ਲੌਕਡਾਊਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ
ਪੰਜਾਬ ਸਰਕਾਰ ਨੇ ਸੂਬੇ 'ਚ ਲੌਕਡਾਊਨ ਲਾਉਣ ਤੋਂ ਇਨਕਾਰ ਕੀਤਾ ਹੈ। ਮੁੱਖ ਸਕੱਤਰ ਵਿਨੀ ਮਹਾਜਨ, ਜੋ ਕਿ ਰਾਜ ਦੀ ਕੋਵਿਡ ਪ੍ਰਬੰਧਨ ਰਣਨੀਤੀ ਦਾ ਪ੍ਰਬੰਧਨ ਕਰ ਰਹੇ ਹਨ, ਨੇ ਕਿਹਾ ਕਿ ਸੂਬੇ 'ਚ ਕੋਰੋਨਾ ਦੀ ਦੂਸਰੀ ਲਹਿਰ 'ਤੇ ਨਿਗ੍ਹਾ ਬਣਾਈ ਹੋਈ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ 'ਚ ਲੌਕਡਾਊਨ ਲਾਉਣ ਤੋਂ ਇਨਕਾਰ ਕੀਤਾ ਹੈ। ਮੁੱਖ ਸਕੱਤਰ ਵਿਨੀ ਮਹਾਜਨ, ਜੋ ਕਿ ਰਾਜ ਦੀ ਕੋਵਿਡ ਪ੍ਰਬੰਧਨ ਰਣਨੀਤੀ ਦਾ ਪ੍ਰਬੰਧਨ ਕਰ ਰਹੇ ਹਨ, ਨੇ ਕਿਹਾ ਕਿ ਸੂਬੇ 'ਚ ਕੋਰੋਨਾ ਦੀ ਦੂਸਰੀ ਲਹਿਰ 'ਤੇ ਨਿਗ੍ਹਾ ਬਣਾਈ ਹੋਈ ਹੈ।
ਉਨ੍ਹਾਂ ਕਿਹਾ “ਅਸੀਂ ਮਹਾਂਮਾਰੀ ਦੀ ਦੂਜੀ ਅਤੇ ਵਧੇਰੇ ਭਿਆਨਕ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਹੇ ਹਾਂ। ਹਾਲ ਹੀ 'ਚ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਰੋਜ਼ਾਨਾ ਟੈਸਟਿੰਗ 'ਚ 35,000 ਤੋਂ 60,000 ਦਾ ਵਾਧਾ ਹੋ ਰਿਹਾ ਹੈ। ਕੇਸਾਂ ਦੀ ਮੌਤ ਦਰ ਘਟ ਰਹੀ ਹੈ। ਲੌਕਡਾਊਨ ਲਗਾਉਣ ਦਾ ਕੋਈ ਕਾਰਨ ਹੀ ਨਹੀਂ ਬਣਦਾ। ਸਾਡਾ ਜ਼ੋਰ ਪਹਿਲਾਂ ਤੋਂ ਲਗਾਈਆਂ ਗਈਆਂ ਪਾਬੰਦੀਆਂ ਦੀ ਸਖਤੀ ਨਾਲ ਪਾਲਣਾ ਕਰਨ 'ਤੇ ਹੈ।”
ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ "18 ਤੋਂ ਵੱਧ ਉਮਰ ਦੀ ਟੀਕਾਕਰਨ ਦੀ ਨੀਤੀ ਰਾਜਾਂ ਪ੍ਰਤੀ ਅਨਿਆਂਪੂਰਨ ਹੈ। ਰਾਜਾਂ ਅਤੇ ਕੇਂਦਰ ਨੂੰ ਦਿੱਤੇ ਜਾਣ ਵਾਲੇ ਟੀਕੇ ਦੀਆਂ ਦਰਾਂ 'ਚ ਬਰਾਬਰੀ ਹੋਣੀ ਚਾਹੀਦੀ ਹੈ।"
ਪੰਜਾਬ ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹੇ ਚ ਦੂਜਾ ਵੱਡਾ ਸੰਕਟ ਇਹ ਕਿ ਕੋਰੋਨਾ ਮਹਾਮਾਰੀ ਦੌਰ ਅੰਦਰ ਆਕਸੀਜਨ ਦੀ ਘਾਟ ਆ ਰਹੀ ਹੈ। ਅਜਿਹੇ ਚ ਅੰਮ੍ਰਿਤਸਰ ਦੇ ਫਤਹਿਗੜ੍ਹ ਚੂੜੀਆਂ ਰੋਡ 'ਤੇ ਸਥਿਤ ਨੀਲਕੰਠ ਹਸਪਤਾਲ ਵਿੱਚ 6 ਮੌਤਾਂ ਹੋ ਗਈਆਂ।
ਦੱਸਿਆ ਗਿਆ ਕਿ ਬੀਤੀ ਰਾਤ ਆਕਸੀਜ਼ਨ ਖਤਮ ਹੋਣ ਕਾਰਨ ਇਹ ਮੌਤਾਂ ਹੋਈਆਂ ਹਨ। ਇਕ 28 ਸਾਲ ਦੇ ਨੌਜਵਾਨ ਦੀ ਵੀ ਇਸ ਦੌਰਾਨ ਮੌਤ ਹੋਈ। ਉਸਦੇ ਭਰਾ ਨੇ ਦੱਸਿਆ ਕਿ ਤੜਪ ਤੜਪ ਕੇ ਸਾਰਿਆਂ ਦੀ ਮੌਤ ਹੋਈ ਹੈ ਜੋ ਬਹੁਤ ਦੁਖਦਾਈ ਹੈ।
ਆਕਸੀਜਨ ਦੀ ਘਾਟ ਕਾਰਨ ਕੋਰੋਨਾ ਪੀੜਤ ਮ੍ਰਿਤਕਾਂ ਦੀ ਪਛਾਣ ਕੰਵਲਜੀਤ ਕੌਰ ਗੁਰਦਾਸਪੁਰ, ਬਲਵੰਤ ਸਿੰਘ ਅੰਮ੍ਰਿਤਸਰ, ਸੁਖਦੇਵ ਸਿੰਘ ਤਰਨਤਾਰਨ, ਦੀਦਾਰ ਸਿੰਘ ਅੰਮ੍ਰਿਤਸਰ ਤੇ ਰਾਮ ਪਿਆਰੀ ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਦੌਰਾਨ ਮਾਰੇ ਗਏ ਇਕ ਹੋਰ ਮਰੀਜ਼ ਗੁਰਪ੍ਰੀਤ ਸਿੰਘ ਵਾਸੀ ਗੁਰਦਾਸਪੁਰ ਮੌਤ ਹੋਈ ਆਕਸੀਜਨ ਦੀ ਘਾਟ ਕਰਕੇ ਹੋਈ ਹੈ। ਹਾਲਾਂਕਿ ਉਹ ਕੋਰੋਨਾ ਪੌਜ਼ੇਟਿਵ ਨਹੀਂ ਸੀ। ਉਸ ਦਾ ਕੋਈ ਹੋਰ ਇਲਾਜ ਚੱਲ ਰਿਹਾ ਸੀ।