1158 ਸਹਾਇਕ ਪ੍ਰੋਫ਼ੈਸਰਾਂ/ਲਾਇਬ੍ਰੇਰੀਅਨਾਂ ਨੇ ਪਟਿਆਲ਼ਾ ''ਖੰਡਾ ਚੌਂਕ'' 'ਚ ਵਜਾਇਆ ਸੰਘਰਸ਼ ਦਾ ਬਿਗੁਲ
ਇਸ ਇਕੱਤਰਤਾ ਵਿੱਚ ਭਾਗ ਲੈਣ ਵਾਲ਼ੇ ਸਾਥੀਆਂ ਨੇ ਹਾਈਕੋਰਟ ਦੇ ਵਿਚਾਰ ਅਧੀਨ ਭਰਤੀ ਨੂੰ ਨੇਪਰੇ ਚੜ੍ਹਾਉਣ ਲਈ ਵਿਚਾਰ–ਚਰਚਾ ਕੀਤੀ ਅਤੇ ਫ਼ਰੰਟ ਦੀ ਭਵਿੱਖੀ ਰੂਪ–ਰੇਖਾ ਤੈਅ ਕੀਤੀ ਗਈ।
ਪਟਿਆਲਾ: 1158 ਅਸਿਸਟੈਂਟ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ, ਪੰਜਾਬ (ਸਰਕਾਰੀ ਕਾਲਜ) ਵੱਲ੍ਹੋ, ਜ਼ੋਨ ਪੱਧਰ 'ਤੇ ਨਿਰੰਤਰ ਚੱਲ ਰਹੇ ਪ੍ਰਦਰਸ਼ਨਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ, ਅੱਜ ਸ਼ਹਿਰ ਪਟਿਆਲ਼ਾ ਦੇ ਤਰਕਸ਼ੀਲ ਭਵਨ ਵਿੱਚ ਮਾਲਵਾ–ਪੂਰਬੀ ਜ਼ੋਨ ਦੀ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿੱਚ ਭਾਗ ਲੈਣ ਵਾਲ਼ੇ ਸਾਥੀਆਂ ਨੇ ਹਾਈਕੋਰਟ ਦੇ ਵਿਚਾਰ ਅਧੀਨ ਭਰਤੀ ਨੂੰ ਨੇਪਰੇ ਚੜ੍ਹਾਉਣ ਲਈ ਵਿਚਾਰ–ਚਰਚਾ ਕੀਤੀ ਅਤੇ ਫ਼ਰੰਟ ਦੀ ਭਵਿੱਖੀ ਰੂਪ–ਰੇਖਾ ਤੈਅ ਕੀਤੀ ਗਈ।
ਪ੍ਰੋ. ਕੁਲਦੀਪ ਸਿੰਘ ਬਾਵਾ (ਜ਼ੋਨਲ ਇੰਚਾਰਜ) ਨੇ ਦੱਸਿਆ ਕਿ ਇਸ ਮਾਲਵਾ–ਪੂਰਬੀ ਜ਼ੋਨ ਦੀ ਮੀਟਿੰਗ ਵਿੱਚ 4 ਜਿਲ੍ਹਿਆਂ ਤੋਂ ਚੁਣੇ ਹੋਏ ਉਮੀਦਵਾਰ ਸਾਥੀਆਂ ਨੇ ਭਾਗ ਲਿਆ ਹੈ। ਪ੍ਰੋ. ਕੁਲਦੀਪ ਨੇ ਸਾਰੇ ਪਹੁੰਚੇ ਹੋਏ ਸਾਥੀਆਂ ਨੂੰ ਜੀ ਆਇਆਂ ਆਖਦਿਆਂ, ਆਪਣੇ ਹੱਕਾਂ ਲਈ ਇਕਜੁਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਪ੍ਰੋ. ਸੁਖਪ੍ਰੀਤ ਸਿੰਘ (ਵਿਸ਼ਾ ਪੰਜਾਬੀ) ਨੇ ਸਲਾਹ ਦਿੱਤੀ ਕਿ ਅੱਗੇ ਤੋਂ ਸਾਰੇ ਸਾਥੀ ਪ੍ਰਦਰਸ਼ਨਾਂ ਦੌਰਾਨ ਪ੍ਰਤੀਕ ਰੂਪ ਵਿੱਚ ਹੱਥਾਂ ਵਿੱਚ ਕਿਤਾਬਾਂ ਜ਼ਰੂਰ ਰੱਖਣ। ਪ੍ਰੋ. ਅਤਿੰਦਰ ਕੌਰ (ਵਿਸ਼ਾ ਅੰਗਰੇਜ਼ੀ) ਨੇ ਉਮੀਦਵਾਰ ਰੂਪ ਵਿੱਚ ਚੁਣੀਆਂ ਗਈਆਂ ਤ੍ਰੀਮਤਾਂ ਨੂੰ ਸੰਘਰਸ਼ ਵਿੱਚ ਬਰਾਬਰ ਦੀ ਸਹਿਭਾਗਤਾ ਬਣਾਉਣ ਲਈ ਆਖਿਆ।
ਪ੍ਰੋ. ਕਰਮਜੀਤ ਸਿੰਘ (ਕੋਆਰਡੀਨੇਸ਼ਨ ਕਮੇਟੀ ਮੈਂਬਰ) ਨੇ ਇਕੱਠੇ ਹੋ ਕੇ ਤਿੱਖਾ ਸੰਘਰਸ਼ ਵਿੱਢਣ ਅਤੇ ਭਰਤੀ ਨੂੰ ਨੇਪਰੇ ਚੜ੍ਹਾਉਣ ਲਈ ਹਰ ਯਤਨ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਮੌਜੂਦ ਸਾਥੀਆਂ ਦੇ ਸਵਾਲਾਂ ਦੇ ਜਵਾਬ ਦੇ ਕੇ, ਫ਼ਰੰਟ ਦੀ ਸਮਝ ਸਬੰਧੀ ਸਪਸ਼ਟਤਾ ਬਣਾਉਣ ਦਾ ਵੀ ਯਤਨ ਕੀਤਾ।
ਪ੍ਰੋ. ਸੁਸ਼ੀਲ ਕੁਮਾਰ (ਵਿਸ਼ਾ ਹਿੰਦੀ), ਪ੍ਰੋ. ਮਨਕਮਲ ਕੌਰ (ਵਿਸ਼ਾ ਕੈਮਿਸਟਰੀ), ਪ੍ਰੋ. ਪ੍ਰਿਅੰਕਾ ਅਤੇ ਪ੍ਰੋ. ਧਰਮਜੀਤ ਸਿੰਘ (ਵਿਸ਼ਾ ਕੰਪਿਊਟਰ ਸਾਇੰਸ), ਪ੍ਰੋ. ਹਰਜਿੰਦਰ ਸਿੰਘ (ਵਿਸ਼ਾ ਇਕਨਾਮਿਕਸ) ਨੇ ਬੋਲਦਿਆਂ ਸਾਥੀਆਂ ਨੂੰ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ ਅਤੇ ਸੰਘਰਸ਼ ਦਾ ਨਿਵੇਕਲਾ ਰੂਪ ਸਿਰਜਣ ਲਈ ਸੁਝਾਅ ਵੀ ਦਿੱਤੇ। ਸਤਵਿੰਦਰ ਸਿੰਘ (ਵਿਸ਼ਾ ਲਾਇਬ੍ਰੇਰੀ ਸਾਇੰਸ) ਨੇ ਸੰਘਰਸ਼ ਨੂੰ ਸੋਸ਼ਲ ਮੀਡੀਆ ਤੋਂ ਅਗਾਂਹ ਜ਼ਮੀਨੀ ਪੱਧਰ ਉੱਤੇ ਲਿਆਉਣ ਲਈ ਸੁਝਾਅ ਦਿੱਤੇ ਅਤੇ ਆਪਸੀ ਜਥੇਬੰਦਕ ਸਮਝ ਨੂੰ ਅੱਗੇ ਤੋਰਦਿਆਂ ਸੰਘਰਸ਼ ਕਰਨ ਦਾ ਸੁਝਾਅ ਰੱਖਿਆ।
ਪ੍ਰੋ. ਪ੍ਰਿਤਪਾਲ ਸਿੰਘ ਅਤੇ ਪ੍ਰੋ. ਨਿਰਭੈ ਸਿੰਘ (ਵਿਸ਼ਾ ਅੰਗਰੇਜ਼ੀ) ਨੇ ਇਸ ਸੰਘਰਸ਼ ਨੂੰ ਅੱਗੇ ਲੈ ਜਾਣ ਲਈ ਭਵਿੱਖੀ ਰੂਪ–ਰੇਖਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਫ਼ਰੰਟ ਵੱਲ੍ਹੋਂ ਇੱਕ ਸਾਈਕਲ ਮਾਰਚ ਕੱਢਿਆ ਜਾ ਰਿਹਾ ਹੈ ਜਿਹੜਾ ਕਿ ਪਟਿਆਲ਼ਾ ਤੋਂ ਸ਼ੁਰੂ ਹੋ ਕੇ ਡੀ.ਪੀ.ਆਈ. ਆਫ਼ਿਸ ਰਾਹੀਂ ਹੁੰਦਾ ਹੋਇਆ ਖਟਕੜ ਕਲਾਂ ਪਹੁੰਚੇਗਾ ਜਿੱਥੇ ਕਿ ਆਮ ਆਦਮੀ ਪਾਰਟੀ ਸਰਕਾਰ ਵੱਲ੍ਹੋਂ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਉਹ ਸਾਰੇ ਮਸਲਿਆਂ ਸਬੰਧੀ ਵੀ ਗੱਲ ਕੀਤੀ ਜਿਨ੍ਹਾਂ ਨਾਲ਼ ਕਿ ਸਰਕਾਰੀ ਕਾਲਜਾਂ ਲਈ ਚੁਣੇ ਗਏ 1158 ਸਹਾਇਕ ਪ੍ਰੋਫ਼ੈਸਰ ਜੂਝ ਰਹੇ ਹਨ। ਜੁਆਇਨ ਕਰ ਗਏ ਉਮੀਦਵਾਰਾਂ ਦੀ ਤਨਖ਼ਾਹ ਪੁਆਉਣ ਲਈ ਯਤਨ ਕਰਨੇ, ਜੁਆਇਨਿੰਗ ਲੈਟਰ ਪ੍ਰਾਪਤ ਉਮੀਦਵਾਰਾਂ ਨੂੰ ਜੁਆਇਨ ਕਰਵਾਉਣਾ ਅਤੇ ਜਿਨ੍ਹਾਂ ਉਮੀਦਵਾਰਾਂ ਦੀਆਂ ਲਿਸਟਾਂ ਅਜੇ ਬਕਾਇਆ ਹਨ, ਉਹ ਲਿਸਟਾਂ ਰਿਲੀਜ਼ ਕਰਾਉਣ ਸਬੰਧੀ ਵੀ ਯਤਨ ਕੀਤੇ ਜਾਣਗੇ।