Punjab Vidhan Sabha: ਲੀਡਰ ਟੱਪੇ ਸਾਰੀਆਂ ਹੱਦਾਂ...ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਿਧਾਇਕ ਹੋਏ ਗਾਲੋ-ਗਾਲੀ
Punjab Vidhan Sabha Special Session: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਆਖਰੀ ਦਿਨ ਖੂਬ ਹੰਗਾਮਾ ਹੋਇਆ। ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਤੂੰ-ਤੜਾਕ ਤੋਂ ਅੱਗੇ ਗਾਲੀ-ਗਲੋਚ ਤੱਕ ਪਹੁੰਚ ਗਏ।

Punjab Vidhan Sabha Special Session: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਆਖਰੀ ਦਿਨ ਖੂਬ ਹੰਗਾਮਾ ਹੋਇਆ। ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਤੂੰ-ਤੜਾਕ ਤੋਂ ਅੱਗੇ ਗਾਲੀ-ਗਲੋਚ ਤੱਕ ਪਹੁੰਚ ਗਏ। ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਵਿੰਦਰ ਗਿਆਸਪੁਰਾ ਨੇ ਜਲੰਧਰ ਉੱਤਰੀ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਉਰਫ ਅਵਤਾਰ ਹੈਨਰੀ ਜੂਨੀਅਰ ਦੇ ਪਰਿਵਾਰ 'ਤੇ ਨਸ਼ੀਲੇ ਪਦਾਰਥ ਵੇਚਣ ਦਾ ਦੋਸ਼ ਲਗਾਇਆ। ਇਸ ਨਾਲ ਬਾਵਾ ਹੈਨਰੀ ਗੁੱਸੇ ਵਿੱਚ ਆ ਗਏ ਤੇ ਗਿਆਸਪੁਰਾ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ। ਇਸ ਮਗਰੋਂ ਸਦਨ ਵਿੱਚ ਹੰਗਾਮਾ ਹੋ ਗਿਆ।
ਉਸ ਸਮੇਂ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਸਦਨ ਦੀ ਕਾਰਵਾਈ ਚਲਾ ਰਹੇ ਸਨ। ਵਿਧਾਇਕ ਗਿਆਸਪੁਰਾ ਨੇ ਡਿਪਟੀ ਸਪੀਕਰ ਨੂੰ ਕਿਹਾ ਕਿ ਜੇਕਰ ਇੱਥੇ ਕਿਸੇ ਉੱਚ ਜਾਤੀ ਦੇ ਵਿਧਾਇਕ ਨਾਲ ਦੁਰਵਿਵਹਾਰ ਹੋਇਆ ਹੁੰਦਾ, ਤਾਂ ਤੁਸੀਂ ਕਾਰਵਾਈ ਕਰਨੀ ਸੀ ਪਰ ਮੈਂ ਸੰਵਿਧਾਨ ਦੀ ਸ਼ਕਤੀ ਨਾਲ ਵਿਧਾਇਕ ਬਣਿਆ ਹਾਂ। ਜੇਕਰ ਤੁਸੀਂ ਮੇਰੇ ਵਰਗੇ ਦਲਿਤਾਂ ਨਾਲ ਇਨਸਾਫ ਨਹੀਂ ਕਰ ਸਕਦੇ ਤਾਂ ਮੈਂ ਚੁੱਪ ਕਰਕੇ ਬੈਠ ਜਾਂਦਾ ਹਾਂ। ਇਸ 'ਤੇ ਡਿਪਟੀ ਸਪੀਕਰ ਨੇ ਕਿਹਾ ਕਿ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।
ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਡਿਪਟੀ ਸਪੀਕਰ ਨੂੰ ਕਿਹਾ ਕਿ ਤੁਹਾਨੂੰ ਰਿਕਾਰਡਿੰਗ ਦੀ ਜਾਂਚ ਕਰਨੀ ਚਾਹੀਦੀ ਹੈ, ਕਿਸ ਨੇ ਪਹਿਲ ਕੀਤੀ, ਪਤਾ ਲੱਗ ਜਾਏਗਾ। ਇਸ ਦੌਰਾਨ ਸਪੀਕਰ ਕੁਲਤਾਰ ਸੰਧਵਾਂ ਵੀ ਸਦਨ ਵਿੱਚ ਆ ਗਏ। ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਕ 'ਆਪ' ਵਿਧਾਇਕ ਨੇ ਪਹਿਲਾਂ ਕਾਂਗਰਸੀ ਵਿਧਾਇਕ 'ਤੇ ਚਿੱਟਾਂ ਵੇਚਣ ਦਾ ਦੋਸ਼ ਲਾਇਆ। ਹਾਲਾਂਕਿ, ਕਾਂਗਰਸੀ ਵਿਧਾਇਕ ਨੇ ਵੀ ਉਸ ਸਮੇਂ ਸਹੀ ਵਿਵਹਾਰ ਨਹੀਂ ਕੀਤਾ। ਪੂਰੇ ਰਿਕਾਰਡ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਬਾਅਦ ਵਿੱਚ ਪ੍ਰਤਾਪ ਬਾਜਵਾ ਨੇ ਪਾਰਟੀ ਵਿਧਾਇਕ ਵੱਲੋਂ ਮੁਆਫੀ ਮੰਗੀ ਜਿਸ ਤੋਂ ਬਾਅਦ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਬਿੱਲ ਪਾਸ ਨਹੀਂ ਹੋ ਸਕਿਆ। ਇਸ ਨੂੰ ਹੁਣ ਹੋਰ ਵਿਚਾਰ ਲਈ ਵਿਧਾਨ ਸਭਾ ਦੀ ਸਿਲੈਕਟ ਕਮੇਟੀ ਕੋਲ ਭੇਜਿਆ ਗਿਆ ਹੈ। ਕਮੇਟੀ ਧਾਰਮਿਕ ਸੰਗਠਨਾਂ ਤੋਂ ਇਸ 'ਤੇ ਰਾਏ ਲਵੇਗੀ। ਇਸ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਇਸ ਬਿੱਲ ਵਿੱਚ ਚਾਰਾਂ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਲਈ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਹੈ।






















