Punjab News : ਜੂਨ ਮਹੀਨ ਸੱਦੇ ਸੈਸ਼ਨ 'ਤੇ ਹਾਲੇ ਤੱਕ ਰੇੜਕਾ - ਕਾਂਗਰਸ ਦੀ ਮੰਗ : ਸੈਸ਼ਨ ਦਾ ਸਾਰਾ ਖਰਚਾ ਭਗਵੰਤ ਮਾਨ ਆਪਣੇ ਪੱਲਿਓਂ ਦੇਣ
Special Session Row : "ਜੇ ਇਹ ਸਾਬਤ ਹੋ ਜਾਂਦਾ ਹੈ ਜਿਵੇਂ ਕਿ ਰਾਜਪਾਲ ਦਾ ਮੰਨਣਾ ਹੈ, ਤਾਂ ਕੀ 'ਆਪ' ਸਰਕਾਰ ਆਪਣੀ ਪਾਰਟੀ ਦੇ ਫ਼ੰਡਾਂ ਵਿੱਚੋਂ ਦੋ ਦਿਨਾਂ ਦੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ 'ਤੇ ਖ਼ਰਚ ਕੀਤੇ ਗਏ ਪੈਸੇ ਨੂੰ ਪੰਜਾਬ ਦੇ ਖ਼ਜ਼ਾਨੇ...
Vidhan Sabha Special Session : ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 19 ਅਤੇ 20 ਜੂਨ ਨੂੰ ਬੁਲਾਏ ਗਏ ਦੋ ਦਿਨਾ ਵਿਧਾਨ ਸਭਾ ਸੈਸ਼ਨ ਨੂੰ ਗ਼ੈਰ ਕਾਨੂੰਨੀ ਦੱਸਿਆ ਹੈ। ਜਿਸ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 'ਆਪ' ਸਰਕਾਰ ਨੇ ਸਦਨ ਵਿੱਚ ਆਪਣਾ ਘਮੰਡ ਦਿਖਾਉਣ ਲਈ ਪੰਜਾਬ ਦੇ ਖ਼ਜ਼ਾਨੇ ਨੂੰ ਬਰਬਾਦ ਕੀਤਾ ਹੈ।
ਕਾਂਗਰਸ ਦੇ ਸੀਨੀਅਰ ਆਗੂ ਬਾਜਵਾ ਨੇ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰ 'ਚ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ 'ਤੇ ਕਾਨੂੰਨੀ ਸਲਾਹ ਮਿਲੀ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕਾਨੂੰਨ ਦੀ ਉਲੰਘਣਾ ਹੈ।
"ਜੇ ਇਹ ਸਾਬਤ ਹੋ ਜਾਂਦਾ ਹੈ ਜਿਵੇਂ ਕਿ ਰਾਜਪਾਲ ਦਾ ਮੰਨਣਾ ਹੈ, ਤਾਂ ਕੀ 'ਆਪ' ਸਰਕਾਰ ਆਪਣੀ ਪਾਰਟੀ ਦੇ ਫ਼ੰਡਾਂ ਵਿੱਚੋਂ ਦੋ ਦਿਨਾਂ ਦੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ 'ਤੇ ਖ਼ਰਚ ਕੀਤੇ ਗਏ ਪੈਸੇ ਨੂੰ ਪੰਜਾਬ ਦੇ ਖ਼ਜ਼ਾਨੇ ਵਿੱਚ ਜਮਾਂ ਕਰੇਗੀ? ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਬਾਰੇ ਸਫ਼ਾਈ ਦੇਣੀ ਚਾਹੀਦੀ ਹੈ।
ਵਿਰੋਧੀ ਧਿਰ ਦੇ ਆਗੂ ਬਾਜਵਾ ਨੇ ਕਿਹਾ ਕਿ 'ਆਪ' ਸਰਕਾਰ ਨੇ ਪਿਛਲੇ ਸਾਲ 'ਅਪਰੇਸ਼ਨ ਲੋਟਸ' ਬਾਰੇ ਬੇਲੋੜਾ ਪ੍ਰਚਾਰ ਪੈਦਾ ਕਰਨ ਤੋਂ ਬਾਅਦ ਵਿਸ਼ਵਾਸ ਪ੍ਰਸਤਾਵ ਲਿਆਉਣ ਲਈ ਵਿਸ਼ੇਸ਼ ਸੈਸ਼ਨ ਬੁਲਾਇਆ ਸੀ। 'ਆਪ' ਸਰਕਾਰ ਨੂੰ 'ਅਪਰੇਸ਼ਨ ਲੋਟਸ' ਨੂੰ ਲੈ ਕੇ ਰੌਲਾ ਪਾਏ ਨੂੰ ਲਗਭਗ ਇੱਕ ਸਾਲ ਹੋ ਗਿਆ ਹੈ, ਫਿਰ ਵੀ ਅਜੇ ਤੱਕ ਕੋਈ ਕਾਰਵਾਈ ਰਿਪੋਰਟ ਪੇਸ਼ ਨਹੀਂ ਕੀਤੀ ਗਈ। "ਅਪਰੇਸ਼ਨ ਲੋਟਸ" ਨਾਲ ਸਬੰਧਿਤ ਐਫਆਈਆਰ ਦਾ ਕੋਈ ਵੇਰਵਾ ਉਪਲਬਧ ਨਹੀਂ ਕਰਵਾਇਆ ਗਿਆ ਸੀ।
"ਦੋ ਦਿਨਾਂ ਸੈਸ਼ਨ ਦੌਰਾਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ਼ ਸਿੱਖ ਮਾਮਲਿਆਂ ਵਿੱਚ ਦਖ਼ਲ ਅੰਦਾਜ਼ੀ ਕੀਤੀ, ਬਲਕਿ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਵੀ ਕੀਤੀ। ਜਿਸ ਤਰਾਂ 'ਆਪ' ਸਰਕਾਰ ਨੇ ਸਦਨ ਵਿਚ ਸਿੱਖ ਗੁਰਦੁਆਰਾ ਐਕਟ 1925 ਵਿਚ ਸੋਧ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਨੇ ਗ਼ਲਤ ਮਿਸਾਲ ਕਾਇਮ ਕੀਤੀ ਹੈ।
ਇੱਕ ਬਿਆਨ ਰਾਹੀਂ ਬਾਜਵਾ ਨੇ ਕਿਹਾ ਕਿ 'ਆਪ' ਸਰਕਾਰ ਦੀਆਂ ਨੀਂਹਾਂ ਸਿਰਫ਼ ਪ੍ਰਚਾਰ 'ਤੇ ਰੱਖੀਆਂ ਗਈਆਂ ਹਨ ਅਤੇ ਇਹ ਪ੍ਰਚਾਰ ਤੋਂ ਬਿਨਾਂ ਨਹੀਂ ਰਹਿ ਸਕਦੀ। ਇਸ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਬਜਾਏ ਸੂਬੇ ਦੀ ਵਿੱਤੀ ਸਿਹਤ ਨੂੰ ਸੁਧਾਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।