Punjab News: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਆਨੰਦਪੁਰ ਵਾਪਸੀ, ਪੰਜਾਬ ਪੰਜਾਬੀਆਂ ਦਾ, ਬੰਦੀ ਸਿੰਘ ਦੀ ਰਿਹਾਈ ਸਮੇਤ ਪਾਏ 15 ਮਤੇ, ਕਿਸ ਦਿਸ਼ਾ ਵੱਲ ਵਧੇਗੀ ਨਵੀਂ ਧਿਰ ?
ਪੰਜਾਬ ਵਿੱਚ ਇਸ ਵੇਲੇ ਪੰਜਾਬ ਪੁਲਿਸ ਦੇ ਪੁਨਰਗਠਨ ਦੀ ਸਖਤ ਲੋੜ ਹੈ। ਮੌਜੂਦਾ ਪੁਲਿਸ ਪ੍ਰਬੰਧ ਅੰਗਰੇਜ਼ਾਂ ਦਾ ਬਣਾਇਆ ਹੋਇਆ ਅਤੇ ਇਸ ਢਾਂਚੇ ਵਿੱਚ ਆਮ ਜਨਤਾ ਲਈ ਕੋਈ ਥਾਂ ਨਹੀਂ ਹੈ।
Punjab News: ਮਾਘੀ ਮੇਲੇ ਦੀ ਕਾਨਫਰੰਸ ਦੌਰਾਨ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਨਾਂਅ ਦਾ ਐਲਾਨ ਕੀਤਾ ਗਿਆ ਹੈ। ਸਟੇਜ ਤੋਂ ਜੈਕਾਰਿਆਂ ਦੀ ਗੂੰਜ ਹੇਠ ਪਾਰਟੀ ਦਾ ਨਾਂਅ ਅਕਾਲੀ ਦਲ (ਵਾਰਿਸ ਪੰਜਾਬ ਦੇ ) ਰੱਖਿਆ ਗਿਆ ਹੈ ਜਿਸ ਦਾ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਨੂੰ ਬਣਾਇਆ ਗਿਆ ਹੈ ਜਿਸ ਵਿੱਚ 15 ਮਤੇ ਪਾਏ ਗਏ ਹਨ।
ਸੂਬਾਈ ਪਾਰਟੀ ਦੀ ਸਥਾਪਨਾ
ਦਸਮ ਪਾਤਸ਼ਾਹ ਕਲਗੀਧਰ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਚਾਲੀ ਮੁਕਤਿਆਂ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਅੱਜ ਦਾ ਇਹ ਇਤਿਹਾਸਕ ਇਕੱਠ ਜੈਕਾਰਿਆਂ ਦੀ ਗੂੰਜ ਵਿਚ ਪੰਜਾਬ ਦੀ ਭਲਾਈ ਲਈ ਪੰਥ ਦੀ ਨਵੀਂ ਸੂਬਾਈ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਗਠਨ ਕਰਨ ਦਾ ਐਲਾਨ ਕਰਦਿਆਂ ਮਾਣ ਮਹਿਸੂਸ ਕਰਦਾ ਹੈ। ਅੱਜ ਦਾ ਇਹ ਇਕੱਠ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਅਕਾਲੀ ਦਲ (ਵਾਰਿਸ ਪੰਜਾਬ ਦਾ) ਦਾ ਮੁਖ ਸੇਵਾਦਾਰ ਲਾਉਣ ਵਿਚ ਮਾਣ ਮਹਿਸੂਸ ਕਰਦਾ ਹੈ । ਆਉਣ ਵਾਲੇ ਸਮੇਂ ਵਿਚ ਪਾਰਟੀ ਦੇ ਰੈਗੂਲਰ ਪ੍ਰਧਾਨ ਦੀ ਚੋਣ ਤੱਕ ਇਸ ਰਾਜਸੀ ਜਮਾਤ ਦੀ ਅਗਵਾਈ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਕਰੇਗੀ, ਜਿਸਦੇ ਹੇਠ ਲਿਖੇ ਮੈਂਬਰ ਹੋਣਗੇ:
1. ਬਾਪੂ ਤਰਸੇਮ ਸਿੰਘ
2. ਭਾਈ ਸਰਬਜੀਤ ਸਿੰਘ ਖਾਲਸਾ
3. ਭਾਈ ਅਮਰਜੀਤ ਸਿੰਘ
4. ਭਾਈ ਹਰਭਜਨ ਸਿੰਘ ਤੁੜ
5. ਭਾਈ ਸੁਰਜੀਤ ਸਿੰਘ
ਇਹ ਕਾਰਜਕਾਰੀ ਕਮੇਟੀ ਨਵੀਂ ਬਣੀ ਪਾਰਟੀ ਦਾ ਜਥੇਬੰਦਕ ਢਾਂਚਾ ਉਸਾਰਨ ਲਈ ਬਣਨ ਵਾਲੀਆਂ ਸਬ- ਕਮੇਟੀਆਂ ਦੀ ਨਿਗਰਾਨੀ ਕਰੇਗੀ ਅਤੇ ਜਥੇਬੰਦਕ ਕਾਰਵਾਈਆਂ ਨੂੰ ਚਲਾਏਗੀ।
ਭਰਤੀ ਕਮੇਟੀ
ਕਾਰਜਕਾਰੀ ਕਮੇਟੀ ਦੀ ਅਗਵਾਈ ਵਿਚ ਇਕ ਸੱਤ-ਮੈਂਬਰੀ ਭਰਤੀ ਕਮੇਟੀ ਬਣਾਈ ਜਾਂਦੀ ਹੈ, ਜਿਸ ਦੇ ਹੇਠ ਲਿਖੇ ਮੈਂਬਰ ਹੋਣਗੇ। ਇਹ ਸਬ-ਕਮੇਟੀ ਅਗਲੇ ਤਿੰਨ ਮਹੀਨਿਆਂ ਵਿਚ ਪਾਰਟੀ ਦੇ ਨਵੇਂ ਮੈਂਬਰਾਂ ਦੀ ਭਰਤੀ ਕਰੇਗੀ, ਭਰਤੀ ਹੋਏ ਮੈਬਰਾਂ ਪਿੱਛੇ ਡੈਲੀਗੇਟ ਚੁਣੇਗੀ ਅਤੇ ਵਿਸਾਖੀ ਉੱਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਕ ਡੈਲੀਗੇਟ ਇਜਲਾਸ ਸੱਦ ਕੇ ਪਾਰਟੀ ਦੇ ਨਵੇਂ ਪ੍ਰਧਾਨ ਅਤੇ ਹੋਰ ਅਹੁੱਦੇਦਾਰਾਂ ਦੀ ਚੋਣ ਕਰਵਾਏਗੀ।
1. ਹਰਪ੍ਰੀਤ ਸਿੰਘ ਸਮਾਧਭਾਈ
2. ਨਰਿੰਦਰ ਸਿੰਘ ਨਾਰਲੀ
3. ਚਰਨਦੀਪ ਸਿੰਘ ਭਿੰਡਰ
4. ਦਵਿੰਦਰ ਸਿੰਘ ਹਰੀਏਵਾਲ
5. ਸੰਦੀਪ ਸਿੰਘ ਰੁਪਾਲੋਂ
6. ਹਰਪ੍ਰੀਤ ਸਿੰਘ
7. ਕਾਬਲ ਸਿੰਘ
ਸੰਵਿਧਾਨ ਘੜਨੀ ਅਤੇ ਏਜੰਡਾ ਕਮੇਟੀ
ਕਾਰਜਕਾਰੀ ਕਮੇਟੀ ਇਕ ਸੰਵਿਧਾਨ ਘੜਨੀ ਅਤੇ ਏਜੰਡਾ ਕਮੇਟੀ ਦਾ ਵੀ ਐਲਾਨ ਕਰਦੀ ਹੈ, ਜੋ ਵਿਸਾਖੀ ਤੱਕ ਆਪ ਅਤੇ ਹੋਰ ਮਾਹਿਰਾਂ ਦੀ ਸਲਾਹ ਨਾਲ ਪਾਰਟੀ ਦਾ ਸੰਵਿਧਾਨ, ਏਜੰਡਾ, ਨੀਤੀ ਪ੍ਰੋਗਰਾਮ ਅਤੇ ਅਨੁਸ਼ਾਸਨ ਆਦਿ ਤੈਅ ਕਰੇਗੀ। ਇਹ ਕਮੇਟੀ ਕਾਰਜਕਾਰੀ ਕਮੇਟੀ ਨੂੰ ਪਾਰਟੀ ਦਾ ਜਥੇਬੰਦਕ ਢਾਂਚਾ ਉਸਾਰਨ ਅਤੇ ਹੋਰ ਸਰਗਰਮੀਆਂ ਚਲਾਉਣ ਕਈ ਸਲਾਹ ਦੇਵੇਗੀ।
ਕਮੇਟੀ ਮੈਂਬਰਾਂ ਦੇ ਨਾਂ
1. ਭਾਈ ਹਰਿਸਿਮਰਨ ਸਿੰਘ
2. ਸਰਬਜੀਤ ਸਿੰਘ ਸੋਹਲ
3. ਡਾ. ਭਗਵਾਨ ਸਿੰਘ
4. ਬਲਜੀਤ ਸਿੰਘ ਖਾਲਸਾ
5. ਬਾਬੂ ਸਿੰਘ ਬਰਾੜ
ਇਸ ਕਮੇਟੀ ਵਿਚ ਪੰਜਾਬ ਤੋਂ ਬਾਹਰ ਭਾਰਤ ਦੇ ਸੂਬਿਆਂ ਅਤੇ ਵਿਸ਼ਵ ਵਿਚ ਜਾ ਵੱਸੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਅਤੇ ਪਾਰਟੀ ਦਾ ਏਜੰਡਾ ਲਾਗੂ ਕਰਨ ਵਿਚ ਸਮੇਂ-ਸਮੇਂ ਹੋਰ ਮਾਹਿਰ ਵਿਦਵਾਨ ਵੀ ਲਏ ਜਾਣਗੇ।
ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨਾ
ਅਕਾਲੀ ਦਲ (ਵਾਰਿਸ ਪੰਜਾਬ ਦੇ) ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਇਹਨਾਂ ਵਿਚ ਲੋੜੀਂਦੇ ਸੁਧਾਰ ਲਿਆਉਣ ਲਈ ਵਚਨਬੱਧ ਹੈ। ਇਸ ਸਬੰਧੀ ਧਾਰਮਿਕ ਤੇ ਪ੍ਰਬੰਧਕੀ ਜੁਗਤ ਵਿਚ ਮਾਹਿਰ ਸਖ਼ਸ਼ੀਅਤਾਂ ਨੂੰ ਇਕ ਧਾਰਮਿਕ ਮੰਚ ਉਸਾਰਨ ਲਈ ਉਤਸ਼ਾਹਿਤ ਕੀਤਾ ਜਾਏਗਾ। ਇਹ ਮੰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉੱਚੇ ਕਿਰਦਾਰ ਵਾਲੇ, ਈਮਾਨਦਾਰ ਤੇ ਮਿਹਨਤੀ ਗੁਰਸਿੱਖਾਂ ਨੂੰ ਅੱਗੇ ਲਿਆਏਗਾ, ਜੋ ਗੁਰਦੁਆਰਾ ਸੰਸਥਾ, ਗੁਰਦੁਆਰਾ ਪ੍ਰਬੰਧ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਲਈ ਧਾਰਮਿਕ, ਆਰਥਿਕ, ਪ੍ਰਬੰਧਕੀ, ਵਿੱਦਿਅਕ, ਚੋਣ, ਰੁਜ਼ਗਾਰ ਅਤੇ ਨਵੀਆਂ ਗਲੋਬਲ ਸਥਿਤੀਆਂ ਅਨੁਸਾਰ ਸਿਫ਼ਤੀ ਸੁਧਾਰ ਲਿਆ ਕੇ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਅਰਥਾਂ ਵਿੱਚ ਸਿੱਖਾਂ ਦੀ ਸੰਸਦ ਬਣਾਉਣਗੇ
ਰਾਜਨੀਤਿਕ ਮਤਾ-ਬਦਲਵੀਂ ਸਿੱਖ ਰਾਜਨੀਤੀ ਦਾ ਬਿਰਤਾਂਤ
ਅਕਾਲੀ ਦਲ (ਬਾਦਲ) ਦੇ ਵਰਤਮਾਨ ਸਮੇਂ ਵਿਚ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਲਹਿ ਜਾਣ ਤੋਂ ਬਾਅਦ ਪੈਦਾ ਹੋਏ ਇਸ ਖਲਾਅ ਨੂੰ ਭਰਨ ਲਈ ਬਦਲਵੀਂ ਜਥੇਬੰਦੀ, ਬਦਲਵੀਂ ਰਾਜਨੀਤੀ ਅਤੇ ਏਜੰਡੇ ਦੀ ਅਤਿਅੰਤ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬ ਅਤੇ ਪੰਥ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ ਪਿੱਛਲੇ ਦਹਾਕਿਆਂ, ਵਿਸ਼ੇਸ਼ ਕਰਕੇ 1970- 78 ਤੋਂ ਸਿੱਖਾਂ ਨੇ ਜੋ ਸੰਘਰਸ਼ ਲੜਿਆ ਉਸ ਵਿਚ ਹਜ਼ਾਰਾਂ ਸਿੱਖਾਂ ਦੀਆਂ ਸ਼ਹਾਦਤਾਂ, ਕੁਰਬਾਨੀਆਂ, ਗੁਰਧਾਮਾਂ ਅਤੇ ਹੋਰ ਜੋ ਜਾਨ-ਮਾਲ ਦਾ ਨੁਕਸਾਨ ਹੋਇਆ ਸੀ ਉਸ ਨਾਲ ਸਿੱਖ ਪੰਥ ਦੀ ਇਕ ਵੱਡੀ ਵਿਰਾਸਤ ਸਿਰਜੀ ਗਈ ਹੈ। ਸੰਘਰਸ਼ ਦੀ ਇਸ ਵਿਰਾਸਤ ਨੂੰ ਲੋਕ ਲਹਿਰ ਬਣਾਉਣ ਲਈ ਨਵੇਂ ਰਾਜਨੀਤਿਕ ਮੰਚ ਪ੍ਰਦਾਨ ਕਰਨ ਦੀ ਲੋੜ ਨੂੰ ਅਕਾਲੀ ਦਲ (ਵਾਰਿਸ ਪੰਜਾਬ ਦੇ) ਪੂਰਾ ਕਰਨ ਦਾ ਯਤਨ ਕਰੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਸਿਧਾਂਤ ਦੀ ਰਾਖੀ
ਅੱਜ ਦਾ ਇਹ ਇਕੱਠ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਫੈਸਲਿਆਂ ਦੀ ਪੁਰਜ਼ੋਰ ਸ਼ਲਾਘਾ ਕਰਦਾ ਹੈ। ਇਨ੍ਹਾਂ ਇਤਿਹਾਸਿਕ ਫੈਸਲਿਆਂ ਨਾਲ ਪੰਚ ਪ੍ਰਧਾਨੀ ਮਰਿਆਦਾ ਦਾ ਮਾਣ ਵਧਾਉਣ ਵਾਲੇ ਜਥੇਦਾਰ ਸਾਹਿਬਾਨ ਕੌਮੀ ਸਨਮਾਨ ਦੇ ਪਾਤਰ ਹਨ। ਇਹ ਇਕੱਠ ਐਲਾਨ ਕਰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ ਅਤੇ ਪੀਰੀ ਦੇ ਸਿਧਾਂਤ ਅਨੁਸਾਰ ਅਕਾਲੀ ਦਲ ਬਾਦਲ ਦੇ ਕੁਝ ਆਗੂਆਂ ਨੂੰ 2 ਦਸੰਬਰ, 2024 ਨੂੰ ਦਿੱਤੇ ਗਏ ਆਦੇਸ਼ਾਂ ‘ਤੇ ਫੁੱਲ ਚੜ੍ਹਾਉਂਦਿਆਂ, ਹੁਕਮਨਾਮੇ ਤੋਂ ਬੇਮੁੱਖ ਹੋਏ ਇਹਨਾਂ ਲੋਕਾਂ ਨੂੰ ਕਿਸੇ ਵੀ ਖੇਤਰ ਵਿਚ ਮੂੰਹ ਨਾ ਲਾਇਆ ਜਾਏ ਅਤੇ ਇਹਨਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਏ।
ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ
ਅੱਜ ਦਾ ਇਹ ਇਕੱਠ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਹੈ ਅਤੇ ਉਨ੍ਹਾਂ ਸਰਕਾਰਾਂ ਦੀ ਭਰਪੂਰ ਨਿਖੇਧੀ ਕਰਦਾ ਹੈ ਜੋ ਬੰਦੀ ਸਿੰਘਾਂ ਲਈ ਆਵਾਜ਼ ਵੀ ਨਹੀਂ ਚੁੱਕਣ ਦੇ ਰਹੀਆਂ। ਅੱਜ ਦਾ ਇਹ ਇਕੱਠ ਇਹ ਵਚਨ ਵੀ ਦਹੁਰਾਉਂਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤਮਈ ਸੰਘਰਸ਼ ਓਨਾਂ ਚਿਰ ਜਾਰੀ ਰਹੇਗਾ, ਜਦੋਂ ਤੱਕ ਸਾਰੇ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ।
ਨਸਲਾਂ ਤੇ ਫ਼ਸਲਾਂ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਿਮਾਇਤ
ਅੱਜ ਦਾ ਇਹ ਇਕੱਠ ਕਿਸਾਨ ਸੰਘਰਸ਼ ਦੀ ਪੂਰਨ ਹਿਮਾਇਤ ਕਰਦਾ ਹੋਇਆ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ਅੜੀਅਲ ਰਵੱਈਏ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ ਜੋ ਕਿਸਾਨਾਂ ਨਾਲ ਗੱਲਬਾਤ ਨਾ ਕਰਕੇ ਸ. ਜਗਜੀਤ ਸਿੰਘ ਡੱਲੇਵਾਲ ਸਮੇਤ ਕਰੋੜਾਂ ਕਿਸਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ। ਹਰਿਆਣਾ ਸਰਕਾਰ ਵੀ ਇਸ ਜ਼ੁਲਮ ਵਿਚ ਬਰਾਬਰ ਦੀ ਭਾਈਵਾਲ ਹੈ, ਜੋ ਦਿੱਲੀ ਜਾਣ ਤੋਂ ਕਿਸਾਨਾਂ ਦਾ ਰਾਹ ਰੋਕੀ ਖੜੇ ਹਨ।
ਸਿੱਖ ਰਾਜਨੀਤੀ ਦਾ ਬਦਲਵਾਂ ਬਿਰਤਾਂਤ ਸਿਰਜਣ ਲਈ ਏਕਤਾ ਦੀ ਅਪੀਲ
ਅੱਜ ਦਾ ਇਹ ਇਕੱਠ ਪੰਥਕ ਨਿਸ਼ਾਨਿਆਂ ਅਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਰਾਜਨੀਤਿਕ ਧਿਰਾਂ, ਫ਼ਿਕਰਮੰਦ ਵਿਦਵਾਨਾਂ-ਚਿੰਤਕਾਂ ਅਤੇ ਆਮ ਸਿੱਖ ਸੰਗਤ ਨੂੰ ਪੁਰਜ਼ੋਰ ਅਪੀਲ ਕਰਦਾ ਹੈ ਕਿ ਹੁਣ ਜਦੋਂਕਿ ਅਕਾਲੀ ਰਾਜਨੀਤੀ ਵਿਚ ਇਕ ਵੱਡਾ ਖਲਾਅ ਪੈਦਾ ਹੋ ਗਿਆ ਹੈ ਤਾਂ ਬਦਲਵੀਂ ਸਿੱਖ ਰਾਜਨੀਤੀ ਦਾ ਇਕ ਵੱਡਾ ਬਿਰਤਾਂਤ ਸਿਰਜਣ ਲਈ ਅਤੇ ਸਮੂਹ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਸਿਧਾਂਤਿਕ ਅਤੇ ਮੁੱਦਿਆਂ ਦੀ ਰਾਜਨੀਤੀ ਕਰਨ ਲਈ ਇਕ ਦੂਜੇ ਦੇ ਨੇੜੇ ਆਉਣ ਤਾਂ ਜੋ ਆਪਸੀ ਏਕਤਾ ਕਰਕੇ ਪੰਥ ਅਤੇ ਪੰਜਾਬ ਦੇ ਉਜਵੱਲ ਭਵਿੱਖ ਲਈ ਅੱਗੇ ਕਦਮ ਵਧਾਏ ਜਾ ਸਕਣ।
ਅਨੰਦਪੁਰ ਵਾਪਸੀ
ਜਿੱਥੇ ਪੰਜਾਬ ਇਸ ਵੇਲੇ ਅਨੇਕਾਂ ਹੋਰ ਸੰਕਟਾਂ ਨਾਲ ਜੂਝ ਰਿਹਾ ਓਥੇ ਸਭ ਤੋਂ ਵੱਡਾ ਸੰਕਟ ਨਸ਼ੇ ਦਾ ਹੈ। ਕੁਝ ਨਸ਼ੇ ਤਾਂ ਓਹ ਜੋ ਬਦਕਿਸਮਤੀ ਨਾਲ ਸਾਡੇ ਸਮਾਜ ਨੇ ਪ੍ਰਵਾਨ ਕਰ ਲਏ, ਅਤੇ ਕੁਝ ਓਹ ਸਿੰਥੈਟਿਕ ਨਸ਼ੇ ਵੀ ਹਨ ਜਿੰਨਾ ਕਾਰਨ ਸਾਡੀ ਨੌਜਵਾਨੀ ਆਏ ਦਿਨ ਮਰ ਰਹੀ ਹੈ। ਅਖਬਾਰਾਂ ਦੀਆਂ ਖਬਰਾਂ, ਸੋਸ਼ਲ ਮੀਡੀਆ ਦੀਆਂ ਪੋਸਟਾਂ ਏ ਦਰਸਾਉਂਦੀਆਂ ਹਨ ਕਿ ਹਲਾਤ ਕਿੰਨੇ ਮਾੜੇ ਹਨ। ਹਰ ਪਿੰਡ, ਸ਼ਹਿਰ, ਕਸਬੇ ਵਿੱਚ ਇਕੱਲੇ ਰਹਿ ਗਏ ਮਾਪੇ ਆਪਣੇ ਪੁੱਤਾਂ ਦੀਆਂ ਤਸਵੀਰਾਂ ਹੱਥਾਂ ‘ਚ ਫੜ ਤਰਸਯੋਗ ਹਾਲਤਾਂ ਬਿਆਨ ਕਰਦੇ ਦਿਸਦੇ ਹਨ। ਨਸ਼ਿਆਂ ਦਾ ਇੱਕੋ ਇੱਕ ਹੱਲ ਧਰਮ ਵੱਲ ਵਾਪਸੀ ਹੈ। ਧਰਮ ਨਾਲੋਂ ਟੁੱਟਿਆ ਇਨਸਾਨ ਹੀ ਮਾੜੀ ਸੰਗਤ ਅਤੇ ਹੀਣ ਭਾਵਨਾ ਕਾਰਨ ਨਸ਼ੇ ਵੱਲ ਤੁਰਦਾ। ਸਿੱਖ ਨੌਜਵਾਨੀ ਨੂੰ ਨਸ਼ੇ ਵਿੱਚੋਂ ਕੱਢ ਧਰਮ ਦੀ ਸੁਚੱਜੀ ਜੀਵਨ ਜਾਚ ਦੇਣ ਲਈ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ‘ਅਨੰਦਪੁਰ ਵਾਪਸੀ’ ਦੇ ਨਿਸ਼ਾਨੇ ਹੇਠ ਵੱਡੇ ਪੱਧਰ ਤੇ ਲਹਿਰ ਸ਼ੁਰੂ ਕਰੇਗਾ। ਇਸ ਦੌਰਾਨ ਕਿਸੇ ਵੀ ਨਸ਼ਾ ਪੀੜਤ ਕਾਨੂੰਨੀ ਕਾਰਵਾਈ ਦਾ ਨੂੰ ਨਿਸ਼ਾਨਾ ਨਾ ਬਣਾ ਉਸਨੂੰ ਪਿਆਰ ਭਾਵਨਾ ਨਾਲ ਧਾਰਮਿਕ ਜੀਵਨ ਵੱਲ ਪ੍ਰੇਰਿਤ ਕੀਤਾ ਜਾਵੇਗਾ। ਛੋਟੇ ਪੱਧਰ ਦੇ ਨਸ਼ੇ ਦੇ ਕਾਰੋਬਾਰੀ ਜੋ ਲਾਲਚ ਵੱਸ ਨਸ਼ਾ ਵੇਚਦਿਆਂ ਬਹੁਤ ਵਾਰ ਆਪ ਵੀ ਨਸ਼ੇ ਦੇ ਆਦੀ ਹੋ ਜੀਵਨ ਗਵਾ ਲੈਂਦੇ ਹਨ, ਓਹਨਾਂ ਨੂੰ ਵੀ ਹੱਕ ਹਲਾਲ ਦੀ ਕਿਰਤ ਕਰਨ ਵੱਲ ਪ੍ਰੇਰਿਤ ਕੀਤਾ ਜਾਵੇਗਾ ਅਤੇ ਇਸ ਸਬੰਧੀ ਮਦਦ ਵੀ ਕੀਤੀ ਜਾਵੇਗੀ।
ਪਰਵਾਸ ਕਾਰਨ ਪੜ੍ਹੀ ਲਿਖੀ ਗੁਣਵਾਨ ਨੌਜਵਾਨ ਦਾ ਬਾਹਰ ਜਾਣਾ
ਪੰਜਾਬ ਦੇ ਵਿਦਿਆਰਥੀਆਂ ਦੇ ਉੱਜਲ ਭਵਿੱਖ ਲਈ ਸੰਸਾਰ ਪੱਧਰੀ ਵਿੱਦਿਅਕ ਸੰਸਥਾਵਾਂ ਦਾ ਗਠਨ ਅਤੇ ਬੌਧਿਕ ਅਮੀਰੀ ਨੂੰ ਖਿਆਲ ‘ਚ ਰੱਖਦਿਆਂ ਵਿਦਿਅਕ ਢਾਂਚਾ ਸਿਰਜਣਾ ਸਾਡਾ ਉਦੇਸ਼ ਰਹੇਗਾ। ਵਿਦਿਅਕ ਸੰਸਾਰ ਵਿੱਚ ਗੈਰ ਪੰਜਾਬੀ ਲੋਕਾਂ ਦੇ ਦਖਲ ਨੂੰ ਰੋਕਣ ਅਤੇ ਪੰਜਾਬ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਭਰਪੂਰ ਯਤਨ ਕੀਤੇ ਜਾਣਗੇ।
ਪੰਜਾਬ ਪੰਜਾਬੀਆਂ ਦਾ
ਪੰਜਾਬ ਵਿੱਚ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਪਰਵਾਸ, ਜਿਸ ਕਾਰਨ ਵੱਡੇ ਪੱਧਰ ਤੇ ਪੰਜਾਬ ਦੀ ਜਨਸੰਖਿਆ ਵਿੱਚ ਫੇਰਬਦਲ ਹੋ ਰਿਹਾ ਅਤੇ ਗੈਰ ਪੰਜਾਬੀ ਲੋਕ ਪੰਜਾਬ ਦੇ ਸਰੋਤਾਂ ਅਤੇ ਕਾਰੋਬਾਰਾਂ ਤੇ ਕਾਬਜ਼ ਹੋ ਪੰਜਾਬ ਦੇ ਲੋਕਾਂ ਲਈ ਉਪਲਬਧ ਮੌਕਿਆਂ ਨੂੰ ਸਾਡੇ ਤੋਂ ਖੋਹ ਰਹੇ ਹਨ। ਇੱਕ ਯੋਜਨਾਬੱਧ ਤਰੀਕੇ ਨਾਲ ਪਰਵਾਸੀ ਲੋਕਾਂ ਨੂੰ ਪੰਜਾਬ ਵਿੱਚ ਵਸਾਇਆ ਜਾ ਕਿ ਹੈ। ਇਸ ਹਮਲੇ ਦਾ ਵਿਰੋਧ ਤਕਰੀਬਨ ਭਾਰਤ ਦਾ ਹਰ ਓਹ ਰਾਜ ਕਰਦਾ ਹੈ ਜਿੱਥੇ ਜਿੱਥੇ ਵੀ ਪਰਵਾਸੀ ਇੱਕ ਯੋਜਨਾਬੱਧ ਤਰੀਕੇ ਨਾਲ ਵਸਾਏ ਜਾ ਰਹੇ ਹਨ। ਇਸ ਸਬੰਧੀ ਭਾਰਤ ਦਾ ਤਕਰੀਬਨ ਹਰ ਰਾਜ ਸਖ਼ਤ ਕਾਨੂੰਨ ਜਾਂ ਤਾਂ ਬਣਾ ਚੁੱਕਾ ਹੈ ਜਾਂ ਫਿਰ ਇਸ ਤੇ ਬਹੁਤ ਸੰਵੇਦਨਸ਼ੀਲ ਤਰੀਕੇ ਵਿਚਾਰ ਕਰ ਰਿਹਾ ਹੈ। ਆਮ ਤੌਰ ਤੇ ਇਸ ਦੀ ਪੰਜਾਬੀਆਂ ਦੇ ਵਿਦੇਸ਼ ਜਾ ਵੱਸਣ ਨਾਲ ਤੁਲਨਾ ਕਰਕੇ ਇਸ ਯੋਜਨਾਬੱਧ ਪਰਵਾਸ ਨੂੰ ਸਹੀ ਠਹਿਰਾਇਆ ਜਾਂਦਾ ਹੈ। ਪਰ ਇਹ ਦੋਵੇਂ ਵਰਤਾਰਿਆਂ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਜਿਸ ਦੇ ਹੱਕ ਵਿੱਚ ਅਨੇਕਾਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ।
ਗੁਰੂ ਦਾ ਅਦਬ
ਸਾਜਿਸ਼ ਤਹਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋ ਰਹੀਆਂ ਬੇਅਦਬੀਆਂ ਨੇ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਹੈ। ਲੜੀਵਾਰ ਹੋਈਆਂ ਬੇਅਦਬੀਆਂ ਨੇ ਲਗਪਗ ਇਸਨੂੰ ਇੱਕ ਆਮ ਵਰਤਾਰੇ ਦੇ ਤੌਰ ਤੇ ਪੱਕਾ ਕਰ ਦਿੱਤਾ ਹੈ। ਗਿਣ ਮਿੱਥਕੇ ਹੋ ਰਹੀਆਂ ਇਹਨਾਂ ਬੇਅਦਬੀਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਜਿਸ ਤਹਿਤ ਅਨੇਕਾਂ ਥਾਵਾਂ ਤੇ ਲਾਲਚ ਤਹਿਤ ਧਰਮ ਪਰਿਵਰਤਨ ਕਰਾਓਣ ਵਾਲੇ ਅਤੇ ਪਰਵਾਸੀਆਂ ਨੂੰ ਭੇਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਾਓਣ ਵਾਲੇ ਫੜੇ ਜਾ ਚੁੱਕੇ ਹਨ। ਪਰ ਇਸ ਸਬੰਧੀ ਕਦੇ ਵੀ ਕੋਈ ਸਖ਼ਤ ਕਾਰਵਾਈ ਨਾ ਹੁੰਦੀ ਵੇਖ ਸਿੱਖ ਸੰਗਤ ਅੰਦਰ ਰੋਹ ਵੱਧਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆ ਇਸ ਸਬੰਧੀ ਸਖ਼ਤ ਕਾਨੂੰਨ ਬਣਾਏ ਜਾਣਗੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਕਿਸੇ ਵੀ ਹੋਰ ਧਰਮ ਅਸਥਾਨ ਜਾਂ ਧਰਮ ਦੀ ਬੇਅਦਬੀ ਕਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਓਣ ਦੀਆਂ ਕੋਸ਼ਿਸ਼ਾਂ ਨੂੰ ਠੱਲ੍ਹ ਪਾਈ ਜਾ ਸਕੇ।
ਪੰਜਾਬ ਦੇ ਹੋਰ ਵਰਗਾਂ ਦੀ ਨੁਮਾਇੰਦਗੀ
ਅਕਾਲੀ ਦਲ (ਵਾਰਿਸ ਪੰਜਾਬ ਦੇ) ਪੰਜਾਬ ਦੇ ਸਾਰੇ ਧਰਮਾਂ (ਮੂਲ ਨਿਵਾਸੀ) ਕਾਰੋਬਾਰ ਕਰਨ ਅਤੇ ਅਮਨ ਅਮਾਨ ਨਾਲ ਜਿਊਣ ਲਈ ਓਸੇ ਤਰਾਂ ਦਾ ਸੁਖਾਵੇਂ ਮਾਹੌਲ ਦੀ ਸਿਰਜਣਾ ਕਰੇਗਾ ਜੋ ਸਿੱਖ ਰਾਜ ਵੇਲੇ ਮਾਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ। ਪੰਜਾਬ ਦੇ ਸਾਰੇ ਧਰਮਾਂ (ਮੂਲ ਨਿਵਾਸੀ) ਨੂੰ ਪੰਜਾਬ ਪ੍ਰਸਤ ਹੋਣ ਦਾ ਹੋਕਾ ਦੇ ਪਾਰਟੀ ਵਿੱਚ ਬਣਦੀ ਨੁਮਾਇੰਦਗੀ ਦਿੱਤੀ ਜਾਵੇਗੀ।
ਪੰਜਾਬ ਪੁਲਸ ਦਾ ਪੁਨਰਗਠਨ
ਪਿਛਲੇ ਸਮੇ ਵਿਚ ਪੁਲਿਸ ਵਲੋਂ ਝੂਠੇ ਪੁਲਿਸ ਮੁਕਾਬਲੇ ਅਤੇ ਅਣਮਨੁੱਖੀ ਤਸ਼ੱਦਦ ਵਾਲੀ ਬਿਰਤੀ ਖਤਮ ਕਰਨ ਲਈ ਪੁਲਿਸ ਨੂੰ ਇਨਸਾਨੀ ਕਦਰਾਂ ਕੀਮਤਾਂ ਸਿਖਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ । ਪੰਜਾਬ ਵਿੱਚ ਇਸ ਵੇਲੇ ਪੰਜਾਬ ਪੁਲਿਸ ਦੇ ਪੁਨਰਗਠਨ ਦੀ ਸਖਤ ਲੋੜ ਹੈ। ਮੌਜੂਦਾ ਪੁਲਿਸ ਪ੍ਰਬੰਧ ਅੰਗਰੇਜ਼ਾਂ ਦਾ ਬਣਾਇਆ ਹੋਇਆ ਅਤੇ ਇਸ ਢਾਂਚੇ ਵਿੱਚ ਆਮ ਜਨਤਾ ਲਈ ਕੋਈ ਥਾਂ ਨਹੀਂ ਹੈ। ਪੁਲਸ ਮਹਿਕਮੇ ਦੇ ਕੱਟੜ ਸੁਭਾਅ ਕਾਰਨ ਸਿਰਫ ਆਮ ਜਨਤਾ ਹੀ ਤੰਗ ਨਹੀ ਹੁੰਦੀ ਬਲਕਿ ਬਹੁਤ ਵਾਰ ਹੇਠਲੇ ਪੱਧਰ ਦੇ ਮੁਲਾਜ਼ਮ ਵੀ ਇਸ ਕਾਰਨ ਬਹੁਤ ਤੰਗੀ ਝੱਲਦੇ ਹਨ। ਹੇਠਲੇ ਪੱਧਰ ਦੇ ਪੁਲਿਸ ਮੁਲਾਜਮਾਂ ਦੀ ਨੌਕਰੀ ਦੇ ਹਾਲਾਤ ਵੀ ਬਹੁਤ ਖਰਾਬ ਹਨ। ਪੱਛਮੀ ਦੇਸ਼ਾਂ ਦੇ ਪੁਲਿਸ ਪ੍ਰਬੰਧ ਚੋਂ ਚੰਗੇ ਪੱਖ ਲੈਕੇ ਪੰਜਾਬ ਪੁਲਿਸ ਦਾ ਪੁਨਰਗਠਨ ਕੀਤਾ ਜਾਵੇਗਾ ਤਾਂ ਜੋ ਚੌਵੀ ਚੌਵੀ ਘੰਟੇ ਕੰਮ ਕਰਦੇ ਅਤੇ ਕਈ ਕਿਸਮ ਦਾ ਸ਼ੋਸ਼ਣ ਝੱਲਦੇ ਆਮ ਮੁਲਾਜ਼ਮਾਂ ਦਾ ਜੀਵਨ ਸੁਖਾਲਾ ਹੋ ਸਕੇ।