81 ਸਾਲ ਬਾਅਦ ਸੁਣੀ ਗਈ ਲੋਕਾਂ ਦੀ ਫਰਿਆਦ, ਕੈਪਟਨ ਕਰਨਗੇ ਸ਼ਹੀਦ ਉਧਮ ਸਿੰਘ ਮੈਮੋਰੀਅਲ ਦਾ ਉਦਘਾਟਨ
ਸ਼ਹੀਦ ਉਧਮ ਸਿੰਘ ਮੈਮੋਰੀਅਲ ਵਿੱਚ ਸ਼ਹੀਦ ਉਧਮ ਸਿੰਘ ਦਾ ਆਦਮ ਕੱਦ ਬੁੱਤ ਤੇ ਤਿੰਨ ਕੰਕਰੀਟ ਵਾਲ ਲਗਾਈ ਗਈ ਹੈ। ਇਸ 'ਤੇ ਸ਼ਹੀਦ ਦੇ ਆਜ਼ਾਦੀ ਦੇ ਸੰਘਰਸ਼ ਤੇ ਜਿੰਦਗੀ ਬਾਰੇ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਲਿਖੀ ਹੈ।
ਸੰਗਰੂਰ: ਸੁਨਾਮ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਸ਼ਹੀਦ ਊਧਮ ਸਿੰਘ ਦੇ ਮੈਮੋਰੀਅਲ ਦੀ ਮੰਗ ਕੀਤੀ ਜਾ ਰਹੀ ਸੀ। ਇਸ ਵਾਰ ਸ਼ਹੀਦ ਊਧਮ ਸਿੰਘ ਦਾ ਮੈਮੋਰੀਅਲ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਉੱਪਰ ਤਿਆਰ ਹੋ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 31 ਜੁਲਾਈ ਨੂੰ ਸ਼ਹੀਦ ਉਧਮ ਸਿੰਘ ਮੈਮੋਰੀਅਲ ਦਾ ਉਦਘਾਟਨ ਕਰਨਗੇ।
ਇਸ ਬਾਰੇ ਸੁਨਾਮ ਦੇ ਰਹਿਣ ਵਾਲੇ ਆਰਟੀਆਈ ਐਕਟੀਵਿਸਟ ਜਤਿੰਦਰ ਜੈਨ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਨੂੰ ਸ਼ਹੀਦ ਹੋਇਆਂ ਕਾਫੀ ਲੰਮਾ ਸਮਾਂ ਹੋ ਗਿਆ। ਇੱਥੇ ਸਰਕਾਰਾਂ ਲਗਾਤਾਰ ਆਉਂਦੀਆਂ ਰਹੀਆਂ ਤੇ ਜਾਂਦੀਆਂ ਰਹੀਆਂ ਪਰ ਸ਼ਹੀਦ ਊਧਮ ਸਿੰਘ ਦੀਆਂ ਯਾਦਾਂ ਨੂੰ ਸੰਭਾਲਣ ਲਈ ਮੈਮੋਰੀਅਲ ਦੀ ਮੰਗ ਲਗਾਤਾਰ ਉੱਠਦੀ ਰਹੀ ਹੈ। ਇਸ ਸਦਕਾ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਮੈਮੋਰੀਅਲ ਲਈ ਥਾਂ ਦਿੱਤੀ ਗਈ ਤੇ ਮੌਜੂਦਾ ਕਾਂਗਰਸ ਸਰਕਾਰ ਇਸ ਸਮੇਂ ਮੈਮੋਰੀਅਲ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਕਿੰਨੇ ਕੁ ਸਮੇਂ 'ਚ ਤਿਆਰ ਹੋ ਜਾਵੇਗਾ ਤੇ ਇਸ ਨੂੰ ਕਿਸ ਤਰ੍ਹਾਂ ਦਾ ਬਣਾਉਣ ਦਾ ਪ੍ਰੋਗਰਾਮ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਰਟੀਆਈ ਰਾਹੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੰਗਲੈਂਡ ਤੋਂ ਸ਼ਹੀਦ ਊਧਮ ਸਿੰਘ ਦਾ ਪਿਸਟਲ ਕਾਰਤੂਸ ਤੇ ਦਸਤਾਵੇਜ਼ ਵੀ ਮੰਗਵਾ ਕੇ ਮੈਮੋਰੀਅਲ ਵਿੱਚ ਰੱਖੇ ਜਾਣ।
ਦੂਜੇ ਪਾਸੇ ਉੱਥੇ ਮੌਜੂਦ ਪੁਰਾਤੱਤਵ ਵਿਭਾਗ ਦੇ ਪ੍ਰੋਜੈਕਟ ਮੈਨੇਜਰ ਕਰਮਜੀਤ ਸਿੰਘ ਨੇ ਕਿਹਾ ਕਿ ਲਗਪਗ ਸਾਢੇ ਚਾਰ ਏਕੜ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਮੈਮੋਰੀਅਲ ਬਣਾਇਆ ਜਾ ਰਿਹਾ ਹੈ। ਉਸ 'ਚ ਸ਼ਹੀਦ ਊਧਮ ਸਿੰਘ ਦਾ ਆਦਮ ਕੱਦ ਬੁੱਤ ਤੇ ਤਿੰਨ ਦੀਵਾਰਾਂ ਬਣਾਈਆਂ ਗਈਆਂ ਹਨ ਜਿਸ 'ਤੇ ਸ਼ਹੀਦ ਉੂਧਮ ਸਿੰਘ ਦੀ ਸੰਘਰਸ਼ਮਈ ਜ਼ਿੰਦਗੀ ਪ੍ਰਤੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਇਸ ਪੂਰੇ ਮੈਮੋਰੀਅਲ ਨੂੰ ਪਾਰਕ ਦਾ ਰੂਪ ਦਿੱਤਾ ਗਿਆ ਹੈ ਤਾਂ ਜੋ ਲੋਕ ਇੱਥੇ ਸੈਰ ਕਰ ਸਕਣ। ਨਾਲ ਹੀ ਉਨ੍ਹਾਂ ਦੱਸਿਆ ਕਿ ਇੱਥੇ ਇੱਕ ਮਿਊਜ਼ੀਅਮ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਉਨ੍ਹਾਂ ਦਾ ਕਲਸ ਤੇ ਹੋਰ ਸਬੰਧਤ ਚੀਜ਼ਾਂ ਰੱਖੀਆਂ ਜਾਣਗੀਆਂ।
ਸੁਨਾਮ ਦੇ ਹੀ ਰਹਿਣ ਵਾਲੇ ਰੇਲਵੇ ਚੋਂ ਰਿਟਾਇਰਡ ਇੰਜਨੀਅਰ ਰਾਕੇਸ਼ ਕੁਮਾਰ ਨੇ ਸ਼ਹੀਦ ਉਧਮ ਸਿੰਘ ਉੱਤੇ ਚਾਰ ਕਿਤਾਬਾਂ ਲਿਖੀਆਂ ਹਨ। ਆਪਣੀ ਨਵੀਂ ਕਿਤਾਬ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਧਮ ਸਿੰਘ ਦੇ ਬਾਰੇ ਵਿੱਚ ਜੋ ਪ੍ਰਚੱਲਤ ਧਾਰਨਾਵਾਂ ਹਨ, ਉਨ੍ਹਾਂ ਵਿੱਚ ਸਚਾਈ ਨਹੀਂ। ਉਨ੍ਹਾਂ ਵੱਲੋਂ ਸ਼ਹੀਦ ਉਧਮ ਸਿੰਘ ਦੀ ਵਿਚਾਰਧਾਰਾ ਤੇ ਉਨ੍ਹਾਂ ਨੂੰ ਗਦਰ ਪਾਰਟੀ ਨਾਲ ਪ੍ਰਭਾਵਿਤ ਦੱਸਿਆ ਹੈ ਜਿਸ ਬਾਰੇ ਵਿੱਚ ਉਨ੍ਹਾਂ ਨੇ ਸਬੂਤ ਪੇਸ਼ ਕੀਤੇ ਹਨ ਜੋ ਉਨ੍ਹਾਂ ਵਲੋਂ ਸਮੇਂ-ਸਮੇਂ ‘ਤੇ ਇੰਗਲੈਂਡ ਦੇ ਆਰਕਾਈਵ ਵਿਭਾਗ ਤੇ ਭਾਰਤ ਦੀ ਲਾਇਬਰੇਰੀ ‘ਚੋਂ ਇਕੱਠਾ ਕਰਕੇ ਸ਼ਹੀਦ ਉਧਮ ਸਿੰਘ ਦੀ ਬਾਰੇ ਵਿੱਚ ਕਿਤਾਬ ਲਿਖੀ ਹੈ।
ਸ਼ਹੀਦ ਊਧਮ ਸਿੰਘ ਦਾ ਜਨਮ ਸੰਗਰੂਰ ਦੇ ਸੁਨਾਮ ਵਿਖੇ 26 ਦਸੰਬਰ 1899 ਨੂੰ ਮਾਤਾ ਨਰੈਣ ਕੌਰ ਦੀ ਕੁੱਖੋਂ ਤੇ ਪਿਤਾ ਟਹਿਲ ਸਿੰਘ ਦੇ ਘਰ ਹੋਇਆ। ਸ਼ਹੀਦ ਊਧਮ ਸਿੰਘ ਪੰਜਾਬ ਦੇ ਉਨ੍ਹਾਂ ਮਹਾਨ ਸ਼ਹੀਦਾਂ ਵਿੱਚੋਂ ਹਨ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਲੇਖੇ ਲਾ ਦਿੱਤੀਆਂ। ਦੇਸ਼ ਨੂੰ ਆਜ਼ਾਦ ਕਰਾਉਣ ਦੀ ਚਿਣਗ ਸ਼ਹੀਦ ਊਧਮ ਸਿੰਘ ਨੂੰ ਬਚਪਨ ਤੋਂ ਹੀ ਲੱਗ ਗਈ ਸੀ। 31 ਜੁਲਾਈ, 2021ਨੂੰ ਸ਼ਹੀਦ ਊਧਮ ਸਿੰਘ ਦਾ 81ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।
ਅੱਜ ਵੀ ਸੁਨਾਮ ਵਿੱਚ ਉਨ੍ਹਾਂ ਦਾ ਉਹ ਘਰ ਮੌਜੂਦ ਹੈ, ਜਿੱਥੇ ਸ਼ਹੀਦ ਊਧਮ ਸਿੰਘ ਦਾ ਜਨਮ ਹੋਇਆ। ਸ਼ਹੀਦ ਊਧਮ ਸਿੰਘ ਨਾਲ ਜੁੜੇ ਸਾਰੇ ਦਸਤਾਵੇਜ਼ ਘਰ ਵਿੱਚ ਰੱਖੇ ਗਏ ਹਨ। ਉੱਥੇ ਮੌਜੂਦ ਪੁਰਾਤਤਵ ਵਿਭਾਗ ਦੇ ਅਧਿਕਾਰੀ ਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਵੱਲੋਂ ਲਿਖੀਆਂ ਹੱਥ-ਲਿਖਤਾਂ ਇੱਥੇ ਮੌਜੂਦ ਹਨ ਤੇ ਉਨ੍ਹਾਂ ਦੀ ਮਾਤਾ ਵੱਲੋਂ ਜਿਸ ਚੱਕੀ ਦੀ ਵਰਤੋਂ ਕੀਤੀ ਜਾਂਦੀ ਸੀ, ਉਹ ਵੀ ਇੱਥੇ ਰੱਖੀ ਗਈ ਹੈ।
ਸਕੂਲ ਦੇ ਬੱਚਿਆਂ ਤੋਂ ਲੈ ਕੇ ਦੂਰੋਂ-ਦੂਰੋਂ ਲੋਕ ਇੱਥੇ ਉਨ੍ਹਾਂ ਦੀਆਂ ਯਾਦਾਂ ਨੂੰ ਦੇਖਣ ਲਈ ਆਉਂਦੇ ਹਨ ਪਰ ਹੁਣ ਕੋਰੋਨਾ ਦੇ ਚੱਲਦਿਆਂ ਲੋਕਾਂ ਦੀ ਆਮਦ ਘਟੀ ਹੈ ਪਰ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਇੱਥੇ ਲੋਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਲੋਕਾਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਮੋਦੀ ਸਰਕਾਰ ਦੇ ਪੈਂਤੜੇ ਮਗਰੋਂ ਇੱਕਜੁੱਟ ਹੋਈਆਂ ਵਿਰੋਧੀ ਧਿਰਾਂ, ਮੀਟਿੰਗ ਮਗਰੋਂ ਰਾਹੁਲ ਗਾਂਧੀ ਦਾ ਤਿੱਖਾ ਹਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904