ਲੇਬਰ ਰੂਮ ਦੇ ਬਾਹਰ ਡਿਲਵਰੀ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਗਠਿਤ, ਜੌੜਾਮਾਜਰਾ ਨੇ ਕੱਲ੍ਹ ਤੱਕ ਰਿਪੋਰਟ ਮੰਗੀ
ਪਠਾਨਕੋਟ ਸਿਵਲ ਹਸਪਤਾਲ (Civil Hospital Pathankot) ਵਿੱਚ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਦੇ ਲੇਬਰ ਰੂਮ ਦੇ ਬਾਹਰ ਇੱਕ ਔਰਤ ਵੱਲੋਂ ਬੱਚੀ ਨੂੰ ਜਨਮ ਦੇਣ ਦੀ ਵੀਡੀਓ ਵਾਇਰਲ (Viral Video) ਹੋ ਰਹੀ ਹੈ।
ਚੰਡੀਗੜ੍ਹ: ਪਠਾਨਕੋਟ ਸਿਵਲ ਹਸਪਤਾਲ (Civil Hospital Pathankot) ਵਿੱਚ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਦੇ ਲੇਬਰ ਰੂਮ ਦੇ ਬਾਹਰ ਇੱਕ ਔਰਤ ਵੱਲੋਂ ਬੱਚੀ ਨੂੰ ਜਨਮ ਦੇਣ ਦੀ ਵੀਡੀਓ ਵਾਇਰਲ (Viral Video) ਹੋ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹਰ ਪਾਸੇ ਇਸ ਸ਼ਰਮਨਾਕ ਘਟਨਾ ਦੀ ਚਰਚਾ ਹੋ ਰਹੀ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਚਾਰ ਮੈਂਬਰੀ ਜਾਂਚ ਕਮੇਟੀ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਵਾਪਰੀ ਦਰਦਨਾਕ ਘਟਨਾ ਦੀ ਰਿਪੋਰਟ ਮੰਗਲਵਾਰ ਤੱਕ ਸੌਂਪਣ ਦੇ ਹੁਕਮ ਦਿੱਤੇ ਹਨ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਡਾ. ਰਾਜ ਕੁਮਾਰ- ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਵੰਦਨਾ ਕੁੰਡਲ- ਡਿਪਟੀ ਮੈਡੀਕਲ ਕਮਿਸ਼ਨਰ, ਡਾ. ਹਰਨਵਨੀਤ- ਗਾਇਨੀਕੋਲੋਜਿਸਟ, ਡਾ. ਬਿੰਦੂ ਗੁਪਤਾ- ਸੀਨੀਅਰ ਮੈਡੀਕਲ ਅਫਸਰ ਆਦਿ ਚਾਰ ਮੈਂਬਰੀ ਕਮੇਟੀ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਸੀ। ਇਸ ਕਮੇਟੀ ਨੂੰ 4 ਅਕਤੂਬਰ ਤੱਕ ਆਪਣੀ ਜਾਂਚ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਸਟਾਫ਼ ਵੱਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੌੜਾਮਾਜਰਾ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਸਿਹਤ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ, ਉਨ੍ਹਾਂ ਵੱਲੋਂ ਸਟਾਫ਼ ਨੂੰ ਮਰੀਜ਼ਾਂ ਨਾਲ ਨਿਮਰਤਾ ਨਾਲ ਪੇਸ਼ ਆਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰਕਾਰੀ ਹਸਪਤਾਲਾਂ ਵਿੱਚ ਸੇਵਾਵਾਂ ਲੈਣ ਸਮੇਂ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਦੁਹਰਾਇਆ ਕਿ ਜੇਕਰ ਇਸ ਜਾਂਚ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਕਰਮਚਾਰੀ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਜੌੜਾਮਾਜਰਾ ਨੇ ਕਿਹਾ ਕਿ ਜਿਹੜੇ ਸਰਕਾਰੀ ਕਰਮਚਾਰੀ ਸੇਵਾ ਕਰਦੇ ਸਮੇਂ ਲਾਪਰਵਾਹੀ ਜਾਂ ਅਣਗਹਿਲੀ ਕਰਦੇ ਹਨ, ਉਨ੍ਹਾਂ ਲਈ ਸੇਵਾ ਨਿਯਮਾਂ ਅਨੁਸਾਰ ਸਜ਼ਾ ਦੀ ਵਿਵਸਥਾ ਪਹਿਲਾਂ ਹੀ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿ਼ਲਾਫ਼ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :