ਅਦਾਕਾਰਾ ਤਾਨੀਆ ਦੇ ਪਿਤਾ ਨੂੰ ਗੋਲੀ ਮਾਰਨ ਵਾਲਿਆਂ ਦੀ CCTV ਆਈ ਸਾਹਮਣੇ, ਇਦਾਂ ਦਿੱਤਾ ਸੀ ਵਾਰਦਾਤ ਨੂੰ ਅੰਜਾਮ
Punjab News: ਮੋਗਾ ਦੇ ਕਸਬਾ ਕੋਟ ਈਸੇ ਖਾਂ ਦੇ ਹਰਬੰਸ ਨਰਸਿੰਗ ਹੋਮ ਦੇ ਸੰਚਾਲਕ ਅਤੇ ਮਸ਼ੂਹਰ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲਜੀਤ ਕੰਬੋਜ ਨੂੰ ਗੋਲੀਆਂ ਮਾਰੀਆਂ ਗਈਆਂ।

Punjab News: ਮੋਗਾ ਦੇ ਕਸਬਾ ਕੋਟ ਈਸੇ ਖਾਂ ਦੇ ਹਰਬੰਸ ਨਰਸਿੰਗ ਹੋਮ ਦੇ ਸੰਚਾਲਕ ਅਤੇ ਮਸ਼ੂਹਰ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲਜੀਤ ਕੰਬੋਜ ਨੂੰ ਗੋਲੀਆਂ ਮਾਰੀਆਂ ਗਈਆਂ। ਬੀਤੇ ਦਿਨੀਂ ਡਾਕਟਰ ਅਨਿਲਜੀਤ ‘ਤੇ ਦੋ ਅਣਪਛਾਤੇ ਵਿਅਕਤੀ ਆਏ ‘ਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਦੀ ਹਾਲਤ ਕਾਫੀ ਨਾਜ਼ੁਕ ਹੈ।
ਕਿਵੇਂ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ
ਦੱਸ ਦਈਏ ਕਿ ਇਹ ਦੋਵੇਂ ਵਿਅਕਤੀ ਮਰੀਜ਼ ਬਣ ਕੇ ਨਰਸਿੰਗ ਹੋਮ ਵਿੱਚ ਆਏ ਸਨ। ਪਹਿਲਾਂ ਇਹ ਸਵੇਰੇ 10 ਵਜੇ ਕਲੀਨਿਕ ਆਏ ਸਨ, ਉਦੋਂ ਡਾਕਟਰ ਆਏ ਨਹੀਂ ਸਨ, ਤਾਂ ਉਦੋਂ ਇਹ ਵਾਪਸ ਚਲੇ ਗਏ। ਇਸ ਤੋਂ ਬਾਅਦ ਫਿਰ ਇਹ 12.50 ‘ਤੇ ਆਏ ਤਾਂ ਉਸ ਵੇਲੇ ਡਾਕਟਰ ਆਪਣੇ ਨਰਸਿੰਗ ਹੋਮ ਵਿੱਚ ਮੌਜੂਦ ਸਨ ਤੇ ਮਰੀਜ਼ਾਂ ਦਾ ਚੈਕਅੱਪ ਵੀ ਕਰ ਰਹੇ ਸਨ।
ਜਾਣਕਾਰੀ ਮੁਤਾਬਕ ਦੋ ਨੌਜਵਾਨ ਕਲੀਨਿਕ ਵਿੱਚ ਆਏ, ਇੱਕ ਨੇ ਕਿਹਾ ਕਿ ਉਸ ਦੇ ਪੈਰ ਵਿੱਚ ਇਨਫੈਕਸ਼ਨ ਹੈ, ਉਸ ਨੇ ਪੈਰ ਦੀ ਜਾਂਚ ਕਰਵਾਉਣੀ ਹੈ, ਜਿਵੇਂ ਡਾਕਟਰ ਥੱਲ੍ਹੇ ਹੋ ਕੇ ਉਸ ਦੀ ਪੈਰ ਦੀ ਜਾਂਚ ਕਰਨ ਲੱਗੇ ਤਾਂ ਪਿੱਛੇ ਖੜ੍ਹੇ ਵਿਅਕਤੀ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਸਾਰੇ ਸਟਾਫ ਮੈਂਬਰ ਵੀ ਮੌਜੂਦ ਸਨ।
ਘਟਨਾ ਤੋਂ ਬਾਅਦ ਇੱਕ ਸੀਸੀਟੀਵੀ ਦੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦੋਵੇਂ ਵਿਅਕਤੀ ਸਰਦਾਰ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਦਸੰਬਰ 2022 ਵਿੱਚ, ਡਾ. ਅਨਿਲਜੀਤ ਕੰਬੋਜ ਨੂੰ ਇੱਕ ਧਮਕੀ ਭਰਿਆ ਫੋਨ ਆਇਆ ਸੀ, ਜਿਸ ਵਿੱਚ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਮੋਗਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ 15 ਦਸੰਬਰ 2022 ਨੂੰ ਐਫਆਈਆਰ ਨੰਬਰ 182 ਦਰਜ ਕੀਤੀ। ਇਹ ਧਮਕੀ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਦਿੱਤੀ ਸੀ।
ਡਾ: ਵਿਜੇ ਕਾਲੜਾ ਨੇ ਕਿਹਾ ਕਿ ਡਾ: ਅਨਿਲ ਕੰਬੋਜ ਸ਼ੁੱਕਰਵਾਰ ਨੂੰ ਜ਼ਖਮੀ ਹਾਲਤ ਵਿੱਚ ਸਾਡੇ ਕੋਲ ਆਏ। ਡਾ: ਅਨਿਲ ਨੂੰ ਦੋ ਗੋਲੀਆਂ ਲੱਗੀਆਂ ਸਨ, ਇੱਕ ਛਾਤੀ 'ਤੇ ਅਤੇ ਇੱਕ ਪੇਟ 'ਤੇ। ਗੋਲੀ ਲੰਘ ਗਈ ਸੀ। ਸਾਡੀ ਡਾਕਟਰ ਟੀਮ ਨੇ ਕੱਲ੍ਹ 3 ਘੰਟੇ ਦੀ ਸਰਜਰੀ ਤੋਂ ਬਾਅਦ ਗੋਲੀ ਕੱਢ ਦਿੱਤੀ ਪਰ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੈ। ਮਰੀਜ਼ ਇਸ ਸਮੇਂ ਆਈਸੀਯੂ ਵਿੱਚ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ।
ਇਸ ਦੇ ਨਾਲ ਹੀ ਮੋਗਾ ਦੇ ਐਸਪੀਡੀ ਬਾਲਕ੍ਰਿਸ਼ਨਨ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਡਾ. ਅਨਿਲ ਕੰਬੋਜ ਦੇ ਪੁੱਤਰ ਚਾਹਤ ਕੰਬੋਜ ਦੇ ਬਿਆਨ ਦੇ ਆਧਾਰ 'ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ ਅਤੇ ਮੁਲਜ਼ਮਾਂ ਨੂੰ ਬਹੁਤ ਜਲਦੀ ਫੜ ਲਿਆ ਜਾਵੇਗਾ।






















