ਏਜੰਸੀਆਂ ਕਰਵਾ ਰਹੀਆਂ ਨੇ ਬੇਅਦਬੀ....! ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਬੇਅਦਬੀ ਦੀ ਘਟਨਾ ਤੋਂ ਬਾਅਦ ਜਥੇਦਾਰ ਦਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਅਜਿਹੀਆਂ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਤੋਂ ਸਿੱਖ ਸੰਗਤ ਦੁਖੀ ਹੈ। ਸਰਕਾਰ ਨੂੰ ਅਜਿਹੇ ਮਾੜੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਜਥੇਦਾਰ ਨੇ ਇਹ ਵੀ ਕਿਹਾ ਕਿ ਇਹ ਏਜੰਸੀਆਂ ਦੀ ਖੇਡ ਹੈ ਤੇ ਇਸਦਾ ਸੱਚ ਸਿੱਖ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ ਹੈ।

Punjab News: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਪਰਿਸਰ ਨੇੜੇ ਗੁਰੂ ਅਰਜਨ ਦੇਵ ਨਿਵਾਸ ਨੇੜੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਪੂਰੀ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਤਲਵੰਡੀ ਸਾਬੋ ਸਥਿਤ ਆਪਣੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਰਗੇ ਸ਼ਹਿਰ ਵਿੱਚ ਇੰਨੀ ਵੱਡੀ ਪੁਲਿਸ ਫੋਰਸ ਦੀ ਮੌਜੂਦਗੀ ਦੇ ਬਾਵਜੂਦ ਅਜਿਹੀ ਘਟਨਾ ਵਾਪਰੀ।
ਉਨ੍ਹਾਂ ਕਿਹਾ ਕਿ ਅਜਿਹੀਆਂ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਤੋਂ ਸਿੱਖ ਸੰਗਤ ਦੁਖੀ ਹੈ। ਸਰਕਾਰ ਨੂੰ ਅਜਿਹੇ ਮਾੜੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਜਥੇਦਾਰ ਨੇ ਇਹ ਵੀ ਕਿਹਾ ਕਿ ਇਹ ਏਜੰਸੀਆਂ ਦੀ ਖੇਡ ਹੈ ਤੇ ਇਸਦਾ ਸੱਚ ਸਿੱਖ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਕਿਹਾ ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਫੜਿਆ ਗਿਆ ਦੋਸ਼ੀ ਗੁਰਪ੍ਰੀਤ ਸਿੰਘ ਹੈ। ਉਹ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਤਿੰਨ ਗੁਟਕਾ ਸਾਹਿਬ ਲੈ ਕੇ ਆਇਆ ਸੀ ਅਤੇ ਉਨ੍ਹਾਂ ਨੂੰ ਪਾੜ ਕੇ ਰਸਤੇ ਵਿੱਚ ਸੁੱਟ ਰਿਹਾ ਸੀ।
ਜਦੋਂ ਉਹ ਗੁਰੂ ਅਰਜਨ ਦੇਵ ਸਰਾਏ ਨੇੜੇ ਪਹੁੰਚਿਆ ਤਾਂ ਸ਼ਰਧਾਲੂਆਂ ਨੇ ਉਸਨੂੰ ਫੜ ਲਿਆ ਤੇ ਕੁਟਾਪਾ ਚਾੜਿਆ। ਅੰਤ ਵਿੱਚ ਉਸਨੂੰ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਧਾਮੀ ਨੇ ਕਿਹਾ ਕਿ ਇਸ ਮੌਕੇ ਚੱਪੇ-ਚੱਪੇ ਉੱਤੇ ਪੁਲਿਸ ਲੱਗੀ ਹੋਈ ਹੈ ਪਰ ਇਨ੍ਹਾਂ ਦਿਨਾਂ ਦੇ ਵਿੱਚ ਬੇਅਦਬੀ ਕਰਨੀ ਇਹ ਇੱਕ ਵੱਡੀ ਸਾਜ਼ਸ਼ ਹੈ। ਇਸ ਮੌਕੇ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੰਗ ਕੀਤੀ ਹੈ ਕਿ ਪਹਿਲਾਂ ਵੀ ਕਈ ਦੋਸ਼ੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ ਪਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਕਹਿ ਕੇ ਕਾਰਵਾਈ ਨੂੰ ਢਿੱਲ ਦਿੱਤੀ ਜਾਂਦੀ ਹੈ ਕਿ ਦੋਸ਼ੀ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਇਸ ਦੌਰਾਨ ਉਨ੍ਹਾਂ ਨੇ ਬੇਅਦਬੀ ਦੇ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਵੀ ਮੰਗ ਕੀਤੀ ਹੈ।
ਧਾਮੀ ਨੇ ਕਿਹਾ ਕਿ ਪੁਲਿਸ ਨੂੰ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇ ਕਿ ਇਹ ਕਿਉਂ ਕੀਤੀ ਪਰ ਅਜੇ ਤੱਕ ਜੋ ਵੀ ਬੇਅਦਬੀਆਂ ਹੋਈਆਂ ਹਨ ਉਸ ਦਾ ਕੋਈ ਵੀ ਖ਼ੁਲਾਸਾ ਨਹੀਂ ਹੋਇਆ ਹੈ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਹੈ।






















