Punjab News: 'ਮਿੱਤਰ ਟਰੰਪ' ਦੇ ਦਬਾਅ ਹੇਠ ਮੋਦੀ ਨੇ ਦਾਅ 'ਤੇ ਲਾਈ ਖੇਤੀਬਾੜੀ, ਕਿਸਾਨਾਂ ਕੋਲ ਖ਼ੁਦਕੁਸ਼ੀ ਤੋਂ ਇਲਾਵਾ ਕਿਹੜਾ ਰਾਹ ਬਚੇਗਾ: ਕੇਜਰੀਵਾਲ
Punjab News: ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਮੋਦੀ ਸਰਕਾਰ ਉਪਰ ਗੰਭੀਰ ਇਲਜ਼ਾਮ ਲਾਏ ਹਨ।

Punjab News: ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਮੋਦੀ ਸਰਕਾਰ ਉਪਰ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ 'ਮਿੱਤਰ ਟਰੰਪ' ਦੇ ਦਬਾਅ ਹੇਠ ਮੋਦੀ ਨੇ ਨਰਮਾ ਕਿਸਾਨ ਦਾਅ 'ਤੇ ਲਾ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਤੋਂ ਆਉਂਦੀ ਕਪਾਹ 'ਤੇ ਲੱਗਦੀ 11% ਡਿਊਟੀ ਮੋਦੀ ਨੇ ਹਟਾ ਦਿੱਤੀ ਹੈ।
ਭਾਰਤ 'ਚ ਸਾਡੇ ਆਪਣੇ ਕਿਸਾਨਾਂ ਨਾਲ਼ੋਂ ਅਮਰੀਕਾ ਦੀ ਕਪਾਹ ਸਸਤੀ ਵਿਕੇਗੀ। ਸਾਡੇ ਕਿਸਾਨਾਂ ਦੀ ਕਪਾਹ ਅਕਤੂਬਰ ਤੱਕ ਮੰਡੀਆਂ 'ਚ ਪਹੁੰਚੇਗੀ, ਪਰ ਉਸ ਤੋਂ ਪਹਿਲਾਂ ਟੈਕਸਟਾਈਲ ਜਗਤ ਸਸਤੇ ਭਾਅ ਦੀ ਅਮਰੀਕਾ ਵਾਲ਼ੀ ਕਪਾਹ ਖ਼ਰੀਦ ਚੁੱਕਿਆ ਹੋਵੇਗਾ। ਸਾਡੇ ਕਿਸਾਨਾਂ ਦੀ ਕਪਾਹ ਕੌਣ ਖ਼ਰੀਦੇਗਾ? ਕਰਜ਼ਾ ਲੈ ਕੇ ਨਰਮਾ ਬੀਜਣ ਵਾਲ਼ੇ ਮਜਬੂਰ ਕਿਸਾਨਾਂ ਕੋਲ਼ ਖ਼ੁਦਕੁਸ਼ੀ ਤੋਂ ਇਲਾਵਾ ਕਿਹੜਾ ਰਾਹ ਬਚੇਗਾ?
ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਮਰੀਕਾ ਤੋਂ ਕਪਾਹ 'ਤੇ 11% ਆਯਾਤ ਡਿਊਟੀ ਹਟਾ ਕੇ ਭਾਰਤੀ ਕਿਸਾਨਾਂ ਨਾਲ ਧੋਖਾ ਕੀਤਾ ਹੈ। ਕੇਜਰੀਵਾਲ ਨੇ ਕਿਹਾ, 'ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਉਤਪਾਦਾਂ 'ਤੇ 50% ਟੈਰਿਫ ਲਾਇਆ ਹੈ। ਇਸ ਦੇ ਜਵਾਬ ਵਿੱਚ ਭਾਰਤ ਨੂੰ ਅਮਰੀਕਾ 'ਤੇ 100% ਟੈਰਿਫ ਲਾਉਣਾ ਚਾਹੀਦਾ ਸੀ ਪਰ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਸਾਮਾਨ ਨੂੰ ਟੈਕਸ ਮੁਕਤ ਕਰ ਰਹੇ ਹਨ। ਇਹ ਫੈਸਲਾ ਭਾਰਤੀ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰੇਗਾ।'
ਕੇਜਰੀਵਾਲ ਦੇ ਦੋਸ਼ਾਂ ਦੇ ਵਿਚਕਾਰ ਕੇਂਦਰ ਸਰਕਾਰ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਅਮਰੀਕਾ ਤੋਂ ਆਉਣ ਵਾਲੀ ਕਪਾਹ ਨੂੰ ਟੈਕਸ ਮੁਕਤ ਕਰਨ ਦੀ ਮਿਆਦ 31 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਵਿੱਤ ਮੰਤਰਾਲੇ ਅਨੁਸਾਰ ਇਹ ਕਦਮ ਘਰੇਲੂ ਕੱਪੜਾ ਉਦਯੋਗ ਦੀ ਮੰਗ ਨੂੰ ਪੂਰਾ ਕਰਨ ਲਈ ਚੁੱਕਿਆ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਪਿੱਠ ਪਿੱਛੇ ਗੁਪਤ ਤੌਰ 'ਤੇ ਕੁਝ ਫੈਸਲੇ ਲਏ ਹਨ ਜੋ ਪੂਰੇ ਦੇਸ਼ ਦੇ ਕਿਸਾਨਾਂ ਨਾਲ ਇੱਕ ਵੱਡਾ ਧੋਖਾ ਹੈ। 90-95% ਕਿਸਾਨਾਂ ਨੂੰ ਨਹੀਂ ਪਤਾ ਕਿ ਕੀ ਹੋਇਆ ਹੈ ਤੇ ਜਦੋਂ ਇਹ ਫੈਸਲੇ ਸਾਹਮਣੇ ਆਉਣਗੇ ਤਾਂ ਬਹੁਤ ਸਾਰੇ ਕਿਸਾਨਾਂ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ।"
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਮਰੀਕਾ ਤੋਂ ਆਉਣ ਵਾਲੀ ਕਪਾਹ 'ਤੇ 11% ਡਿਊਟੀ ਲਗਾਈ ਜਾਂਦੀ ਸੀ। ਕੇਂਦਰ ਨੇ ਅਮਰੀਕਾ ਨੂੰ ਇਸ ਤੋਂ ਛੋਟ ਦਿੱਤੀ ਹੈ। ਹੁਣ 19 ਅਗਸਤ ਤੋਂ 30 ਸਤੰਬਰ ਤੱਕ ਯਾਨੀ 40 ਦਿਨਾਂ ਲਈ ਅਮਰੀਕਾ ਤੋਂ ਆਉਣ ਵਾਲੀ ਕਪਾਹ 'ਤੇ ਕੋਈ ਟੈਕਸ ਨਹੀਂ ਲੱਗੇਗਾ। ਇਸ ਕਾਰਨ ਭਾਰਤੀ ਕਪਾਹ ਦੇ ਮੁਕਾਬਲੇ ਦੇਸ਼ ਦੇ ਬਾਜ਼ਾਰ ਵਿੱਚ ਅਮਰੀਕੀ ਕਪਾਹ 15-20 ਰੁਪਏ ਪ੍ਰਤੀ ਕਿਲੋ ਸਸਤੀ ਹੋ ਜਾਵੇਗੀ। 30 ਸਤੰਬਰ ਤੱਕ ਟੈਕਸਟਾਈਲ ਉਦਯੋਗ ਅਮਰੀਕੀ ਕਪਾਹ ਸਸਤੇ ਭਾਅ 'ਤੇ ਖਰੀਦੇਗਾ। ਜਦੋਂ ਸਾਡਾ ਕਿਸਾਨ ਅਕਤੂਬਰ ਵਿੱਚ ਆਪਣਾ ਕਪਾਹ ਮੰਡੀਆਂ ਤੇ ਬਾਜ਼ਾਰਾਂ ਵਿੱਚ ਲੈ ਜਾਵੇਗਾ ਤਾਂ ਇਸ ਨੂੰ ਕੌਣ ਖਰੀਦੇਗਾ ਕਿਉਂਕਿ ਟੈਕਸਟਾਈਲ ਉਦਯੋਗ ਦੀ ਜ਼ਰੂਰਤ ਪਹਿਲਾਂ ਹੀ ਪੂਰੀ ਹੋ ਚੁੱਕੀ ਹੋਵੇਗੀ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਟੈਕਸਟਾਈਲ ਉਦਯੋਗ ਲਈ ਕਪਾਹ ਦੀ ਉਪਲਬਧਤਾ ਵਧਾਉਣ ਲਈ 19 ਅਗਸਤ ਤੋਂ 30 ਸਤੰਬਰ ਤੱਕ ਕਪਾਹ 'ਤੇ ਆਯਾਤ ਡਿਊਟੀ ਨੂੰ ਅਸਥਾਈ ਤੌਰ 'ਤੇ ਛੋਟ ਦਿੱਤੀ ਸੀ। ਨਿਰਯਾਤਕਾਂ ਨੂੰ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਨੇ ਕਪਾਹ 'ਤੇ ਆਯਾਤ ਡਿਊਟੀ ਛੋਟ ਨੂੰ 30 ਸਤੰਬਰ ਤੋਂ 31 ਦਸੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।






















