ਸਰਕਾਰ ਬਦਲੀ, ਸਿਸਟਮ ਨਹੀਂ! 'ਆਪ' ਨੇ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਾ ਕਰਵਾਉਣ ਦਾ ਕੀਤਾ ਸੀ ਐਲਾਨ ਪਰ ਅੱਜ ਵਾਅਦਾ ਭੁੱਲੀ ਸਰਕਾਰ
ਪੰਜਾਬ ਵਿੱਚ ਸਰਕਾਰ ਬਦਲੀ ਪਰ ਸਿਸਟਮ ਨਹੀਂ। ਹੋਰ ਤਾਂ ਹੋਰ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਜੋ ਵਾਅਦੇ ਤੇ ਦਾਅਵੇ ਕਰਦੀ ਸੀ, ਉਹ ਅੱਜ ਭੁੱਲ ਗਈ ਜਾਪਦੀ ਹੈ।
Amritsar News: ਪੰਜਾਬ ਵਿੱਚ ਸਰਕਾਰ ਬਦਲੀ ਪਰ ਸਿਸਟਮ ਨਹੀਂ। ਹੋਰ ਤਾਂ ਹੋਰ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਜੋ ਵਾਅਦੇ ਤੇ ਦਾਅਵੇ ਕਰਦੀ ਸੀ, ਉਹ ਅੱਜ ਭੁੱਲ ਗਈ ਜਾਪਦੀ ਹੈ। ਆਮ ਆਦਮੀ ਪਾਰਟੀ ਨੇ ਇੱਕ ਐਲਾਨ ਕੀਤਾ ਸੀ ਕਿ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਹੀਂ ਕਰਵਾਏ ਜਾਣਗੇ ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅਧਿਆਪਕਾਂ ਨੂੰ ਉਮੀਦ ਸੀ ਕਿ ਚੋਣਾਂ ਜਾਂ ਸਬੰਧਤ ਕੰਮਾਂ ਵਿੱਚ ਡਿਊਟੀ ਨਹੀਂ ਲਾਈ ਜਾਵੇਗੀ ਪਰ ਸੱਤਾ ਬਦਲਣ ਨਾਲ ਸਿਸਟਮ ਨਹੀਂ ਬਦਲਿਆ।
ਅੰਮ੍ਰਿਤਸਰ ਜ਼ਿਲ੍ਹੇ ਵਿੱਚ 2100 ਦੇ ਕਰੀਬ ਅਧਿਆਪਕਾਂ ਨੂੰ ਬੀਐਲਓਜ਼ ਵਜੋਂ ਵੋਟਰਾਂ ਦਾ ਘਰ-ਘਰ ਸਰਵੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਕਾਰਨ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ 30 ਦਿਨਾਂ ਤੱਕ ਪ੍ਰਭਾਵਿਤ ਰਹੇਗੀ। ਇਹ ਗੱਲ ਡੈਮੋਕ੍ਰੇਟਿਕ ਟੀਚਰ ਫਰੰਟ (ਡੀਟੀਐਫ) ਦੀ ਆਗੂ ਅਸ਼ਵਨੀ ਅਵਸਥੀ ਨੇ ਧਰਨੇ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਅਜਿਹੇ ਕੰਮਾਂ ਵਿੱਚ ਅਧਿਆਪਕਾਂ ਦੀ ਡਿਊਟੀ ਲਾਉਣ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ।
ਡੀਟੀਐਫ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਗੈਰ ਵਿਦਿਅਕ ਡਿਊਟੀ ’ਤੇ ਤਾਇਨਾਤ ਕਰਨਾ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ ਕਿਉਂਕਿ ਭਵਿੱਖ ਵਿੱਚ ਵੀ ਚੋਣਾਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਤੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਕਿਹਾ ਕਿ ਸਿੱਖਿਆ ਨੂੰ ਪਹਿਲ ਦੇਣ ਦੇ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਹੈ।
ਯੂਨੀਅਨ ਆਗੂਆਂ ਜਰਮਨਜੀਤ ਸਿੰਘ, ਗੁਰਬਿੰਦਰ ਖਹਿਰਾ, ਚਰਨਜੀਤ ਸਿੰਘ, ਗੁਰਦੇਵ ਸਿੰਘ, ਹਰਜਾਪ ਬੱਲ, ਰਾਜੇਸ਼ ਪਰਾਸ਼ਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਅਧਿਆਪਕਾਂ ਦੀ ਡਿਊਟੀ ਚੋਣਾਂ ਤੇ ਸਬੰਧਤ ਕੰਮਾਂ ਲਈ ਨਹੀਂ ਵਰਤੀ ਜਾਵੇਗੀ। ਅਧਿਆਪਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ 7000 ਦੇ ਕਰੀਬ ਪ੍ਰਾਇਮਰੀ-ਸੈਕੰਡਰੀ ਅਧਿਆਪਕ ਹਨ ਜਿਸ ਵਿੱਚ 2 ਹਜ਼ਾਰ ਦੀ ਡਿਊਟੀ ਲੱਗਣ ਤੋਂ ਬਾਅਦ ਸਿਰਫ਼ 5 ਹਜ਼ਾਰ ਹੀ ਰਹਿ ਜਾਣਗੇ।