ਬਾਜਵਾ ਦੇ ਘਰ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਅਹਿਮ ਮੀਟਿੰਗ, ਸਿੱਧੂ ਦਾ ਰਾਹ ਰੋਕਣ ਦੀ ਤਿਆਰੀ?
ਅੱਜ ਪੰਜਾਬ ਤੋਂ ਕਾਂਗਰਸ ਦੇ ਸਾਰੇ ਲੋਕ ਸਭਾ ਤੇ ਰਾਜ ਸਭਾ ਮੈਂਬਰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਦਿੱਲੀ ਵਿਖੇ ਰਿਹਾਇਸ਼ 'ਤੇ ਬੈਠਕ ਕਰਨਗੇ।
ਨਵੀਂ ਦਿੱਲੀ: ਪੰਜਾਬ ਦੀ ਸਿਆਸਤ ਤੇਜ਼ੀ ਨਾਲ ਮੋੜ ਲੈ ਰਹੀ ਹੈ। ਨਵਜੋਤ ਸਿੱਧੂ ਦੀ ਪ੍ਰਧਾਨਗੀ ਬਾਰੇ ਚਰਚਾ ਵਿਚਾਲੇ ਮੀਟਿੰਗਾਂ ਦਾ ਦੌਰ ਜਾਰੀ ਹੈ। ਅੱਜ ਪੰਜਾਬ ਤੋਂ ਕਾਂਗਰਸ ਦੇ ਸਾਰੇ ਲੋਕ ਸਭਾ ਤੇ ਰਾਜ ਸਭਾ ਮੈਂਬਰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਦਿੱਲੀ ਵਿਖੇ ਰਿਹਾਇਸ਼ 'ਤੇ ਬੈਠਕ ਕਰਨਗੇ।
ਬੇਸ਼ੱਕ ਕਿਹਾ ਜਾ ਰਿਹਾ ਹੈ ਕਿ ਇਹ ਬੈਠਕ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਬਾਰੇ ਚਰਚਾ ਲਈ ਕੀਤੀ ਜਾ ਰਹੀ ਹੈ ਪਰ ਇਸ ਨੂੰ ਪੰਜਾਬ ਕਾਂਗਰਸ ਦੇ ਕਲੇਸ਼ ਨਾਲ ਹੀ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਨਵਜੋਤ ਸਿੱਧੂ ਦੀ ਪ੍ਰਧਾਨਗੀ ਬਾਰੇ ਹੀ ਚਰਚਾ ਹੋਏਗੀ ਕਿਉਂਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਬਾਜਵਾ ਨੇ ਕੈਪਟਨ ਨਾਲ ਚਾਰ ਘੰਟੇ ਲੰਬੀ ਮੀਟਿੰਗ ਕੀਤੀ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵਿਖੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ, ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁਲਾਕਾਤ ਕੀਤੀ ਸੀ। ਚਰਚਾ ਹੈ ਕਿ ਕੈਪਟਨ ਨਵਾਂ ਦਾਅ ਖੇਡ ਸਕਦੇ ਹਨ ਤੇ ਬਾਜਵਾ ਨੂੰ ਪ੍ਰਧਾਨਗੀ ਦੇਣ ਲਈ ਹਾਈਕਮਾਨ 'ਤੇ ਦਬਾਅ ਪਾ ਸਕਦੇ ਹਨ।
ਦੱਸ ਦਈਏ ਕਿ ਕਾਂਗਰਸ ਹਾਈਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਭਾਵੇਂ ਨਵਜੋਤ ਸਿੱਧੂ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਨਿਯੁਕਤੀ ਬਾਰੇ ਸੰਦੇਸ਼ ਭੇਜ ਦਿੱਤਾ ਗਿਆ ਪਰ ਹਾਲੇ ਵੀ ਇਹ ਮਸਲਾ ਸੁਲਝਣ ਦੀ ਬਜਾਏ ਹੋਰ ਵੀ ਗੁੰਝਲਦਾਰ ਹੋਣ ਦੇ ਆਸਾਰ ਬਣ ਗਏ ਹਨ। ‘ਏਬੀਪੀ ਨਿਊਜ਼’ ਨੂੰ ਮਿਲੀ ਐਕਸਕਲੂਸਿਵ ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਪਹਿਲੇ ਦਿਨ ਤੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਨਿਯੁਕਤ ਕਰਨ ਦੇ ਵਿਰੁੱਧ ਹਨ। ਕੈਪਟਨ ਨੇ ਇਹ ਗੱਲ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਵੀ ਸਪੱਸ਼ਟ ਕੀਤੀ ਹੋਈ ਹੈ।
ਇੰਨਾ ਹੀ ਨਹੀਂ, ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕੈਪਟਨ ਅਮਰਿੰਦਰ ਸਿੰਘ ਹੁਣ ਨਵਜੋਤ ਸਿੱਧੂ ਦੀ ਥਾਂ ਪ੍ਰਧਾਨ ਦੇ ਅਹੁਦੇ ਲਈ ਆਪਣੇ ਪੁਰਾਣੇ ਵਿਰੋਧੀ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਦਾ ਨਾਂ ਵੀ ਰੱਖ ਸਕਦੇ ਹਨ। ਸੂਤਰਾਂ ਅਨੁਸਾਰ ਕੈਪਟਨ ਦੀ ਦਲੀਲ ਇਹ ਹੈ ਕਿ ਜੇ ਸੁਨੀਲ ਜਾਖੜ ਦੀ ਜਗ੍ਹਾ ਜੇ ਕਿਸੇ ਜੱਟ ਸਿੱਖ ਨੂੰ ਹੀ ਪ੍ਰਧਾਨ ਬਣਾਉਣਾ ਹੈ, ਤਾਂ ਕਿਉਂ ਨਾ ਇਸ ਲਈ ਪੁਰਾਣੇ ਤੇ ਵਫ਼ਾਦਾਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਨਾਂ ਉੱਤੇ ਵਿਚਾਰ ਕੀਤਾ ਜਾਵੇ।
ਪੁਰਾਣੇ ਕਾਂਗਰਸੀ ਆਗੂ ਹੋ ਰਹੇ ਕੈਪਟਨ ਦੇ ਹੱਕ ਵਿੱਚ ਲਾਮਬੰਦ
ਕਪਤਾਨ ਨਾਲ ਮੁਲਾਕਾਤ ਤੋਂ ਬਾਅਦ ਹਰੀਸ਼ ਰਾਵਤ ਨੇ ਭਾਵੇਂ ਟਵੀਟ ਕਰਕੇ ਅਮਰਿੰਦਰ ਸਿੰਘ ਨੂੰ ਸਹਿਮਤੀ ਦੇਣ ਦੇ ਸੰਕੇਤ ਦਿੱਤੇ ਹੋਣ ਪਰ ਇਸ ਵਕਤ ਸੱਚ ਕੁਝ ਹੋਰ ਹੀ ਜਾਪਦਾ ਹੈ। ਪੁਰਾਣੇ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਦੇ ਹੱਕ ਵਿਚ ਲਾਮਬੰਦ ਹੋ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਲੀਡਰਸ਼ਿਪ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਨਵਜੋਤ ਸਿੱਧੂ ਨੂੰ ਉਨ੍ਹਾਂ 'ਤੇ ਥੋਪ ਰਹੀ ਹੈ।
ਇਸ ਦੌਰਾਨ ਅਜਿਹੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕਾਂਗਰਸ ਲੀਡਰਸ਼ਿਪ ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਦੇ ਨਾਮ ਦਾ ਐਲਾਨ ਕਰ ਸਕਦੀ ਹੈ ਪਰ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸੋਨੀਆ ਗਾਂਧੀ ਅਜਿਹਾ ਕਰਦੇ ਹਨ ਜਾਂ ਨਹੀਂ ਕਿਉਂਕਿ ਸੂਤਰਾਂ ਅਨੁਸਾਰ, ਅੱਜ ਹਰੀਸ਼ ਰਾਵਤ ਨਵਜੋਤ ਸਿੱਧੂ ਨੂੰ ਕੈਪਟਨ ਨਾਲ ਮਿਲਵਾਉਣਾ ਚਾਹੁੰਦੇ ਸਨ ਪਰ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਸਿੱਧੂ ਉਨ੍ਹਾਂ ਤੋਂ ਜਨਤਕ ਮੁਆਫੀ ਨਹੀਂ ਮੰਗਦੇ।