਂ ਪਤਾ ਲਗਦਾ ਹੈ ਕਿ ਜਿੰਨੇ ਸ਼ਹੀਦ ਸਿੱਖ ਧਰਮ ਵਿਚ ਹੋਏ ਹਨ, ਓਨੇ ਕਿਸੇ ਹੋਰ ਧਰਮ ਵਿਚ ਨਹੀਂ ਹੋਏ। ਸਿੱਖ ਧਰਮ ਦੀ ਬੁਨਿਆਦ ਹੀ ਸ਼ਹੀਦੀਆਂ ’ਤੇ ਰੱਖੀ ਗਈ ਹੈ। ਸਿੱਖ ਧਰਮ ਵਿਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਣਾ ਸਿੱਖ ਧਰਮ ਦੇ ਜਨਮਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਅਦੁਤੀ ਸ਼ਹੀਦੀਆਂ ਨੇ ਇਹ ਸਾਬਤ ਕਰ ਦਿਤਾ ਹੈ ਕਿ ਧਰਮ ਦੀ ਰਖਿਆ ਕਰਨ ਨਾਲ ਉਮਰਾਂ ਦਾ ਕੋਈ ਸਬੰਧ ਨਹੀਂ ਹੁੰਦਾ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ।