Punjab Police: ਮੋਗਾ ਤੋਂ ਬਾਅਦ ਹੁਣ ਗੁਰਦਾਸਪੁਰ 'ਚ ਵੱਡੀ ਵਾਰਦਾਤ, ਘਰ ਵੜ ਕੇ ਕਿਸਾਨ ਲੀਡਰ ਦੇ ਭਰਾ ਉੱਤੇ ਚਲਾਈਆਂ ਗੋਲ਼ੀਆਂ
Punjab News: ਇਸ ਵਾਰਦਾਤ ਦਾ ਜਿਵੇਂ ਹੀ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਤੁਰੰਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹੈ।
Punjab Police: ਮੋਗਾ ਵਿੱਚ ਕਾਂਗਰਸੀ ਲੀਡਰ ਦੇ ਘਰ ਵਿੱਚ ਵੜ ਕੇ ਗੋਲ਼ੀਆਂ ਮਾਰ ਕੇ ਕਤਲ ਕਰਨ ਦਾ ਮਾਮਲੇ ਵਿੱਚ ਅਜੇ ਪੁਲਿਸ ਦੀ ਕਿਰਕਿਰੀ ਹੋ ਹੀ ਰਹੀ ਸੀ ਕਿ ਇਸ ਦੌਰਾਨ ਇੱਕ ਇਹੋ ਜਿਹੀ ਵਾਰਦਾਤ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਸਰੱਹਦੀ ਕਸਬੇ ਕਲਾਨੌਰ ਵਿੱਚ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਨੂੰ ਮੋਟਰਸਾਈਕਲ ਸਵਾਰ 3 ਅਣਪਛਾਤੇ ਨੌਜਵਾਨਾਂ ਨੇ ਘਰ ਵਿੱਚ ਵੜ ਕੇ ਗੋਲ਼ੀਆਂ ਮਾਰੀਆਂ, ਇਸ ਵਾਰਦਾਤ ਵਿੱਚ ਹਰਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ।
ਤਿੰਨ ਮੋਟਰਸਾਈਕਲ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਖ਼ਮੀ ਦੇ ਭਰਾ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਵਿੱਚ ਘਰ ਵਿੱਚ ਸੀ ਇਸ ਦੌਰਾਨ ਤਿੰਨ ਮੋਟਰਸਾਈਕਲ ਸਵਾਰ ਆਏ ਤੇ ਇੱਕ ਨੇ ਘਰ ਦੇ ਅੰਦਰ ਜਾ ਕੇ ਪੁੱਛਿਆ ਕਿ ਗਿਆਨ ਸਾਗਰ ਕਾਲਜ ਤੁਹਾਡਾ ਹੈ ਤੇ ਉਹ ਉੱਥੇ ਅਹਾਤਾ ਖੋਲ੍ਹਣਾ ਚਾਹੁੰਦਾ ਹੈ। ਜਦੋਂ ਉਸ ਦੇ ਭਰਾ ਨੇ ਇਸ ਤੋਂ ਇਨਕਾਰ ਕੀਤਾ ਤਾਂ ਦੂਜੇ ਵਿਅਕਤੀ ਨੇ ਉਸ ਉੱਤੇ ਗੋਲ਼ੀ ਚਲਾ ਦਿੱਤੀ ਜੋ ਕਿ ਉਸ ਦੀ ਲੱਤ ਵਿੱਚ ਵੱਜੀ ਤੇ ਉਹ ਮੌਕੇ ਤੋਂ ਫਰਾਰ ਹੋ ਗਏ।
ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
ਇਸ ਵਾਰਦਾਤ ਦਾ ਜਿਵੇਂ ਹੀ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਤੁਰੰਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹੈ। ਇਸ ਮੌਕੇ ਪੀੜਤ ਪਰਿਵਾਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਨੇ ਛੇਤੀ ਹੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਦਿੱਤਾ ਭਰੋਸਾ
ਉੱਥੇ ਹੀ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਹੀ ਉਨ੍ਹਾਂ ਨੂੰ ਇਸ ਵਾਰਦਾਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੌਕੇ ਉੱਤੇ ਜਾ ਕੇ ਹਲਾਤ ਦਾ ਜਾਇਜ਼ਾ ਲਿਆ ਤੇ ਜ਼ਖ਼ਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ ਉੱਤੇ ਤਿੰਨ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਦੇ ਸਮੇਂ ਦੇ ਸੀਸੀਟੀਵੀ ਖੰਘਾਲੇ ਜਾ ਰਹੇ ਹਨ ਤਾਂ ਕਿ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾ ਸਕੇ।