Punjab News: ਯੂਪੀ ਤੋਂ ਮੋਟਰਸਾਈਕਲ 'ਤੇ ਮੋਗਾ 'ਚ ਵਾਰਦਾਤ ਕਰਨ ਆਏ ਬੰਬੀਹਾ ਗੈਂਗ ਦੇ 2 ਸ਼ੂਟਰ ਗ੍ਰਿਫ਼ਤਾਰ, 25 ਹਜ਼ਾਰ 'ਚ ਦਿੱਤੀ ਸੀ ਸੁਪਾਰੀ
ਇੱਕ ਇਮੀਗ੍ਰੇਸ਼ਨ ਸੈਂਟਰ ‘ਤੇ ਹਮਲਾ ਕਰਨ ਆਏ ਬੰਬੀਹਾ ਗੈਂਗ ਦੇ ਦੋ ਸ਼ੂਟਰ ਨੂੰ ਮੋਗਾ ਪੁਲਿਸ ਨੇ ਲੋਹਾਰਾ ਚੌਂਕ, ਮੋਗਾ ਨੇੜਿਓਂ ਕਾਬੂ ਕੀਤਾ, ਜਿਨਾਂ ਕੋਲੋਂ ਦੋ ਦੇਸੀ 32 ਬੋਰ ਦੇ ਪਿਸਤੌਲ, 08 ਜਿੰਦਾ ਕਾਰਤੂਸ ਅਤੇ 200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
Punjab News: ਮੋਗਾ ਦੇ ਅੰਮ੍ਰਿਤਸਰ ਰੋਡ 'ਤੇ ਸਥਿਤ ਇੱਕ ਇਮੀਗ੍ਰੇਸ਼ਨ ਸੈਂਟਰ 'ਚ ਵਾਰਦਾਤ ਨੂੰ ਅੰਜਾਮ ਦੇਣ ਆਏ ਦੋ ਨੌਜਵਾਨ ਪਹਿਲਾਂ ਮੋਟਰ ਸਾਈਕਲ ਲੈ ਕੇ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਖੜੇ ਹੋਏ ਅਤੇ ਇੱਕ ਨੌਜਵਾਨ ਨੇ ਇਮੀਗ੍ਰੇਸ਼ਨ ਸੈਂਟਰ ਦੇ ਅੰਦਰ ਜਾ ਕੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿਸਤੌਲ ਨਹੀਂ ਚੱਲਿਆ ਜਿਸ ਤੋਂ ਬਾਅਦ ਉਹ ਮੌਕੇ ਉੱਤੋਂ ਫ਼ਰਾਰ ਹੋ ਗਏ।ਇਮੀਗ੍ਰੇਸ਼ਨ ਸੈਂਟਰ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਧਰਮਕੋਟ ਰੋਡ 'ਤੇ ਲੋਹਾਰਾ ਚੌਂਕ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਕਿਸੇ ਵਾਹਨ ਨਾਲ ਟਕਰਾਅ ਗਿਆ ਤਾਂ ਮੌਕੇ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਸ ਮਾਮਲੇ ਵਿੱਚ ਮੋਗਾ ਦੇ ਐਸਐਸਪੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਮੋਗਾ ਦੇ ਅੰਮ੍ਰਿਤਸਰ ਰੋਡ ‘ਤੇ ਇੱਕ ਇਮੀਗ੍ਰੇਸ਼ਨ ਸੈਂਟਰ ‘ਤੇ ਹਮਲਾ ਕਰਨ ਆਏ ਬੰਬੀਹਾ ਗੈਂਗ ਦੇ ਦੋ ਸ਼ੂਟਰ ਨੂੰ ਮੋਗਾ ਪੁਲਿਸ ਨੇ ਲੋਹਾਰਾ ਚੌਂਕ, ਮੋਗਾ ਨੇੜਿਓਂ ਕਾਬੂ ਕੀਤਾ, ਜਿਨਾਂ ਕੋਲੋਂ ਦੋ ਦੇਸੀ 32 ਬੋਰ ਦੇ ਪਿਸਤੌਲ, 08 ਜਿੰਦਾ ਕਾਰਤੂਸ ਅਤੇ 200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਦੋਵਾਂ ਮੁਲਜ਼ਮਾਂ ਦੀ ਪਛਾਣ ਅੰਕਿਤ ਕਾਦੀਆਂ ਵਾਸੀ ਪਿੰਡ ਬਸੇਰਾ, ਜ਼ਿਲ੍ਹਾ ਮੁਜ਼ੱਫਰ ਨਗਰ, ਯੂਪੀ ਅਤੇ ਸੰਤੋਸ਼ ਉਰਫ਼ ਪਟਨਾ ਸਾਹਿਬ, ਬਿਹਾਰ ਵਜੋਂ ਹੋਈ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਨੇ ਮੰਨਿਆ ਕਿ ਉਹ ਮੋਗਾ ਦੇ ਅੰਮ੍ਰਿਤਸਰ ਰੋਡ 'ਤੇ ਸਥਿਤ ਇਮੀਗ੍ਰੇਸ਼ਨ ਸੈਂਟਰ 'ਚ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ ਅਤੇ ਯੂ.ਪੀ ਤੋਂ ਮੋਟਰਸਾਈਕਲ 'ਤੇ ਮੋਗਾ ਆਏ ਸਨ ਅਤੇ ਇਸ ਜੁਰਮ ਲਈ 25 ਹਜ਼ਾਰ ਰੁਪਏ ਦਿੱਤੇ ਗਏ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਇੰਮੀਗ੍ਰੇਸ਼ਨ ਸੈਂਟਰ ਵਿੱਚ ਉਹ ਵਾਰਦਾਤ ਕਰਨ ਲਈ ਆਏ ਸਨ ਉਸ ਦੇ ਮਾਲਕ ਨੂੰ 6 ਮਹੀਨੇ ਪਹਿਲਾਂ ਵੀ ਧਮਕੀ ਦਿੱਤੀ ਗਈ ਸੀ। ਇਨ੍ਹਾਂ ਦੋਵਾਂ ਨੂੰ ਕੁਝ ਫੋਟੋਆਂ ਦੇ ਕੇ ਸੈਂਟਰ ਵਿੱਚ ਵਾਰਦਾਤ ਕਰਨ ਲਈ ਕਿਹਾ ਗਿਆ ਸੀ।
ਇਨ੍ਹਾਂ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਤੇ ਅਸਲਾ ਐਕਟ ਤਹਿਤ ਥਾਣਾ ਧਰਮਕੋਟ ਤੇ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਫਿਲਹਾਲ ਦੋਵਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ, ਤਾਂ ਜੋ ਹੋਰ ਖੁਲਾਸੇ ਹੋ ਸਕਣ ਕਿ ਇਨ੍ਹਾਂ ਦੇ ਨਾਲ ਕੌਣ-ਕੌਣ ਹੈ।