Arvind Kejriwal Arrest: ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਭੜਕੇ ਰਾਜਾ ਵੜਿੰਗ, ਸੁਖਬੀਰ ਬਾਦਲ 'ਖੁਸ਼'...ਬੋਲੇ ਭਗਵੰਤ ਮਾਨ ਨਾਲ ਵੀ ਇੰਝ ਹੀ ਹੋਊ...
ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਲਿਖਿਆ ਕਿ ਭਾਜਪਾ ਆਪਣੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਕਿਸੇ ਵੀ ਤਰੀਕੇ ਨਾਲ ਤਬਾਹ ਕਰਨ 'ਤੇ ਤੁਲੀ ਹੋਈ ਹੈ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ
Arvind Kejriwal Arrest: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਵੀ ਭਾਜਪਾ ਦੀ ਕੇਂਦਰ ਸਰਕਾਰ 'ਤੇ ਹਮਲਾਵਰ ਹੋ ਗਈ ਹੈ। ਪੰਜਾਬ ਵਿੱਚ ਚਾਹੇ ਕਾਂਗਰਸ ਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਡਟੀਆਂ ਹੋਈਆਂ ਹਨ ਪਰ ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਿੱਖੇ ਤੇਵਰ ਵਿਖਾਏ ਹਨ।
ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਲਿਖਿਆ ਕਿ ਭਾਜਪਾ ਆਪਣੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਕਿਸੇ ਵੀ ਤਰੀਕੇ ਨਾਲ ਤਬਾਹ ਕਰਨ 'ਤੇ ਤੁਲੀ ਹੋਈ ਹੈ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਤਾਂ ਜੋ ਵਿਰੋਧੀ ਧਿਰ ਲਈ ਪ੍ਰਚਾਰ ਕਰਨਾ ਮੁਸ਼ਕਲ ਹੋ ਜਾਏ।
ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਵਿਰੋਧੀ ਧਿਰ ਦੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ। ਅਸੀਂ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦੇ ਹਾਂ, ਇਹ ਫਾਸ਼ੀਵਾਦ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਐਕਸ 'ਤੇ ਪੋਸਟ ਕੀਤਾ ਤੇ ਲਿਖਿਆ ਕਿ ਲੰਬੀ ਰੱਸੀ ਦਾ ਅੰਤ! ਅਰਵਿੰਦ ਕੇਜਰੀਵਾਲ ਦੇਸ਼ ਦੇ ਕਾਨੂੰਨ 'ਤੇ ਚਿੜ੍ਹ ਰਹੇ ਸੀ ਤੇ ਸਾਰੇ ਸੱਭਿਅਕ ਨਿਯਮਾਂ ਤੇ ਕਾਨੂੰਨੀ ਜ਼ਰੂਰਤਾਂ ਨੂੰ ਮਜ਼ਾਕ ਸਮਝ ਰਹੇ ਸੀ। ਜਿਸ ਘਪਲੇ ਵਿੱਚ ਉਹ ਸ਼ਾਮਲ ਹਨ, ਉਸ ਨੂੰ ਉਨ੍ਹਾਂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਦੁਹਰਾਇਆ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਵੀ ਕਾਰਵਾਈ ਹੋਣੀ ਚਾਹੀਦੀ ਹੈ। ਸੀਐਮ ਮਾਨ ਨੂੰ ਵੀ ਆਪਣੇ ਬੌਸ ਵਾਂਗ ਹੀ ਨਤੀਜੇ ਭੁਗਤਣੇ ਪੈਣਗੇ। ਅਜਿਹਾ ਕੋਈ ਕਾਰਨ ਨਹੀਂ ਕਿ ਪੰਜਾਬ ਵਿੱਚ ਦਿੱਲੀ ਸ਼ਰਾਬ ਘੁਟਾਲੇ ਲਾਸਾ ਕੰਮ ਹੀ ਨਾ ਕੀਤਾ ਗਿਆ ਹੋਏ। ਇੱਥੇ ਇੱਕੋ ਜਿਹੇ ਲਾਭਪਾਤਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਅਜਿਹੀ ਨੀਤੀ ਲਾਗੂ ਕੀਤੀ ਗਈ ਸੀ। ਇਸ ਘੁਟਾਲੇ ਦੇ ਨਿਸ਼ਾਨ ਸਿੱਧੇ ਭਗਵੰਤ ਮਾਨ ਦੇ ਦਫ਼ਤਰ ਤੇ ਰਿਹਾਇਸ਼ ਤੱਕ ਜਾਂਦੇ ਹਨ।
ਦੱਸ ਦਈਏ ਕਿ ਈਡੀ ਨੇ ਆਬਕਾਰੀ ਨੀਤੀ ਮਾਮਲੇ 'ਚ ਵੀਰਵਾਰ ਰਾਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ। ਅੱਜ ਉਨ੍ਹਾਂ ਨੂੰ ਈਡੀ ਦੀ ਤਰਫ਼ੋਂ ਪੀਐਮਐਮਏ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਨੂੰ ਲੈ ਕੇ ਇੰਡੀਆ ਗੱਠਜੋੜ ਆਮ ਆਦਮੀ ਪਾਰਟੀ ਨਾਲ ਡਟ ਕੇ ਖੜ੍ਹਾ ਹੈ।