ਗੁਰੂ ਨਗਰੀ ਦੀਆਂ ਕੋਰੋਨਾ ਰਿਪੋਰਟਾਂ 'ਚ ਵੱਡੀ ਗੜਬੜੀ, ਨੈਗੇਟਿਵ ਨੂੰ ਵੀ ਪੌਜ਼ੇਟਿਵ ਦਿਖਾ ਰਹੀ ਸਰਕਾਰੀ ਲੈਬ
ਬੀਤੇ ਤਿੰਨ ਦਿਨਾਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਕੋਰੋਨਾ ਮਾਮਲਿਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਸੀ। ਪਰੰਤੂ ਲੈਬ ਵਿੱਚ ਅਜਿਹੀ ਕੁਤਾਹੀ ਦੇ ਪਤਾ ਲੱਗਣ 'ਤੇ ਹੁਣ ਇਹ ਸਵਾਲ ਉੱਠ ਰਹੇ ਹਨ ਕਿ ਇਨ੍ਹਾਂ ਵਧਦੇ ਮਾਮਲਿਆਂ ਵਿੱਚ ਅਸਲੀ ਕੋਰੋਨਾ ਪੀੜਤਾਂ ਦੇ ਨਾਲ-ਨਾਲ ਪਤਾ ਨਹੀਂ ਕਿੰਨੇ ਤੰਦਰੁਸਤ ਲੋਕਾਂ ਨੂੰ ਵੀ ਕੋਰੋਨਾ ਪਾਜ਼ੇਟਿਵ ਐਲਾਨ ਦਿੱਤਾ ਗਿਆ ਹੈ।
ਅੰਮ੍ਰਿਤਸਰ: ਇੱਥੋਂ ਦੀ ਇੱਕ ਸਰਕਾਰੀ ਲੈਬੋਰੇਟਰੀ ਵਿੱਚ ਕੋਰੋਨਾ ਜਾਂਚਣ ਵਿੱਚ ਲਾਪਰਵਾਹੀ ਪਾਏ ਜਾਣ ਦੀ ਖ਼ਬਰ ਹੈ। ਇੱਕ ਜਾਂਚ ਕੇਂਦਰ ਵਿੱਚ 900 ਤੋਂ ਵੱਧ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਸਭ ਹੈਰਾਨ ਸਨ ਪਰ ਇਹ ਮਾਮਲਾ ਉਦੋਂ ਹੋਰ ਵੀ ਹੈਰਾਨੀਜਨਕ ਜਾਪਿਆ ਜਦ ਉਕਤ ਲੈਬ ਮੁਤਾਬਕ ਕੋਰੋਨਾ ਪਾਜ਼ਿਟਿਵ ਪਾਏ ਗਏ ਪੰਜ ਡਾਕਟਰਾਂ ਦੀ ਰਿਪੋਰਟ ਅਗਲੇ ਦਿਨ ਨੈਗੇਟਿਵ ਆ ਗਈ। ਸਿਵਲ ਸਰਜਨ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਸਰਕਾਰੀ ਮੈਡੀਕਲ ਕਾਲਜ ਸਥਿਤ ਲੈਬ ਵਿੱਚ ਕੋਵਿਡ-19 ਵਾਇਰਸ ਦੀ ਜਾਂਚ ਕੀਤੀ ਜਾਂਦੀ ਹੈ। ਬੀਤੇ ਦਿਨੀਂ ਇੱਥੇ 932 ਜਣੇ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ਵਿੱਚ ਪੰਜ ਡਾਕਟਰ ਵੀ ਸਨ। ਡਾਕਟਰਾਂ ਨੂੰ ਇਸ ਰਿਪੋਰਟ ਉੱਪਰ ਸ਼ੱਕ ਹੋਇਆ ਤਾਂ ਉਨ੍ਹਾਂ ਅਗਲੇ ਹੀ ਦਿਨ ਦੁਬਾਰਾ ਜਾਂਚ ਕਰਵਾਈ ਜਿਸ ਵਿੱਚ ਉਹ ਕੋਰੋਨਾ ਨੈਗੇਟਿਵ ਪਾਏ ਗਏ। ਇਹ ਗੱਲ ਸਿਵਲ ਸਰਜਨ ਤੱਕ ਪਹੁੰਚੀ ਤਾਂ ਉਨ੍ਹਾਂ ਮਾਮਲੇ ਦੀ ਜਾਂਚ ਕਰਨ ਦਾ ਹੁਕਮ ਦੇ ਦਿੱਤਾ।
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਮੰਨਿਆ ਕਿ ਲੈਬ ਵਿੱਚ ਕੁਤਾਹੀ ਵਰਤਣ ਨਾਲ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਟੈਸਟ ਕਰਨ ਵਾਲੀ ਮਸ਼ੀਨ ਯਾਨੀ ਆਰਟੀਪੀਸੀਆਰ ਮਸ਼ੀਨ ਦੇ ਰਿਜੈਂਟ ਨੈਗੇਟਿਵ ਅਤੇ ਪਾਜ਼ੇਟਿਵ ਸੈਂਪਲਾਂ ਦਾ ਰਲੇਵਾਂ ਹੋ ਗਿਆ ਸੀ, ਜਿਸ ਕਰਕੇ ਰਿਪੋਰਟਾਂ ਵਿੱਚ ਗੜਬੜੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਘਟਨਾ ਦੀ ਜਾਂਚ ਕਰ ਰਹੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਤਿੰਨ ਦਿਨਾਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਕੋਰੋਨਾ ਮਾਮਲਿਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਸੀ। ਪਰੰਤੂ ਲੈਬ ਵਿੱਚ ਅਜਿਹੀ ਕੁਤਾਹੀ ਦੇ ਪਤਾ ਲੱਗਣ 'ਤੇ ਹੁਣ ਇਹ ਸਵਾਲ ਉੱਠ ਰਹੇ ਹਨ ਕਿ ਇਨ੍ਹਾਂ ਵਧਦੇ ਮਾਮਲਿਆਂ ਵਿੱਚ ਅਸਲੀ ਕੋਰੋਨਾ ਪੀੜਤਾਂ ਦੇ ਨਾਲ-ਨਾਲ ਪਤਾ ਨਹੀਂ ਕਿੰਨੇ ਤੰਦਰੁਸਤ ਲੋਕਾਂ ਨੂੰ ਵੀ ਕੋਰੋਨਾ ਪਾਜ਼ੇਟਿਵ ਐਲਾਨ ਦਿੱਤਾ ਗਿਆ ਹੈ।