ਸੀਐਮ ਭਗਵੰਤ ਮਾਨ ਵੱਲੋਂ ਆਰਟੀਓ ਦਫ਼ਤਰਾਂ ਨੂੰ ਤਾਲੇ ਜੜ੍ਹਨ ਮਗਰੋਂ ਹੁਣ ਕਿਵੇਂ ਬਣਨਗੇ RC ਤੇ ਡਰਾਈਵਿੰਗ ਲਾਇਸੰਸ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਰ ਦੇ ਆਰਟੀਓ ਦਫ਼ਤਰਾਂ ਨੂੰ ਤਾਲੇ ਜੜ੍ਹ ਦਿੱਤੇ ਹਨ। ਸਰਕਾਰ ਨੇ ਹੁਣ ਇਸ ਦੀ ਥਾਂ ਫੇਸਲੈੱਸ ਟ੍ਰਾਂਸਪੋਰਟ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਹੁਣ ਤੁਸੀਂ 1076 'ਤੇ ਕਾਲ ਕਰਕੇ ਤੇ ਸੇਵਾ ਕੇਂਦਰ...

Faceless Transport Services in Punjab: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਰ ਦੇ ਆਰਟੀਓ ਦਫ਼ਤਰਾਂ ਨੂੰ ਤਾਲੇ ਜੜ੍ਹ ਦਿੱਤੇ ਹਨ। ਸਰਕਾਰ ਨੇ ਹੁਣ ਇਸ ਦੀ ਥਾਂ ਫੇਸਲੈੱਸ ਟ੍ਰਾਂਸਪੋਰਟ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਹੁਣ ਤੁਸੀਂ 1076 'ਤੇ ਕਾਲ ਕਰਕੇ ਤੇ ਸੇਵਾ ਕੇਂਦਰ ਦੇ ਪ੍ਰਤੀਨਿਧੀ ਨੂੰ ਆਪਣੇ ਘਰ ਬੁਲਾ ਕੇ ਜਾਂ ਸੇਵਾ ਕੇਂਦਰ 'ਤੇ ਜਾ ਕੇ ਆਰਟੀਓ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ। ਅਹਿਮ ਗੱਲ਼ ਹੈ ਕਿ ਫੇਸਲੈੱਸ ਸੇਵਾ ਚਾਹੇ ਕਿਸੇ ਵੀ ਤਰੀਕੇ ਨਾਲ ਲਓ ਪਰ ਤੁਹਾਨੂੰ ਸੇਵਾ ਕੇਂਦਰ ਚਲਾਉਣ ਵਾਲੀ ਕੰਪਨੀ ਨੂੰ ਫੀਸ ਅਦਾ ਕਰਨੀ ਹੀ ਪਵੇਗੀ।
ਦੱਸ ਦਈਏ ਕਿ ਹੁਣ ਤੱਕ ਬਿਨੈਕਾਰਾਂ ਨੂੰ ਆਰਟੀਓ ਸੇਵਾਵਾਂ ਪ੍ਰਾਪਤ ਕਰਨ ਲਈ ਸਰਕਾਰੀ ਫੀਸ ਤੋਂ ਇਲਾਵਾ ਸੁਸਾਇਟੀ ਫੀਸ ਦਾ ਭੁਗਤਾਨ ਕਰਨਾ ਪੈਂਦਾ ਸੀ ਕਿਉਂਕਿ ਟਰਾਂਸਪੋਰਟ ਵਿਭਾਗ ਨੇ ਆਰਟੀਓ ਦਫ਼ਤਰ ਦਾ ਕੰਮ ਕਰਨ ਲਈ ਸਟੇਟ ਟਰਾਂਸਪੋਰਟ ਸੁਸਾਇਟੀ ਰਾਹੀਂ ਕੁਝ ਕਰਮਚਾਰੀਆਂ ਨੂੰ ਠੇਕੇ ਦੇ ਆਧਾਰ 'ਤੇ ਰੱਖਿਆ ਸੀ। ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਕਰਨ ਲਈ ਟਰਾਂਸਪੋਰਟ ਵਿਭਾਗ ਨੇ ਪੰਜਾਬ ਭਰ ਵਿੱਚ ਹਰੇਕ ਆਰਟੀਓ ਅਰਜ਼ੀ 'ਤੇ ਸੁਸਾਇਟੀ ਫੀਸ ਲਾਈ ਹੋਈ ਹੈ।
ਬੇਸ਼ੱਕ ਹੁਣ ਸਾਰਾ ਕੰਮ ਸੇਵਾ ਕੇਂਦਰਾਂ 'ਤੇ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਟਰਾਂਸਪੋਰਟ ਵਿਭਾਗ ਜਨਤਾ ਤੋਂ ਸੁਸਾਇਟੀ ਫੀਸ ਵਸੂਲ ਰਿਹਾ ਹੈ। ਟਰਾਂਸਪੋਰਟ ਵਿਭਾਗ ਬਿਨੈਕਾਰਾਂ ਤੋਂ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਸੇਵਾ ਕੇਂਦਰ ਤੇ ਸੁਸਾਇਟੀ ਦੀ ਫੀਸ ਲੈਂਦਾ ਹੈ। ਆਰਟੀਆਈ ਦਫਤਰ ਵਿੱਚ ਬਹੁਤ ਸਾਰੇ ਬਿਨੈਕਾਰ ਅਜਿਹੇ ਵੀ ਆਉਂਦੇ ਹਨ ਜੋ ਆਪਣਾ ਕੰਮ ਖੁਦ ਕਰਦੇ ਹਨ। ਜਿਨ੍ਹਾਂ ਨੂੰ ਹੁਣ ਤੱਕ ਸੇਵਾ ਕੇਂਦਰ ਦੀ ਫੀਸ ਅਦਾ ਕਰਨ ਦੀ ਲੋੜ ਨਹੀਂ ਸੀ।
ਹੁਣ ਆਰਟੀਓ ਦਫ਼ਤਰ ਕਿਸੇ ਤੋਂ ਵੀ ਸਿੱਧੇ ਤੌਰ 'ਤੇ ਅਰਜ਼ੀਆਂ ਸਵੀਕਾਰ ਨਹੀਂ ਕਰ ਸਕੇਗਾ। ਸਾਰੀਆਂ ਅਰਜ਼ੀਆਂ ਸੇਵਾ ਕੇਂਦਰ ਰਾਹੀਂ ਹੀ ਆਉਣਗੀਆਂ। ਇਸ ਲਈ ਬਿਨੈਕਾਰ ਨੂੰ ਸੇਵਾ ਕੇਂਦਰ ਦੀ ਫੀਸ ਦਾ ਭੁਗਤਾਨ ਕਰਨਾ ਹੀ ਪਵੇਗਾ। ਹਾਸਲ ਜਾਣਕਾਰੀ ਮੁਤਾਬਕ ਜੇਕਰ ਤੁਸੀਂ 1076 'ਤੇ ਕਾਲ ਕਰਦੇ ਹੋ ਤੇ ਸੇਵਾ ਕੇਂਦਰ ਦੇ ਪ੍ਰਤੀਨਿਧੀ ਨੂੰ ਆਪਣੇ ਘਰ ਬੁਲਾਉਂਦੇ ਹੋ ਤਾਂ ਤੁਹਾਨੂੰ ਸੇਵਾ ਕੇਂਦਰ ਦੀ ਫੀਸ, ਸੁਸਾਇਟੀ ਫੀਸ ਤੇ ਸਰਕਾਰੀ ਫੀਸ ਤੋਂ ਇਲਾਵਾ 50 ਰੁਪਏ ਵਾਧੂ ਦੇਣੇ ਪੈਣਗੇ। ਪਹਿਲਾਂ ਨਿੱਜੀ ਤੌਰ 'ਤੇ ਆਉਣ ਵਾਲੇ ਲੋਕਾਂ ਨੂੰ ਸੇਵਾ ਕੇਂਦਰ ਦੀ ਫੀਸ ਅਦਾ ਕਰਨ ਦੀ ਲੋੜ ਨਹੀਂ ਸੀ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਦਲਾਲੀ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਹੈ। ਜੇਕਰ ਲੋਕ ਸੇਵਾ ਕੇਂਦਰਾਂ ਰਾਹੀਂ ਕੰਮ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਦਲਾਲੀ ਨਹੀਂ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਦੀਆਂ ਫੀਸਾਂ ਬਹੁਤ ਘੱਟ ਹਨ ਤੇ ਲੋਕ ਉਨ੍ਹਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਲਾਇਸੈਂਸਾਂ ਲਈ ਫੀਸਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਫੀਸ ਨਹੀਂ ਵਧਾਈ ਗਈ, ਸਿਰਫ਼ ਸੇਵਾ ਕੇਂਦਰ ਦੇ ਚਾਰਜ ਜੋੜੇ ਗਏ ਹਨ।
ਕਿਵੇਂ ਹੋਏਗੀ ਨਵੀਂ ਪ੍ਰਕ੍ਰਿਆ
ਡਾਟਾ ਐਂਟਰੀ ਆਪਰੇਟਰ ਹੁਣ ਬਿਨੈਕਾਰ ਦੇ ਅਸਲ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਟ੍ਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਲਈ ਅਰਜ਼ੀਆਂ ਅਪਲੋਡ ਕਰਨਗੇ। ਸੇਵਾ ਕੇਂਦਰ ਦੇ ਕਰਮਚਾਰੀ ਨੂੰ ਇੱਕ ਸਵੈ-ਘੋਸ਼ਣਾ ਵੀ ਅਪਲੋਡ ਕਰਨੀ ਪਵੇਗੀ ਜਿਸ ਵਿੱਚ ਕਿਹਾ ਗਿਆ ਹੋਵੇਗਾ ਕਿ ਸਾਰੇ ਦਸਤਾਵੇਜ਼ ਅਸਲ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਤੋਂ ਬਾਅਦ ਅਪਲੋਡ ਕੀਤੇ ਗਏ ਹਨ। ਇਸ ਨਾਲ ਨਾਗਰਿਕਾਂ ਲਈ ਆਰਟੀਓ ਜਾਂ ਐਸਡੀਐਮ ਦਫ਼ਤਰ ਵਿੱਚ ਦਸਤਾਵੇਜ਼ ਜਮ੍ਹਾਂ ਕਰਾਉਣ ਦੀ ਜ਼ਰੂਰਤ ਖਤਮ ਹੋ ਜਾਵੇਗੀ।
ਤਸਦੀਕ ਤੇ ਸੁਧਾਰ ਲਈ ਨਵੀਂ ਪ੍ਰਕਿਰਿਆ
1. ਦਸਤਾਵੇਜ਼ ਅਪਲੋਡ ਹੋਣ ਤੋਂ ਬਾਅਦ ਅਰਜ਼ੀ ਸਿੱਧੇ ਆਰਟੀਓ/ਐਸਡੀਐਮ ਦਫ਼ਤਰ ਦੇ ਕਲਰਕ ਦੀ ਆਈਡੀ 'ਤੇ ਤਸਦੀਕ ਲਈ ਭੇਜੀ ਜਾਵੇਗੀ।
2. ਜੇਕਰ ਦਸਤਾਵੇਜ਼ ਪੂਰੇ ਤੇ ਸਹੀ ਪਾਏ ਜਾਂਦੇ ਹਨ ਤਾਂ ਕਲਰਕ ਅਰਜ਼ੀ ਨੂੰ ਸਬੰਧਤ ਅਧਿਕਾਰੀ ਨੂੰ ਭੇਜ ਦੇਵੇਗਾ।
3. ਜੇਕਰ ਕੋਈ ਦਸਤਾਵੇਜ਼ ਅਧੂਰੇ ਹਨ ਤਾਂ ਅਰਜ਼ੀ ਨੂੰ ਰੋਕ ਦਿੱਤਾ ਜਾਵੇਗਾ ਤੇ ਬਿਨੈਕਾਰ ਨੂੰ ਮੋਬਾਈਲ ਸੁਨੇਹੇ ਰਾਹੀਂ ਸੂਚਿਤ ਕੀਤਾ ਜਾਵੇਗਾ।
4. ਬਿਨੈਕਾਰ ਬਾਅਦ ਵਿੱਚ ਖੁਦ ਦਸਤਾਵੇਜ਼ ਅਪਲੋਡ ਕਰ ਸਕਦੇ ਹਨ ਜਾਂ ਸੇਵਾ ਕੇਂਦਰ ਜਾ ਸਕਦੇ ਹਨ ਤੇ ਬਿਨਾਂ ਕਿਸੇ ਵਾਧੂ ਫੀਸ ਦੇ ਜਮ੍ਹਾਂ ਕਰਵਾ ਸਕਦੇ ਹਨ।
5. ਨਾਗਰਿਕਾਂ ਨੂੰ ਨਵੀਂ ਪ੍ਰਣਾਲੀ ਬਾਰੇ ਸੂਚਿਤ ਕਰਨ ਲਈ ਹਰੇਕ ਜ਼ਿਲ੍ਹੇ ਵਿੱਚ 15 ਦਿਨਾਂ ਲਈ ਇੱਕ ਹੈਲਪ ਡੈਸਕ ਸਥਾਪਤ ਕੀਤਾ ਜਾਵੇਗਾ।






















