Punjab News: ਸਰਕਾਰ ਤੇ ਰਾਜਪਾਲ ਵਿਚਾਲੇ ਮੁੜ ਤਕਰਾਰ, ਅਮਨ ਅਰੋੜਾ ਨੇ ਕਿਹਾ, ਅਹੁਦੇ ਦਾ ਖ਼ਿਆਲ ਰੱਖੋ...
ਅਰੋੜਾ ਨੇ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਸੂਬੇ ਦੇ ਰਾਜਪਾਲ ਰਾਜਨੀਤਿਕ ਭਾਸ਼ਣ ਦਿੰਦੇ ਹੋਣ, ਉਹ ਸਿਰਫ਼ ਸਿਆਸੀ ਮੁਫਾਦਾਂ ਲਈ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਹਨ।
Punjab News: ਪੰਜਾਬ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੂਬਾ ਸਰਕਾਰ ਨੂੰ ਨਸੀਹਤ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੇ ਮੰਤਰੀ ਅਮਨ ਅਰੋੜਾ ਨੇ ਪਲਟਵਾਰ ਕੀਤਾ ਹੈ। ਅਰੋੜਾ ਨੇ ਕਿਹਾ ਕਿ ਰਾਜਪਾਲ ਸਿਆਸੀ ਬਿਆਨਬਾਜ਼ੀ ਕਰ ਰਹੇ ਹਨ ਤੇ ਬਰਾਬਰ ਸਰਕਾਰ ਚਲਾ ਰਹੇ ਹਨ। ਜ਼ਿਕਰ ਕਰ ਦਈਏ ਕਿ ਰਾਜਪਾਲ ਨੇ ਸੂਬੇ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਨਸ਼ੀਲੇ ਪਦਾਰਥ ਸਕੂਲਾਂ ਵਿੱਚ ਵੀ ਦਾਖ਼ਲ ਹੋ ਚੁੱਕੇ ਹਨ।
ਅਰੋੜਾ ਨੇ ਰਾਜਪਾਲ ਨੂੰ ਦਿੱਤਾ ਪਲਟ ਜਵਾਬ
ਦੱਸ ਦਈਏ ਕਿ ਰਾਜਪਾਲ ਸਰਹੱਦੀ ਪਿੰਡਾਂ ਦੇ ਦੋ ਦਿਨਾਂ ਦੌਰੇ ਉੱਤੇ ਗਏ ਸੀ ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਨਸ਼ੀਲੇ ਪਦਾਰਥ ਦੁਕਾਨਾਂ ਉੱਤੇ ਹੋਰ ਸਮਾਨ ਵਾਂਗ ਵਿਕ ਰਹੇ ਹਨ। ਜਿਸ ਤੋਂ ਬਾਅਦ ਅਮਨ ਅਰੋੜਾ ਨੇ ਕਿਹਾ ਕਿ ਰਾਜਪਾਲ ਆਪਣੇ ਅਹੁਦੇ ਦੀ ਇੱਜ਼ਤ ਦਾ ਖ਼ਿਆਲ ਨਹੀਂ ਰੱਖ ਰਹੇ ਹਨ। ਅਰੋੜਾ ਨੇ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਸੂਬੇ ਦੇ ਰਾਜਪਾਲ ਰਾਜਨੀਤਿਕ ਭਾਸ਼ਣ ਦਿੰਦੇ ਹੋਣ, ਉਹ ਸਿਰਫ਼ ਸਿਆਸੀ ਮੁਫਾਦਾਂ ਲਈ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਹਨ। ਅਰੋੜਾ ਨੇ ਕਿਹਾ ਕਿ ਰਾਜਪਾਲ ਨਸ਼ੇ ਦੇ ਮੁੱਦੇ ਉੱਤੇ ਗੱਲ ਕਰਦੇ ਹਨ ਪਰ ਪੰਜਾਬ ਵਿੱਚ ਇਹ ਨਸ਼ੀਲੇ ਪਦਾਰਥ ਆ ਕਿੱਥੋਂ ਰਹੇ ਹਨ। ਸਰਹੱਦ ਪਾਰੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਲਈ ਕੌਣ ਜ਼ਿੰਮੇਦਾਰ ਹੈ।
ਅਰੋੜਾ ਨੇ ਲਾਏ ਇਲਜ਼ਾਮ
ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਇਹ ਪਾਬੰਦੀਸ਼ੁਦਾ ਵਸਤੂਆਂ ਸਰਹੱਦ ਪਾਰ ਤੋਂ ਸਪਲਾਈ ਕੀਤੀਆਂ ਜਾ ਰਹੀਆਂ ਹਨ ਤਾਂ ਪੰਜਾਬ ਦੀ ਇੱਕ ਸਰਹੱਦ 'ਤੇ ਹਰਿਆਣਾ ਹੈ। ਇਸ ਲਈ ਉੱਥੋਂ ਦੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਗੁਜਰਾਤ ਦੀ ਬੰਦਰਗਾਹ ਤੋਂ ਨਸ਼ੇ ਲਿਆਂਦੇ ਜਾ ਰਹੇ ਸਨ, ਜਿਸ ਲਈ ਜ਼ਿੰਮੇਵਾਰ ਕੌਣ ਹੈ। ਕੇਂਦਰ ਸਰਕਾਰ ਨੂੰ ਇਨ੍ਹਾਂ ਸਭ ਦਾ ਧਿਆਨ ਰੱਖਣਾ ਚਾਹੀਦਾ ਹੈ। ਦੱਸ ਦੇਈਏ ਕਿ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੇ ਬਾਰੇ ਕਿਹਾ ਸੀ ਕਿ ਨਸ਼ਾ ਪੰਜਾਬ ਦੇ ਸਕੂਲਾਂ ਤੱਕ ਪਹੁੰਚ ਗਿਆ ਹੈ। ‘ਆਪ’ ਸਰਕਾਰ ਨੂੰ ਇਸ ਦੀ ਜਾਂਚ ਲਈ ਕੇਂਦਰ ਸਰਕਾਰ ਤੋਂ ਮਦਦ ਲੈਣੀ ਚਾਹੀਦੀ ਹੈ।