ਮਜੀਠੀਆ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਆਇਆ ਆਪ ਵਿਧਾਇਕ, ਕਿਹਾ-ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ, ਤੜਕੇ ਰੇਡ ਮਾਰਨਾ ਨੀਤੀ ਦੇ ਖ਼ਿਲਾਫ਼
ਜਦੋਂ ਮਜੀਠੀਆ ਕਾਂਗਰਸ ਸਰਕਾਰ ਵੇਲੇ ਦਰਜ ਹੋਏ ਮੁਕੱਦਮੇ ਵਿੱਚ ਜੇਲ ਦੇ ਵਿੱਚ ਸਨ ਤਾਂ ਮਾਨ ਸਾਹਬ ਦੀ ਸਰਕਾਰ ਨੇ ਕੋਈ ਰਿਮਾਂਡ ਨਹੀਂ ਲਿਆ ਤੇ ਕੋਈ ਪੁੱਛ ਗਿੱਛ ਨਹੀਂ ਕੀਤੀ ਗਈ, ਬਾਅਦ ਦੇ ਵਿੱਚ ਮਾਨ ਸਾਹਬ ਦੇ ਸਰਕਾਰੀ ਤੰਤਰ ਨੇ ਜਮਾਨਤ ਕਰਵਾ ਦਿੱਤੀ ਸੀ।
Bikram Singh Majithia Arrested: ਪੰਜਾਬ ਵਿਜੀਲੈਂਸ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ (Bikram Singh Majithia) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤੀ ਗਈ ਹੈ। ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਵਿਜੀਲੈਂਸ ਟੀਮ ਮਜੀਠੀਆ ਨੂੰ ਮੋਹਾਲੀ ਲੈ ਗਈ। ਜਿੱਥੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਨੇ ਬਿਕਰਮ ਮਜੀਠੀਆ ਦੇ ਘਰੋਂ 29 ਮੋਬਾਈਲ ਫੋਨ, 4 ਲੈਪਟਾਪ, 2 ਆਈਪੈਡ, 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ। ਇਸ ਨੂੰ ਲੈ ਕੇ ਹੁਣ ਸਿਆਸਤ ਵੀ ਭਖ ਗਈ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮਜੀਠੀਆ ਜੇਲ੍ਹ ਵਿੱਚ ਸੀ ਤਾਂ ਮਾਨ ਸਾਬ੍ਹ ਦੀ ਸਰਕਾਰ ਨੇ ਪੁੱਛ ਗਿੱਛ ਨਹੀਂ ਕੀਤੀ ਤੇ ਜ਼ਮਾਨਤ ਕਰਵਾ ਦਿੱਤੀ, ਬਰਗਾੜੀ ਬੇਅਦਬੀ ਦੇ ਇਨਸਾਫ਼ ਦੇ ਵੇਲੇ ਵੀ ਦੋਸ਼ੀ ਪਰਿਵਾਰ ਦੇ ਨਾਲ ਸਰਕਾਰ ਨੇ ਸਮਝੌਤਾ ਕਰ ਲਿਆ।
ਹਰ ਕਿਸੇ ਨੇ ਕੀਤੀ ਵਿਜੀਲੈਂਸ ਦੀ ਦੁਰਵਰਤੋਂ
ਵਿਧਾਇਕ ਨੇ ਕਿਹਾ ਕਿ ਮਜੀਠੀਆ ਦੇ ਨਾਲ ਮੇਰਾ ਵਿਚਾਰਕ ਮਤਭੇਦ ਹਨ ਤੇ ਰਹਿਣਗੇ ਪਰ ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ ਚਾਹੇ ਉਹ ਨੇਤਾ ਹੋਵੇ ਅਭਿਨੇਤਾ ਹੋਵੇ, ਅਮੀਰ ਹੋਵੇ ਜਾਂ ਗਰੀਬ ਹੋਵੇ, ਦੋਸਤ ਹੋਵੇ ਜਾਂ ਦੁਸ਼ਮਣ। ਤੜਕੇ ਕਿਸੇ ਦੇ ਘਰ ਤੇ ਰੇਡ ਮਾਰਨਾ ਨੀਤੀ ਦੇ ਖਿਲਾਫ ਹੁੰਦਾ ਹੈ, ਤਕਰੀਬਨ ਹਰ ਆਉਣ ਵਾਲਿਆਂ ਸਰਕਾਰਾਂ ਨੇ ਪੁਲਿਸ ਤੇ ਵਿਜੀਲੈਂਸ ਦਾ ਆਪਣੇ ਫਾਇਦੇ ਲਈ ਦੁਰਉਪਯੋਗ ਅਤੇ ਦੁਰਵਰਤੋਂ ਕੀਤਾ ਲੇਕਿਨ ਸਿੱਟਾ ਕੋਈ ਖਾਸ ਨਿਕਲਦਾ ਨਹੀਂ। ਕਿਸੇ ਦੇ ਨਾਲ ਮੇਰਾ ਸਿਆਸੀ ਤੌਰ ਤੇ ਮਤਭੇਦ ਹੋ ਸਕਦਾ ਹੈ, Ideological difference ਹੋ ਸਕਦਾ ਹੈ, ਲੇਕਿਨ ਨੀਤੀ, ਧਰਮ ਤੇ ਦਿਆਨਤਦਾਰੀ ਦੀ ਗੱਲ ਹੋਵੇ ਤਾਂ ਚਰਚਾ ਕਰਨੀ ਲਾਜ਼ਮੀ ਹੋ ਜਾਂਦੀ ਹੈ।
ਜਦੋਂ ਮਜੀਠੀਆ ਕਾਂਗਰਸ ਸਰਕਾਰ ਵੇਲੇ ਦਰਜ ਹੋਏ ਮੁਕੱਦਮੇ ਵਿੱਚ ਜੇਲ ਦੇ ਵਿੱਚ ਸਨ ਤਾਂ ਮਾਨ ਸਾਹਬ ਦੀ ਸਰਕਾਰ ਨੇ ਕੋਈ ਰਿਮਾਂਡ ਨਹੀਂ ਲਿਆ ਤੇ ਕੋਈ ਪੁੱਛ ਗਿੱਛ ਨਹੀਂ ਕੀਤੀ ਗਈ, ਬਾਅਦ ਦੇ ਵਿੱਚ ਮਾਨ ਸਾਹਬ ਦੇ ਸਰਕਾਰੀ ਤੰਤਰ ਨੇ ਜਮਾਨਤ ਕਰਵਾ ਦਿੱਤੀ ਸੀ। ਮਾਣਯੋਗ ਹਾਈ ਕੋਰਟ ਨੇ ਇਸ ਗਰਾਊਂਡ ਤੇ ਜਮਾਨਤ ਦਿੱਤੀ ਕਿ ਜੇ ਪੁਲਿਸ ਨੂੰ ਪੁੱਛ ਗਿੱਛ ਵਾਸਤੇ ਲੋੜੀਂਦਾ ਨਹੀਂ ਹਨ ਤਾਂ ਕਸਟਡੀ ਵਿੱਚ ਰੱਖਣਾ ਕਾਨੂੰਨ ਦੇ ਖ਼ਿਲਾਫ਼ ਹੈ।
ਮੇਰਾ ਕਹਿਣਾ ਹੈ ਕਿ ਜਦੋਂ ਕਸਟਡੀ ਵਿੱਚ ਸੀ ਤਾਂ ਸਰਕਾਰ ਨੇ ਜਮਾਨਤ ਕਰਵਾ ਦਿੱਤੀ ਤੇ ਹੁਣ ਨੋਟਿਸ ਜਾਰੀ ਕਰਕੇ ਪੁੱਛ ਗਿੱਛ ਕੀਤੀ ਜਾਂਦੀ ਹੈ ਤੇ ਅੱਜ ਘਰ ਤੇ ਰੇਡ ਕੀਤੀ ਜਾ ਰਹੀ ਹੈ ਤੇ ਬਹੁ-ਬੇਟੀ ਦੀ ਇੱਜਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਮਜੀਠੀਆ ਦੇ ਨਾਲ ਮੇਰਾ Ideological ਮਤਭੇਦ ਹੈ ਅਤੇ ਰਹੇਗਾ; ਗੱਲ ਨੀਤੀ ਅਤੇ ਦਿਆਨਤਦਾਰੀ ਦੀ ਹੈ।






















