ਕਿਸਾਨਾਂ 'ਤੇ ਇੱਕ ਹੋਰ ਵੱਡੀ ਮਾਰ! ਅਸਮਾਨੀਂ ਚੜ੍ਹੇ ਡੀਏਪੀ ਖਾਦ ਦੇ ਭਾਅ
ਪਹਿਲੀ ਅਪਰੈਲ ਨੂੰ ਕੀਤੇ ਵਾਧੇ ਪਿੱਛੋਂ ਪੰਜਾਬ ਵਿੱਚ ਡੀਏਪੀ ਖਾਦ ਦੀ ਕੀਮਤ 1200 ਰੁਪਏ ਤੋਂ ਵੱਧ ਕੇ 1350 ਰੁਪਏ ਪ੍ਰਤੀ ਗੱਟਾ ਹੋ ਗਈ ਹੈ। ਪਿਛਲੇ ਸਾਲ ਵੀ ਕੇਂਦਰ ਨੇ ਇੱਕ ਵਾਰ ਪ੍ਰਤੀ ਬੋਰੀ ਕੀਮਤ 1200 ਤੋਂ ਵਧਾ ਕੇ 1900 ਰੁਪਏ ਕਰ ਦਿੱਤੀ ਸੀ।
ਚੰਡੀਗੜ੍ਹ: ਇੱਕ ਪਾਸੇ ਡੀਜ਼ਲ ਦੇ ਰੇਟ ਵਧਣ ਕਾਰਨ ਕਿਸਾਨ ਪ੍ਰੇਸ਼ਾਨ ਹਨ ਤੇ ਦੂਜੇ ਪਾਸੇ ਖਾਦਾਂ ਦੇ ਭਾਅ ਲਗਤਾਰ ਵਧਦੇ ਜਾ ਰਹੇ ਹਨ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ ਪਹਿਲੀ ਅਪਰੈਲ ਨੂੰ ਚੁੱਪ-ਚੁਪੀਤੇ ਡੀਏਪੀ ਦੇ ਭਾਅ ’ਚ 150 ਰੁਪਏ ਪ੍ਰਤੀ ਗੱਟਾ ਵਾਧਾ ਕਰ ਦਿੱਤਾ ਹੈ। ਅਗਲੇ ਫ਼ਸਲੀ ਸੀਜ਼ਨ ਵਿੱਚ ਫ਼ਿਲਹਾਲ ਕਿਸਾਨਾਂ ਨੂੰ ਪ੍ਰਤੀ ਗੱਟਾ 150 ਰੁਪਏ ਵਧ ਦੇਣੇ ਪੈਣਗੇ। ਦੂਜੇ ਪਾਸੇ ਕਿਸਾਨਾਂ ਨੂੰ ਇਸ ਗੱਲ਼ ਦਾ ਡਰ ਹੈ ਕਿ ਖਾਦ ਦੇ ਭਾਅ ’ਚ ਹੋਰ ਵਾਧਾ ਹੋ ਸਕਦਾ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਹਰ ਸਾਲ ਪਹਿਲੀ ਅਪਰੈਲ ਨੂੰ ਖਾਦ ਬਾਰੇ ਪਾਲਿਸੀ ਜਾਰੀ ਕੀਤੀ ਜਾਂਦੀ ਹੈ। ਇਹ ਪਾਲਿਸੀ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ। ਕੇਂਦਰ ਸਰਕਾਰ ਕੋਲ ਦੋ ਹੀ ਰਾਹ ਬਚੇ ਹਨ। ਪਹਿਲਾ ਇਹ ਕਿ ਕੇਂਦਰ ਸਰਕਾਰ ਖਾਦ ਸਬਸਿਡੀ ’ਚ ਵਾਧਾ ਕਰ ਦੇਵੇ ਤੇ ਦੂਜਾ ਇਹ ਕਿ ਖਾਦ ਦੀਆਂ ਕੀਮਤਾਂ ਵਿੱਚ ਵਾਧਾ ਕਰੇ।
ਪਹਿਲੀ ਅਪਰੈਲ ਨੂੰ ਕੀਤੇ ਵਾਧੇ ਪਿੱਛੋਂ ਪੰਜਾਬ ਵਿੱਚ ਡੀਏਪੀ ਖਾਦ ਦੀ ਕੀਮਤ 1200 ਰੁਪਏ ਤੋਂ ਵੱਧ ਕੇ 1350 ਰੁਪਏ ਪ੍ਰਤੀ ਗੱਟਾ ਹੋ ਗਈ ਹੈ। ਪਿਛਲੇ ਸਾਲ ਵੀ ਕੇਂਦਰ ਨੇ ਇੱਕ ਵਾਰ ਪ੍ਰਤੀ ਬੋਰੀ ਕੀਮਤ 1200 ਤੋਂ ਵਧਾ ਕੇ 1900 ਰੁਪਏ ਕਰ ਦਿੱਤੀ ਸੀ। ਉਸ ਸਮੇਂ ਰੌਲਾ ਪੈਣ ਕਰਕੇ ਕੇਂਦਰ ਨੇ ਸਬਸਿਡੀ ਵਿੱਚ ਵਾਧਾ ਕਰ ਦਿੱਤਾ ਸੀ ਜਿਸ ਪਿੱਛੋਂ ਖਾਦ ਮੁੜ ਪੁਰਾਣੇ ਭਾਅ ’ਤੇ ਕਿਸਾਨਾਂ ਨੂੰ ਮਿਲਣ ਲੱਗੀ ਸੀ।
ਖਾਦਾਂ ਦੇ ਭਾਅ ਵਿੱਛ ਵਾਧੇ ਦੀ ਸਭ ਤੋਂ ਵੱਡੀ ਮਾਰ ਪੰਜਾਬ ਦੇ ਕਿਸਾਨਾਂ ਉੱਪਰ ਪੈਂਦੀ ਹੈ ਕਿਉਂਕਿ ਸੂਬੇ ਵਿੱਚ ਸਭ ਤੋਂ ਵੱਧ ਖਾਦਾਂ ਦੀ ਖਪਤ ਹੁੰਦੀ ਹੈ। ਪੰਜਾਬ ਵਿੱਚ ਡੀਏਪੀ ਖਾਦ ਦੀ ਸਾਲਾਨਾ 7.50 ਲੱਖ ਮੀਟਰਿਕ ਟਨ ਦੀ ਖਪਤ ਹੁੰਦੀ ਹੈ ਜਿਸ ’ਚੋਂ 5.25 ਲੱਖ ਮੀਟਰਿਕ ਟਨ ਹਾੜ੍ਹੀ ਦੀ ਫ਼ਸਲ ’ਤੇ ਤੇ 2.25 ਲੱਖ ਮੀਟਰਿਕ ਟਨ ਡੀਏਪੀ ਦੀ ਖਪਤ ਸਾਉਣੀ ਦੀ ਫਸਲ ’ਤੇ ਹੁੰਦੀ ਹੈ।