ਅਕਾਲੀ ਦਲ ਵੱਲੋਂ ਸੁਨੀਲ ਜਾਖੜ ਦੇ ਬਿਆਨ ਦਾ ਸਵਾਗਤ, BBMB ਮੁੱਦੇ 'ਤੇ ਇਕਜੁੱਟਤਾ ਦੀ ਵੀ ਕੀਤੀ ਅਪੀਲ
ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) 'ਚ ਨੁਮਾਇੰਦਗੀ ਦੇ ਮਾਮਲੇ 'ਚ ਪੰਜਾਬ ਨੂੰ ਬਾਹਰ ਕਰ ਦਿੱਤਾ ਹੈ।
ਪਟਿਆਲਾ/ਚੰਡੀਗੜ੍ਹ: ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) 'ਚ ਨੁਮਾਇੰਦਗੀ ਦੇ ਮਾਮਲੇ 'ਚ ਪੰਜਾਬ ਨੂੰ ਬਾਹਰ ਕਰ ਦਿੱਤਾ ਹੈ।ਕੇਂਦਰ ਦੇ ਇਸ ਫੈਸਲੇ ਨੂੰ ਪੰਜਾਬ ਦੇ ਹੱਕਾਂ 'ਤੇ ਤਿੱਖਾ ਹਮਲਾ ਸਮਝਿਆ ਜਾ ਰਿਹਾ ਹੈ।ਅੱਜ ਪਟਿਆਲਾ 'ਚ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਇਸ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਭੰਡਿਆ।
ਉਨ੍ਹਾਂ ਕਿਹਾ ਕਿ ਨਿਯਮਾਂ ਦੀ ਸੋਧ ਕਰਨਾ ਗਲਤ ਗੱਲ ਹੈ, ਅਕਾਲ਼ੀ ਦਲ ਇਸਦਾ ਵਿਰੋਧ ਕਰਦਾ ਹੈ।BBMB ਖੇਤਰ 'ਚ ਦਖਲਅੰਦਾਜ਼ੀ ਕਰਨਾ ਗਲਤ ਗੱਲ ਹੈ।ਚੰਦੂ ਮਾਜਰਾ ਨੇ ਕਿਹਾ, "ਭਾਖੜਾ ਡੈਮ ਪੰਜਾਬ ਦਾ ਹਿੱਸਾ ਸੀ ਪਰ ਉਸਨੂੰ ਹਿਮਾਚਲ ਦਾ ਹਿੱਸਾ ਬਣਾ ਦਿੱਤਾ ਗਿਆ। ਕੇਂਦਰ ਹੋਲੀ-ਹੋਲੀ ਸੂਬੇ ਦੇ ਕੰਮਕਾਜ ਨੂੰ ਆਪਣੇ ਹੱਥ ਵਿੱਚ ਲੈ ਕੇ ਸੂਬੇ ਦੀਆਂ ਤਾਕਤਾਂ ਨੂੰ ਘਟਾ ਕੇ ਆਪਣੇ-ਆਪ ਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ ਲੱਗਿਆ ਹੋਇਆ ਹੈ।"
ਪ੍ਰੇਮ ਸਿੰਘ ਚੰਦੂਮਾਜਰਾ ਨੇ ਜਾਖੜ ਦੇ ਬਿਆਨ ਦਾ ਸਵਾਗਤ ਕੀਤਾ ਤੇ ਨਾਲ-ਨਾਲ ਸਾਰੀਆਂ ਪਾਰਟੀਆਂ ਨੂੰ ਕਿਹਾ ਕਿ ਸਾਨੂੰ ਸਭ ਨੂੰ ਇਕੱਠੇ ਹੋ ਕੇ ਕੇਂਦਰ ਦੇ ਇਸ ਫੈਸਲੇ ਵਿਰੁੱਧ ਅਵਾਜ਼ ਚੁੱਕਣੀ ਚਾਹੀਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਗੱਲਬਾਤ ਕਰਕੇ ਕੋਈ ਮਸਲੇ ਦਾ ਹੱਲ ਨਹੀਂ ਕੱਢਦੀ ਤਾਂ ਉਹ ਅਦਾਲਤ ਵੀ ਜਾਣਗੇ।
ਉਧਰ ਪੰਜਾਬ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਕੇਂਦਰ ਸਰਕਾਰ ਵੱਲੋਂ BBMB ਦੇ ਨਿਯਮਾਂ 'ਚ ਕੀਤੇ ਵੱਡਾ ਬਦਲਾਅ ਨੂੰ ਲੈ ਕੇ ਅਹਿਮ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਿਯਮਾਂ 'ਚ ਸੋਧ ਕਰਕੇ ਪੰਜਾਬ ਦੀ ਦਾਵੇਦਾਰੀ ਖ਼ਤਮ ਕਰ ਦਿੱਤੀ ਹੈ।ਇਸਨੂੰ ਲੈ ਕੇ ਨਿਯਮਾਂ 'ਚ ਕੀਤੀ ਸੋਧ ਦਾ ਵਿਰੋਧੀਆਂ ਨੇ ਵੀ ਇਤਰਾਜ਼ ਜਤਾਇਆ ਹੈ।
ਜਾਖੜ ਨੇ ਇਸ ਮਾਮਲੇ 'ਤੇ ਟਵੀਟ ਕੀਤਾ ਹੈ।ਜਾਖੜ ਨੇ ਟਵੀਟ ਕਰ ਕਿਹਾ, "ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪਹਿਲੀ ਵਾਰ ਪੀਸੀਐਸ/ਐਚਸੀਐਸ ਦੀ ਥਾਂ 3 ਡੈਨਿਕ ਅਧਿਕਾਰੀ ਤਾਇਨਾਤ ਕੀਤੇ ਗਏ ਹਨ।ਬੀ.ਬੀ.ਐੱਮ.ਬੀ. ਦੇ ਨਿਯਮਾਂ ਨੂੰ ਪੰਜਾਬ ਦੇ ਨੁਕਸਾਨ ਲਈ ਬਦਲਿਆ ਗਿਆ ਹੈ।ਪਿਛਲੇ ਕੁਝ ਦਿਨਾਂ ਵਿੱਚ ਇਹ ਚਿੰਤਾਜਨਕ ਘਟਨਾਕ੍ਰਮ ਹੈ। ਪੰਜਾਬ ਤੋਂ ਯੋਜਨਾਬੱਧ ਢੰਗ ਨਾਲ ਚੰਡੀਗੜ੍ਹ ਅਤੇ BBMB ਤੋਂ ਉਸਦਾ ਦਾਅਵਾ ਖੋਹ ਲਿਆ ਗਿਆ ਹੈ।"
ਜਾਖੜਾ ਨੇ ਪੰਜਾਬ ਦੇ ਲੀਡਰਾਂ ਨੂੰ ਅਪੀਲ ਕਰਦੇ ਕਿਹਾ, "ਮੈਂ ਅਪੀਲ ਕਰਦਾ ਹਾਂ ਕੈਪਟਨ ਅਮਰਿੰਦਰ, ਸੁਖਦੇਵ ਢਿੰਡਸਾ, ਭਗਵੰਤ ਮਾਨ, ਸੁਖਬੀਰ ਬਾਦਲ, ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਨੂੰ ਕਿ ਉਹ ਚੋਣਾਂ ਖਤਮ ਹੋਣ ਦੇ ਨਾਲ, ਰਾਜਨੀਤਿਕ ਮਤਭੇਦਾਂ ਨੂੰ ਦੂਰ ਕਰਨ ਅਤੇ ਪੰਜਾਬ ਦੇ ਹੱਕਾਂ ਨੂੰ ਕੁਚਲਣ ਲਈ ਦ੍ਰਿੜ ਇਰਾਦੇ ਵਾਲੇ ਹੰਕਾਰੀ ਕੇਂਦਰ ਵਿਰੁੱਧ ਪੰਜਾਬ ਦੇ ਹਿੱਤ ਲਈ ਹੱਥ ਮਿਲਾਉਣ।"
ਦੱਸ ਦੇਈਏ ਕਿ ਇਸ ਮਾਮਲੇ 'ਤੇ 'ਆਪ' ਅਤੇ ਕਾਂਗਰਸ ਨੇ ਸਵਾਲ ਚੁੱਕੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਹੱਕ ਖੋਹਿਆ ਜਾ ਰਿਹਾ ਹੈ।ਸੁਨੀਲ ਜਾਖੜ ਨੇ ਕਿਹਾ ਕਿ ਚੰਡੀਗੜ੍ਹ ਅਤੇ ਪੰਜਾਬ ਦਾ ਹੱਕ ਕਮਜ਼ੋਰ ਕੀਤਾ ਜਾ ਰਿਹਾ ਹੈ।ਜਾਖੜ ਨੇ ਕੇਂਦਰ 'ਤੇ ਹਮਲਾ ਬੋਲਦੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਂਗ ਵਿਵਹਾਰ ਕਰ ਰਹੀ ਹੈ।
ਉਧਰ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵਿੱਚੋਂ ਪੰਜਾਬ ਨੂੰ ਹਟਾਕੇ ਭਾਜਪਾ ਨੇ ਨਾ ਸਿਰਫ ਪੰਜਾਬ ਪ੍ਰਤੀ ਉਸਦੀ ਨਫ਼ਰਤ ਅਤੇ ਅਵਿਸ਼ਵਾਸ ਨੂੰ ਜੱਗ ਜ਼ਾਹਿਰ ਕੀਤਾ ਹੈ ਬਲਕਿ ਇਸ ਦੇ ਨਾਲ-ਨਾਲ ਰਾਜ ਪ੍ਰਤੀ ਸੰਘੀ ਢਾਂਚੇ ਦੇ ਪੱਖਪਾਤ ਦਾ ਵੀ ਪਰਦਾਫਾਸ਼ ਕੀਤਾ ਹੈ। ਸਾਨੂੰ ਸਾਰਿਆਂ ਨੂੰ ਅਜਿਹੇ ਤਾਨਾਸ਼ਾਹੀ ਫੈਸਲਿਆਂ ਵਿਰੁੱਧ ਇਕਜੁੱਟ ਹੋਣਾ ਚਾਹੀਦਾ ਹੈ।