ਅਕਾਲੀ ਦਲ ਵੱਲੋਂ ਉੱਪ ਰਾਸ਼ਟਰਪਤੀ ਚੋਣ ਲਈ ਜਗਦੀਪ ਧਨਖੜ ਨੂੰ ਸਮਰਥਨ
ਭਾਰਤ ਦੇ ਅਗਲੇ ਉੱਪ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਅੱਜ ਸਵੇਰੇ 10 ਵਜੇ ਤੋਂ ਜਾਰੀ ਹਨ। ਇਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਸੰਸਦ ਮੈਂਬਰਾਂ ’ਚ ਸ਼ਾਮਲ ਹੋਏ।
ਨਵੀਂ ਦਿੱਲੀ/ਚੰਡੀਗੜ੍ਹ: ਭਾਰਤ ਦੇ ਅਗਲੇ ਉੱਪ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਅੱਜ ਸਵੇਰੇ 10 ਵਜੇ ਤੋਂ ਜਾਰੀ ਹਨ। ਇਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਸੰਸਦ ਮੈਂਬਰਾਂ ’ਚ ਸ਼ਾਮਲ ਹੋਏ। ਓਧਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵ੍ਹੀਲ ਚੇਅਰ ’ਤੇ ਸੰਸਦ ਭਵਨ ਪਹੁੰਚੇ ਅਤੇ ਉੱਪ ਰਾਸ਼ਟਰਪਤੀ ਚੋਣ ’ਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।ਇਸ ਵਿਚਾਲੇ ਸ੍ਰੀਮੋਣੀ ਅਕਾਲੀ ਨੇ ਜਗਦੀਪ ਧਨਖੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਸੁਖਬੀਰ ਬਾਦਲ ਨੇ ਕਿਹਾ, "ਸ਼੍ਰੋਮਣੀ ਅਕਾਲੀ ਦਲ ਇੱਕ ਕਿਸਾਨ ਦੇ ਪੁੱਤਰ, ਕਿਸਾਨਾਂ ਦੇ ਹੱਕਾਂ ਲਈ ਲੜਨ ਵਾਲੇ ਅਤੇ ਆਪਣੇ ਰਾਜ ਵਿੱਚ ਕਿਸਾਨ ਭਾਈਚਾਰੇ (ਜਾਟਾਂ) ਲਈ ਓ.ਬੀ.ਸੀ. ਦਾ ਦਰਜਾ ਪ੍ਰਾਪਤ ਕਰਨ ਵਾਲੇ ਜਗਦੀਪ ਧਨਖੜ ਨੂੰ ਉੱਪ ਰਾਸ਼ਟਰਪਤੀ ਲਈ ਸਮਰਥਨ ਦਿੰਦਾ ਹੈ।"
ਬਾਦਲ ਨੇ ਕਿਹਾ, "ਸ਼੍ਰੋਮਣੀ ਅਕਾਲੀ ਦਲ ਇਸ ਗੱਲੋਂ ਖੁਸ਼ ਹੈ ਕਿ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੋਵਾਂ ਚੋਣਾਂ ਵਿੱਚ ਅਸੀਂ ਦੱਬੇ-ਕੁਚਲੇ ਅਤੇ ਕਿਸਾਨਾਂ ਦੇ ਨਾਲ ਖੜ੍ਹੇ ਉਮੀਦਵਾਰਾਂ ਦਾ ਸਮਰਥਨ ਕੀਤਾ ਹੈ।"
ਉੱਪ ਰਾਸ਼ਟਰਪਤੀ ਚੋਣਾਂ ’ਚ ਰਾਜ ਸਭਾ ਦੇ ਡਿਪਟੀ ਸਪੀਕਰ ਹਰੀਵੰਸ਼ ਨੇ ਵੀ ਵੋਟ ਪਾਈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਜਤਿੰਦਰ ਸਿੰਘ, ਗਜੇਂਦਰ ਸਿੰਘ ਸ਼ੇਖਾਵਤ ਅਤੇ ਅਸ਼ਵਨੀ ਵੈਸ਼ਣਵ, ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਰਘੂ ਰਾਮ ਕ੍ਰਿਸ਼ਨ ਰਾਜੂ ਅਤੇ ਤੇਲੰਗਾਨਾ ਰਾਸ਼ਟਰ ਕਮੇਟੀ ਦੇ ਸੰਸਦ ਮੈਂਬਰਾਂ ਨੇ ਵੀ ਵੋਟ ਪਾਈ। ਵੋਟਾਂ ਸ਼ਾਮ 5 ਵਜੇ ਤੱਕ ਪੈਣਗੀਆਂ, ਜਿਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ। ਉੱਪ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਦੇ ਉਮੀਦਵਾਰ ਅਤੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਜਗਦੀਪ ਧਨਖੜ ਦਾ ਮੁਕਾਬਲਾ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮਾਰਗ੍ਰੇਟ ਅਲਵਾ ਨਾਲ ਹੈ।
ਸੱਤਾਧਾਰੀ ਭਾਜਪਾ ਕੋਲ ਲੋਕ ਸਭਾ ’ਚ 303 ਮੈਂਬਰਾਂ ਦਾ ਪੂਰਨ ਬਹੁਮਤ ਅਤੇ ਰਾਜ ਸਭਾ ’ਚ 91 ਮੈਂਬਰ ਹੋਣ ਕਾਰਨ ਧਨਖੜ ਨੂੰ ਆਪਣੀ ਵਿਰੋਧੀ ਤੋਂ ਸਪੱਸ਼ਟ ਲੀਡ ਹਾਸਲ ਹੈ। ਉਨ੍ਹਾਂ ਦੇ ਮੌਜੂਦਾ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦੀ ਥਾਂ ਲੈਣ ਦੀ ਸੰਭਾਵਨਾ ਵੱਧ ਹੈ, ਜਿਨ੍ਹਾਂ ਦਾ ਕਾਰਜਕਾਲ 10 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਸੰਸਦ ਮੈਂਬਰ, ਜਿਨ੍ਹਾਂ ’ਚ ਮਨੋਨੀਤ ਮੈਂਬਰ ਵੀ ਸ਼ਾਮਲ ਹਨ, ਉੱਪ ਰਾਸ਼ਟਰਪਤੀ ਚੋਣਾਂ ’ਚ ਵੋਟ ਪਾਉਣ ਦੇ ਯੋਗ ਹਨ। ਸੰਸਦ ਦੇ ਦੋਹਾਂ ਸਦਨਾਂ ’ਚ ਕੁੱਲ 788 ਸੰਸਦ ਮੈਂਬਰ ਹਨ, ਜਿਨ੍ਹਾਂ ’ਚੋਂ ਰਾਜ ਸਭਾ ਦੀਆਂ 8 ਸੀਟਾਂ ਫ਼ਿਲਹਾਲ ਖਾਲੀ ਹਨ। ਅਜਿਹੇ ’ਚ ਰਾਸ਼ਟਰਪਤੀ ਚੋਣਾਂ ’ਚ 780 ਸੰਸਦ ਮੈਂਬਰ ਹੀ ਵੋਟ ਪਾਉਣ ਦਾ ਯੋਗ ਹਨ।