Amritsar News: ਖੁਦ ਹੀ ਰਚੀ 62 ਲੱਖ ਰੁਪਏ ਲੁੱਟ ਦੀ ਝੂਠੀ ਕਹਾਣੀ, ਕੈਨੇਡਾ ਰਹਿੰਦੇ ਜੀਜੇ ਦੇ ਪੈਸੇ ਹੜੱਪਣ ਦੀ ਸੀ ਪਲਾਨਿੰਗ
Amritsar News: ਅੰਮ੍ਰਿਤਸਰ 'ਚ 62 ਲੱਖ ਦੀ ਲੁੱਟ ਦੀ ਕਹਾਣੀ ਮਨਘੜਤ ਨਿਕਲੀ ਹੈ। ਪੁਲਿਸ ਨੇ ਸ਼ਿਕਾਇਤਕਰਤਾ ਪਿਓ-ਪੁੱਤ ਘਰਿੰਡਾ ਵਾਸੀ ਵਿਕਾਸਬੀਰ ਸਿੰਘ ਤੇ ਪੁੱਤਰ ਬਖਤਾਵਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ
Amritsar News: ਅੰਮ੍ਰਿਤਸਰ 'ਚ 62 ਲੱਖ ਦੀ ਲੁੱਟ ਦੀ ਕਹਾਣੀ ਮਨਘੜਤ ਨਿਕਲੀ ਹੈ। ਪੁਲਿਸ ਨੇ ਸ਼ਿਕਾਇਤਕਰਤਾ ਪਿਓ-ਪੁੱਤ ਘਰਿੰਡਾ ਵਾਸੀ ਵਿਕਾਸਬੀਰ ਸਿੰਘ ਤੇ ਪੁੱਤਰ ਬਖਤਾਵਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਸਾਰੀ ਕਹਾਣੀ ਵਿਕਾਸਬੀਰ ਨੇ ਆਪਣੇ ਬੇਟੇ ਨਾਲ ਮਿਲ ਕੇ ਆਪਣੇ ਜੀਜਾ ਸਰਬਜੀਤ ਸਿੰਘ ਦੇ ਪੈਸੇ ਹੜੱਪਣ ਲਈ ਰਚੀ ਸੀ। ਨਗੀਨਾ ਐਵੀਨਿਊ ਦਾ ਰਹਿਣ ਵਾਲਾ ਸਰਬਜੀਤ ਸਿੰਘ ਇਸ ਸਮੇਂ ਕੈਨੇਡਾ ਵਿੱਚ ਸੈਟਲ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਏਸੀਪੀ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ 18 ਅਗਸਤ ਨੂੰ ਬਖਤਾਵਰ ਸਿੰਘ ਵੱਲੋਂ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਨੂੰ ਫੋਨ ਆਇਆ ਕਿ ਮਾਹਲ ਬਾਈਪਾਸ ਲਾਗੇ ਕੁਝ ਅਣਪਛਾਤੇ ਵਿਆਕਤੀਆ ਨੇ ਉਨ੍ਹਾਂ ਕੋਲੋਂ 62 ਲੱਖ ਰੁਪਏ ਦੀ ਲੁੱਟ ਕੀਤੀ ਹੈ। ਇਸ 'ਤੇ ਇੰਸਪੈਕਟਰ ਹਰਿੰਦਰ ਸਿੰਘ ਮੌਕੇ 'ਤੇ ਪਹੁੰਚੇ ਤੇ ਸੀਨੀਅਰ ਅਫਸਰ ਵੀ ਮੌਕੇ 'ਤੇ ਪੁੱਜ ਗਏ।
ਵਿਕਾਸਬੀਰ ਸਿੰਘ ਸ਼ੇਰਗਿੱਲ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਘਰਿੰਡਾ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਨੇ ਆਪਣੇ ਲੜਕੇ ਬਖਤਾਬਰ ਸਿੰਘ ਸ਼ੇਰਗਿੱਲ ਸਮੇਤ ਇਤਲਾਹ ਦਿੱਤੀ ਕਿ ਉਹ ਬੈਕ ਆਫ ਇੰਡੀਆ ਮਾਲ ਰੋਡ ਲਾਕਰ ਤੋਂ 62 ਲੱਖ ਰੁਪਏ ਕਢਵਾ ਕੇ ਗੱਡੀ ਫਾਰਚੂਨਰ ਨੰਬਰ PB-02- BK-0021 ਤੇ ਜਾ ਰਹੇ ਸਨ। ਉਨ੍ਹਾਂ ਦੀ ਫਾਰਚੂਨਰ ਨੂੰ ਚਿੱਟੇ ਰੰਗ ਦੀ ਇਨੋਵਾ ਤੇ ਵਰਨਾ ਕਾਰ ਸਵਾਰਾਂ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਨੇ ਘੇਰ ਕੇ ਮਾਹਲ ਬਾਈਪਾਸ ਲਾਗੇ ਪਿਸਤੋਲ ਦੀ ਨੋਕ ਤੇ 62 ਲੱਖ ਰੁਪਏ ਦੀ ਖੋਹ ਕੀਤੀ ਹੈ। ਆਸਪਾਸ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਫਾਰਚੂਨਰ ਗੱਡੀ ਦੇ ਅੱਗੇ ਪਿੱਛੇ ਕੋਈ ਵੀ ਇਨੋਵਾ ਤੇ ਵਰਨਾ ਗੱਡੀ ਨਹੀਂ ਪਾਈ ਗਈ ਜੋ ਮਾਮਲਾ ਸ਼ੱਕੀ ਹੋਣਾ 'ਤੇ ਰਪਟ ਦਰਜ ਰੋਜਨਾਮਾਚਾ ਕੀਤੀ ਗਈ।
ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਹੇਠ ਏਡੀਸੀਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾ ਤੇ ਏਸੀਪੀ ਪੱਛਮੀ ਦੀ ਅਗਵਾਈ ਪਰ ਇੰਸਪੈਕਟਰ ਹਰਿੰਦਰ ਸਿੰਘ, ਮੁੱਖ ਅਫਸਰ ਥਾਣਾ ਕੰਨਟੋਨਮੈਂਟ ਅੰਮ੍ਰਿਤਸਰ ਵੱਲੋਂ ਪੜਤਾਲ ਕੀਤੀ ਤਾਂ ਵਿਕਸਾਬੀਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਹ 62 ਲੱਖ ਰੁਪਏ ਉਸ ਦੇ ਜੀਜੇ ਅਰਮਿੰਦਰ ਪਾਲ ਸਿੰਘ ਰੰਧਾਵਾ ਦੇ ਜੀਜੇ ਸਰਬਜੀਤ ਸਿੰਘ ਵਾਸੀ ਨਗੀਨਾ ਐਵੀਨਿਊ ਹਾਲ ਕੈਨੇਡਾ ਦੇ ਸਨ।
ਸਰਬਜੀਤ ਸਿੰਘ ਉਕਤ ਨੇ ਆਪਣੀ ਜਮੀਨ ਕਰੀਬ 6 ਕਿਲੇ 3 ਕਨਾਲ ਪਿੰਡ ਭਕਨਾ ਕਲਾਂ, ਗੁਰਸੇਵਕ ਸਿੰਘ ਵਾਸੀ ਭਕਨਾ ਕਲਾ ਨੂੰ ਵੇਚੀ ਸੀ ਤੇ ਇਸ ਜਮੀਨ ਦੀ ਪਾਵਰ ਆਫ ਅਟਾਰਨੀ ਵਿਕਾਸਬੀਰ ਸਿੰਘ ਉਕਤ ਨੂੰ ਦਿੱਤੀ ਗਈ ਸੀ। ਜੋ ਵਿਕਾਸਬੀਰ ਸਿੰਘ ਦੇ ਅਕਾਊਟ ਵਿਚ ਕਰੀਬ 58 ਲੱਖ ਰੁਪਏ ਦੇ ਚੈਕ ਟਰਾਂਸਫਰ ਹੋਏ ਤੇ ਬਾਕੀ 62 ਲੱਖ ਰੁਪਏ ਗੁਰਸੇਵਕ ਸਿੰਘ ਨੇ ਵਿਕਾਸਬੀਰ ਸਿੰਘ ਨੂੰ ਕੇਸ ਦਿੱਤੇ।
ਵਿਕਾਸਬੀਰ ਸਿੰਘ ਨੇ 58 ਲੱਖ ਰੁਪਏ, ਸਰਬਜੀਤ ਸਿੰਘ ਵਾਸੀ ਨਗੀਨਾ ਐਵੀਨਿਊ ਹਾਲ ਕਨੇਡਾ ਦੇ ਇੰਡਸ ਬੈਂਕ ਦੇ ਅਕਾਊਂਟ ਨੰਬਰ ਵਿਚ ਟਰਾਂਸਫਰ ਕਰ ਦਿੱਤੇ ਤੇ ਬਾਕੀ 62 ਲੱਖ ਰੁਪਏ ਆਪਣੇ ਕੋਲ ਰੱਖ ਲਏ ਜੋ ਇਸ ਵਾਰਦਾਤ ਦੀ ਪੂਰੀ ਟੈਕਨੀਕਲ ਤਰੀਕੇ ਨਾਲ ਪੜਤਾਲ ਕੀਤੀ ਗਈ ਤਾਂ ਇਹ ਵਕੂਆ ਨਹੀਂ ਹੋਣਾ ਪਾਇਆ ਗਿਆ ਤੇ ਵਿਕਾਸਬੀਰ ਸਿੰਘ ਤੇ ਇਸ ਦੇ ਲੜਕੇ ਬਖਤਾਵਰ ਸਿੰਘ ਨੇ ਸਰਬਜੀਤ ਸਿੰਘ ਉਕਤ ਦੇ 62 ਲੱਖ ਰੁਪਏ ਹੜੱਪਣ ਦੀ ਖਾਤਰ ਇਹ ਝੂਠੀ ਕਹਾਣੀ ਬਣਾ ਕੇ ਪੁਲਿਸ ਨੂੰ ਇਤਲਾਹ ਦਿੱਤੀ। ਜੌ ਹੁਣ ਵਿਕਾਸਬੀਰ ਸਿੰਘ ਤੇ ਇਸ ਦੇ ਲੜਕੇ ਬਖਤਾਵਰ ਸਿੰਘ ਦੇ ਖਿਲਾਫ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।