ਪੜਚੋਲ ਕਰੋ
ਮਾਹੌਲ ਗਰਮਾਉਣ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਰੂਪੋਸ਼

ਪੁਰਾਣੀ ਤਸਵੀਰ
ਚੰਡੀਗੜ੍ਹ: ਬੇਅਦਬਦੀ ਤੇ ਗੋਲ਼ੀਕਾਂਡਾਂ 'ਤੇ ਬਣੀ ਰਿਪੋਰਟ ਕਾਰਨ ਚੁਫੇਰਿਓਂ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਮੂੰਹ ਖੋਲ੍ਹਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਕਸੂਤੇ ਘਿਰ ਗਏ ਹਨ। ਟਕਸਾਲੀ ਅਕਾਲੀ ਆਗੂਆਂ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਗਿਆਨੀ ਗੁਰਬਚਨ ਸਿੰਘ ਦਾ ਨਾਂ ਧਰਨ ਤੋਂ ਬਾਅਦ ਉਨ੍ਹਾਂ ਦੀਆਂ ਮੁਸੀਬਤਾਂ ਵਧ ਗਈਆਂ ਹਨ। ਅਸਤੀਫ਼ੇ ਦੀ ਮੰਗ ਦੇ ਜ਼ੋਰ ਫੜਨ ਨਾਲ ਹੀ ਸਿੰਘ ਸਾਹਬ ਰੂਪੋਸ਼ ਹੋ ਗਏ ਜਾਪਦੇ ਹਨ। ਉਨ੍ਹਾਂ ਦੁਨੀਆ ਤੋਂ ਆਪਣਾ ਸੰਪਰਕ ਤੋੜ ਲਿਆ ਹੈ। ਦਰਅਸਲ, ਰਾਜ ਸਭਾ ਮੈਂਬਰ ਤੇ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸ਼ਰ੍ਹੇਆਮ ਕਹਿ ਦਿੱਤਾ ਸੀ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਬਦਲੇ ਅਸਤੀਫ਼ਾ ਦੇਣਾ ਚਾਹੀਦਾ ਸੀ। ਢੀਂਡਸਾ ਨੇ ਵੱਖ-ਵੱਖ ਮੀਡੀਆ ਅਦਾਰਿਆਂ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਵਿਰੁੱਧ ਕਾਰਵਾਈ ਕਰੇ। ਉਂਝ, ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਸਮੇਂ ਵੀ ਜਥੇਦਾਰਾਂ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿੱਚ ਆਈ ਸੀ ਤੇ ਹੁਣ ਫਿਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਉਤੇ ਫਿਰ ਤੋਂ ਉਂਗਲ ਚੁੱਕੀ ਜਾ ਰਹੀ ਹੈ। ਤਾਜ਼ਾ ਘਟਨਾਕ੍ਰਮ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਗ਼ਾਇਬ ਹੋ ਚੁੱਕੇ ਹਨ। ਬੀਤੀ 28 ਅਗਸਤ ਤੋਂ ਬਾਅਦ ਉਨ੍ਹਾਂ ਦਾ ਟੈਲੀਫ਼ੋਨ ਵੀ ਬੰਦ ਆ ਰਿਹਾ ਹੈ। ਅਕਾਲ ਤਖ਼ਤ ਦੇ ਸਕੱਤਰ ਪਾਸੋਂ ਮਿਲੀ ਜਾਣਕਾਰੀ ਮੁਤਾਬਕ ਗਿਆਨੀ ਗੁਰਬਚਨ ਸਿੰਘ ਕਿਧਰੇ ਬਾਹਰ ਗਏ ਹਨ, ਇਸ ਲਈ ਫ਼ੋਨ 'ਤੇ ਸੰਪਰਕ ਨਹੀਂ ਹੋ ਸਕਦਾ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਜਾਰੀ ਪੋਸਟਾਂ ਵਿੱਚ ਜਥੇਦਾਰ ਨੂੰ ਕੈਨੇਡਾ ਚਲੇ ਜਾਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਵਿਰੁੱਧ ਕਾਰਵਾਈ ਨਾਲ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਠੇਸ ਪੁੱਜਣ ਤੋਂ ਬਚਾਇਆ ਜਾ ਸਕੇ। ਉੱਧਰ, ਬੀਤੀ ਤਿੰਨ ਅਗਸਤ ਤੋਂ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਵਜੋਂ ਮੁੜ ਤੋਂ ਨਿਯੁਕਤ ਹੋਏ ਪੂਰੇ ਘਟਨਾਕ੍ਰਮ ਦੇ ਇੱਕ ਹੋਰ ਵਿਵਾਦਿਤ 'ਪਾਤਰ' ਗਿਆਨੀ ਗੁਰਮੁਖ ਸਿੰਘ ਨੇ ਵੀ ਚੁੱਪੀ ਧਾਰੀ ਹੋਈ ਹੈ। ਗੁਰਮੁਖ ਸਿੰਘ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣ ਨਾਤੇ ਸਾਲ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਵਿੱਚ ਸ਼ਾਮਲ ਸੀ। ਮੁਆਫ਼ੀ ਤੋਂ ਬਾਅਦ ਵਿਵਾਦ ਉੱਠਣ 'ਤੇ ਗੁਰਮੁਖ ਸਿੰਘ ਨੇ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਪਰ ਮੁਆਫ਼ੀ ਦੇਣ ਲਈ ਦਬਾਅ ਪਾਉਣ ਦੇ ਦੋਸ਼ ਲਾਏ ਸਨ। ਜਿਸ ਦੀ ਕੀਮਤ ਗੁਰਮੁਖ ਸਿੰਘ ਨੂੰ ਕਾਰਜਕਾਰੀ ਜਥੇਦਾਰ ਤੇ ਹੈੱਡ ਗ੍ਰੰਥੀ ਦੇ ਅਹੁਦੇ 'ਖੋਹੇ' ਜਾਣ ਨਾਲ ਚੁਕਾਉਣੀ ਪਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















