ਅੰਮ੍ਰਿਤਸਰ ਤੋਂ ਸਿੰਘੂ ਬਾਰਡਰ ਲਈ ਵੱਡਾ ਜੱਥਾ ਰਵਾਨਾ, ਗਰਮੀ ਤੇ ਬਾਰਸ਼ ਤੋਂ ਬਚਾਅ ਲਈ ਖਾਸ ਪ੍ਰਬੰਧ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੇ ਆਪਣੇ ਐਲਾਨ ਮੁਤਾਬਕ ਅੱਜ ਜਥੇਬੰਦੀ ਦਾ 8ਵਾਂ ਜੱਥਾ ਦਿੱਲੀ ਦੇ ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ 'ਚ ਸ਼ਮੂਲੀਅਤ ਕਰਨ ਲਈ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਰਵਾਨਾ ਹੋਇਆ।
ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੇ ਆਪਣੇ ਐਲਾਨ ਮੁਤਾਬਕ ਅੱਜ ਜਥੇਬੰਦੀ ਦਾ 8ਵਾਂ ਜੱਥਾ ਦਿੱਲੀ ਦੇ ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ 'ਚ ਸ਼ਮੂਲੀਅਤ ਕਰਨ ਲਈ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਰਵਾਨਾ ਹੋਇਆ। ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਤੀਜਾ ਤੇ ਜਥੇਬੰਦੀ ਦਾ ਅੱਠਵਾਂ ਜੱਥਾ ਸੀ, ਜਿਸ ਨੂੰ ਮਾਝੇ ਦੇ ਕਿਸਾਨਾਂ ਵੱਲੋਂ ਭਰਪੂਰ ਸਮਰਥਨ ਮਿਲਿਆ। ਵੱਡੀ ਗਿਣਤੀ ਕਿਸਾਨ ਵੱਖ-ਵੱਖ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਰਾਹੀਂ ਗਰਮੀ ਦੇ ਮੌਸਮ ਤੇ ਬਰਸਾਤ ਤੋਂ ਬਚਣ ਲਈ ਤਿਆਰੀ ਨਾਲ ਪੁੱਜੇ।
ਟਰਾਲੀਆਂ ਨੂੰ ਜਿੱਥੇ ਹਵਾਦਾਰ ਰੱਖਿਆ ਹੋਇਆ ਹੈ, ਉੱਥੇ ਹੀ ਪੱਖੇ, ਆਡੋਮਾਸ ਤੇ ਮੱਛਰਦਾਨੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਾਬਕਾ ਫੌਜੀ ਵਰਦੀ ਪਹਿਨ ਕੇ ਕਿਸਾਨਾਂ ਨੂੰ ਪੱਖੇ ਦਾਨ ਕਰਨ ਲਈ ਪੁੱਜੇ। ਉਨ੍ਹਾਂ ਕਿਹਾ ਕਿਸਾਨਾਂ ਦੀ ਲੜਾਈ ਦੇਸ਼ ਨਾਲ ਨਹੀਂ ਸਗੋਂ ਇਨ੍ਹਾਂ ਕਾਨੂੰਨਾਂ ਖਿਲਾਫ ਹੈ। ਇਸ ਕਰਕੇ ਸਾਡੇ ਵੱਲੋਂ ਤੇ ਬਾਕੀ ਦੇਸ਼ ਵਾਸੀਆਂ ਵੱਲੋਂ ਸਮਰਥਨ ਮਿਲ ਰਿਹਾ ਹੈ ਤੇ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਹਨ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ, ਬਾਬਾ ਗੁਰਬਚਨ ਸਿੰਘ ਚੱਬਾ ਤੇ ਹਰਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਭਰਮ ਭੁਲੇਖੇ ਅੱਜ ਦੇ ਜੱਥਾ ਦੇਖ ਕੇ ਨਿਕਲ ਜਾਣਗੇ, ਕਿਉਂਕਿ ਇਹ ਜਨ ਅੰਦੋਲਨ ਬਣ ਗਿਆ ਤੇ ਪੂਰੇ ਦੇਸ਼ 'ਚੋਂ ਇਸ ਨੂੰ ਸਮਰਥਨ ਮਿਲ ਰਿਹਾ ਹੈ ਤੇ ਸਰਦੀ, ਗਰਮੀ, ਬਾਰਸ਼ ਆਦਿ ਦੀ ਸਾਨੂੰ ਕੋਈ ਪ੍ਰਵਾਹ ਨਹੀਂ। ਸਰਕਾਰ ਜਿਨਾਂ ਮਰਜੀ ਅੰਦੋਲਨ ਨੂੰ ਖਿੱਚ ਲਵੇ, ਜਿਨਾਂ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਨਾਂ ਚਿਰ ਸੰਘਰਸ਼ ਜਾਰੀ ਰਹੇਗਾ।