ਰਾਸ਼ਨ ਦੇ ਬਿੱਲ 'ਚ ਨਿੰਬੂ ਦਾ ਪੈਸਾ ਜੋੜਨ ਵਾਲੇ ਕਪੂਰਥਲਾ ਜੇਲ੍ਹ ਅਧਿਕਾਰੀ 'ਤੇ ਡਿੱਗੀ ਗਾਜ, ਆਟੇ 'ਚ ਗਬਨ ਦੇ ਵੀ ਮਿਲੇ ਸਬੂਤ
ਜਾਂਚ ਕਮੇਟੀ ਦੇ ਅਚਨਚੇਤ ਨਿਰੀਖਣ ਦੌਰਾਨ ਕੈਦੀਆਂ ਨੇ ਦੱਸਿਆ ਕਿ ਰਸੋਈ ਵਿਚ ਕਈ ਨਿੰਬੂਆਂ ਦੀ ਵਰਤੋਂ ਨਹੀਂ ਕੀਤੀ ਗਈ।
ਚੰਡੀਗੜ੍ਹ : ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੈਦੀਆਂ ਲਈ ਰਾਸ਼ਨ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਤਹਿਤ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਗੁਰਨਾਮ ਲਾਲ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਜਾਂਚ ਕਮੇਟੀ ਦੇ ਖ਼ੁਲਾਸੇ ਮੁਤਾਬਕ ਜੇਲ੍ਹ ਅਧਿਕਾਰੀ ਨੇ ਹੋਰ ਬੇਨਿਯਮੀਆਂ ਦੇ ਨਾਲ-ਨਾਲ 50 ਕਿਲੋ ਨਿੰਬੂ ਖ਼ਰੀਦਣ ਵਿੱਚ ਵੀ ਬੇਨਿਯਮੀਆਂ ਦਿਖਾਈਆਂ ਸੀ, ਜਦਕਿ ਕੈਦੀਆਂ ਦਾ ਦਾਅਵਾ ਸੀ ਕਿ ਨਿੰਬੂ ਕਦੇ ਰਸੋਈ ਵਿੱਚ ਨਹੀਂ ਵਰਤੇ ਗਏ।
ਨਿੰਬੂਆਂ ਦੀ ਖਰੀਦ 15 ਤੋਂ 30 ਅਪ੍ਰੈਲ ਦਰਮਿਆਨ ਦਿਖਾਈ ਗਈ ਜਦੋਂ ਨਿੰਬੂ ਦੀਆਂ ਕੀਮਤਾਂ 200 ਪ੍ਰਤੀ ਕਿਲੋ ਤੋਂ ਉਪਰ ਸੀ। ਕੈਦੀਆਂ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਏਡੀਜੀਪੀ (ਜੇਲ੍ਹਾਂ) ਵਰਿੰਦਰ ਕੁਮਾਰ ਨੇ ਡੀਆਈਜੀ (ਜੇਲ੍ਹਾਂ) ਅਤੇ ਲੇਖਾ ਅਧਿਕਾਰੀ ਨੂੰ 1 ਮਈ ਨੂੰ ਜੇਲ੍ਹ ਦਾ ਅਚਨਚੇਤ ਨਿਰੀਖਣ ਕਰਨ ਲਈ ਭੇਜਿਆ ਸੀ।
ਆਟੇ ਵਿੱਚ ਵੀ ਗਬਨ ਦੇ ਮਿਲੇ ਹਨ ਸਬੂਤ
ਜਾਂਚ ਪੈਨਲ ਨੇ ਆਪਣੀ ਰਿਪੋਰਟ ਵਿੱਚ ਪਾਇਆ ਕਿ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਮਾੜੀ ਸੀ, ਇਸ ਤੋਂ ਇਲਾਵਾ ਕੈਦੀਆਂ ਨੂੰ ਜੇਲ੍ਹ ਮੈਨੂਅਲ ਦੁਆਰਾ ਨਿਰਧਾਰਤ ਮਾਤਰਾ ਵਿੱਚ ਭੋਜਨ ਨਹੀਂ ਦਿੱਤਾ ਜਾ ਰਿਹਾ ਸੀ। ਉਦਾਹਰਨ ਲਈ, ਹਰੇਕ ਰੋਟੀ ਦਾ ਵਜ਼ਨ 50 ਗ੍ਰਾਮ ਤੋਂ ਘੱਟ ਸੀ, ਜੋ ਇਹ ਦਰਸਾਉਂਦਾ ਹੈ ਕਿ ਕਈ ਕੁਇੰਟਲ ਆਟਾ ਗਬਨ ਕੀਤਾ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਲ੍ਹ ਅਧਿਕਾਰੀ ਨੇ ਪੰਜ ਦਿਨਾਂ ਲਈ ਸਬਜ਼ੀ ਖਰੀਦੀ ਸੀ ਪਰ ਕੈਦੀਆਂ ਨੂੰ ਸਿਰਫ਼ ਚਾਰ ਦਿਨ ਹੀ ਸਬਜ਼ੀ ਮਿਲੀ।
ਗੁਰਨਾਮ ਲਾਲ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ
ਰਿਪੋਰਟ 'ਚ ਦਵਾਈਆਂ ਦੀ ਅਣਉਪਲਬਧਤਾ, ਇਮਾਰਤ ਦੀ ਮਾੜੀ ਸਾਂਭ-ਸੰਭਾਲ ਅਤੇ ਜੂਨੀਅਰ ਅਧਿਕਾਰੀਆਂ 'ਤੇ ਕੰਟਰੋਲ ਦੀ ਘਾਟ ਦਾ ਵੀ ਜ਼ਿਕਰ ਕੀਤਾ ਗਿਆ ਸੀ ਪਰ ਨਿਯਮਾਂ ਮੁਤਾਬਕ ਪੂਰਾ ਕੰਟਰੋਲ ਨਹੀਂ ਸੀ।
ਜੇਲ੍ਹ ਵਿੱਚ ਦੁਰਪ੍ਰਬੰਧ ਅਤੇ ਫੰਡਾਂ ਦੀ ਵਰਤੋਂ ਵਿੱਚ ਗਬਨ ਦੀਆਂ ਸ਼ੁਰੂਆਤੀ ਰਿਪੋਰਟਾਂ ਤੋਂ ਇਲਾਵਾ ਇਹ ਅਧਿਕਾਰੀ ਆਪਣੇ ਫਰਜ਼ਾਂ ਅਤੇ ਜੇਲ੍ਹ ਪ੍ਰਸ਼ਾਸਨ ਪ੍ਰਤੀ ਲਾਪਰਵਾਹੀ ਵਾਲਾ ਪਾਇਆ ਗਿਆ ਹੈ। ਇਸ ਤੋਂ ਬਾਅਦ ਮੰਤਰੀ ਨੇ ਵਧੀਕ ਮੁੱਖ ਸਕੱਤਰ ਨੂੰ ਗੁਰਨਾਮ ਲਾਲ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ। ਸੂਤਰਾਂ ਨੇ ਦੱਸਿਆ ਕਿ ਇਸ ਕੁਤਾਹੀ ਲਈ ਲਾਲ ਖਿਲਾਫ ਚਾਰਜਸ਼ੀਟ ਵੀ ਦਾਇਰ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਬੱਗਾ ਦੀ ਗ੍ਰਿਫ਼ਤਾਰੀ ਤੋਂ ਭੜਕੇ Kumar Vishwas ਨੇ ਭਗਵੰਤ ਮਾਨ 'ਤੇ ਸਾਧਿਆ ਨਿਸ਼ਾਨਾ, ਦਿੱਤੀ ਇਹ ਹਦਾਇਤ