Punjab Bjp: ਪੰਜਾਬ 'ਚ ਵੀ ਹੋਏਗਾ ਦਿੱਲੀ ਵਾਲਾ ਹਾਲ? ਅਹੁਦਾ ਸੰਭਾਲਦੇ ਹੀ ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਖਿਲਾਫ ਕੀਤਾ ਵੱਡਾ ਐਲਾਨ
Punjab Bjp: ਭਾਜਪਾ ਪੰਜਾਬ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ (ਐਤਵਾਰ) ਰਸਮੀ ਤੌਰ 'ਤੇ ਅਹੁਦਾ ਸੰਭਾਲ ਲਿਆ। ਇਸ ਤੋਂ ਬਾਅਦ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ 'ਤੇ ਤਿੱਖੇ ਹਮਲੇ ਕੀਤੇ।

Punjab Bjp: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ (ਐਤਵਾਰ) ਰਸਮੀ ਤੌਰ 'ਤੇ ਅਹੁਦਾ ਸੰਭਾਲ ਲਿਆ। ਇਸ ਤੋਂ ਬਾਅਦ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ 'ਤੇ ਤਿੱਖੇ ਹਮਲੇ ਕੀਤੇ।
ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਾਅਰੇ ਲਗਾਉਣ ਨਾਲ ਸੱਤਾ ਨਹੀਂ ਬਦਲਦੀ, ਸੱਤਾ ਬਦਲਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਹੁਣ ਇਸ ਲਈ ਤਿਆਰ ਰਹੋ।
ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਵਿੱਚ ਪ੍ਰੋਗਰਾਮ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ, "ਪੰਜਾਬ ਇਸ ਸਮੇਂ ਨਿਕੰਮੇ ਮੁੱਖ ਮੰਤਰੀ ਦੀ ਤਬਦੀਲੀ ਚਾਹੁੰਦਾ ਹੈ।" ਉਨ੍ਹਾਂ ਵਰਕਰਾਂ ਨੂੰ ਸਪਸ਼ਟ ਕਿਹਾ ਕਿ ਜੇਕਰ ਉਹ "ਤੂੰ-ਤੜਕ" ਦੀ ਭਾਸ਼ਾ ਸਮਝਦਾ ਹੈ, ਤਾਂ "ਜੀ-ਜੀ" ਕਹਿਣ ਦੀ ਕੋਈ ਲੋੜ ਨਹੀਂ। "ਤੂੰ" ਨੂੰ ਦੁੱਗਣਾ ਕਰਕੇ ਵਾਪਸ ਮੋੜਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸੀਐਮ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਸ਼ਰਮਨਾਕ ਟਿੱਪਣੀਆਂ ਕੀਤੀਆਂ। ਯਾਦ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰ 'ਤੇ ਟਿੱਪਣੀ ਕੀਤੀ ਸੀ ਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਤੜੀਪਾਰ ਤੱਕ ਕਹਿ ਦਿੱਤਾ ਸੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਛੱਜ ਤਾਂ ਬੋਲੇ... ਛਾਣਨੀ ਵੀ ਬੋਲੇ। ਸ਼ਰਾਬ ਪੀ ਕੇ ਜਗ੍ਹਾ-ਜਗ੍ਹਾ ਡਿੱਗਣ ਵਾਲਾ ਵਿਅਕਤੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਚੱਲਾ ਹੈ। ਕੀ ਇਸ ਤਰ੍ਹਾਂ ਪੰਜਾਬ ਨਸ਼ਾ ਮੁੱਕਤ ਬਣ ਸਕਦਾ ਹੈ? ਜਿਹੜਾ ਵਿਅਕਤੀ ਸ਼ਰਾਬ ਪੀ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਲਾ ਜਾਂਦਾ ਹੈ, ਕੀ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇ ਸਕਦਾ ਹੈ।" ਅਸ਼ਵਨੀ ਸ਼ਰਮਾ ਨੇ ਕਿਹਾ ਕਿ , "ਮਾਨ ਸਾਹਿਬ ਜੇਕਰ ਤੁਸੀਂ ਗਲੀ ਦੀ ਭਾਸ਼ਾ ਬੋਲੋਗੇ, ਤਾਂ ਤੁਹਾਨੂੰ ਉਸੇ ਭਾਸ਼ਾ ਵਿੱਚ ਜਵਾਬ ਮਿਲੇਗਾ। ਭਾਰਤੀ ਜਨਤਾ ਪਾਰਟੀ ਤੁਹਾਡੇ ਤੋਂ ਨਹੀਂ ਡਰਦੀ।" ਅਸ਼ਵਨੀ ਸ਼ਰਮਾ ਨੇ ਸੀਐਮ ਭਗਵੰਤ ਮਾਨ ਉਪਰ ਤਿੱਖਾ ਹਮਲਾ ਬੋਲ ਕੇ ਸਪਸ਼ਟ ਕਰ ਦਿੱਤਾ ਹੈ ਕਿ ਬੀਜੇਪੀ ਅਗਲੇ ਸਮੇਂ ਵਿੱਚ ਸਰਕਾਰ ਨਾਲ ਸਿੱਧਾ ਆਢਾ ਲਾਉਣ ਜਾ ਰਹੀ ਹੈ।
ਇਸ ਤੋਂ ਪਹਿਲਾਂ ਅਸ਼ਵਨੀ ਸ਼ਰਮਾ ਨੇ ਅਹੁਦਾ ਸੰਭਾਲਿਆ। ਇਸ ਤੋਂ ਬਾਅਦ ਉਹ ਵਰਕਰਾਂ ਨੂੰ ਸੰਬੋਧਨ ਕਰਨ ਲਈ ਸਟੇਜ 'ਤੇ ਪਹੁੰਚੇ। ਸਾਰੇ ਜ਼ਿਲ੍ਹਿਆਂ ਦੇ ਆਗੂ, ਪ੍ਰਧਾਨ ਤੇ ਵਰਕਰ ਪਹੁੰਚੇ ਹੋਏ ਸਨ।
ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸਾਬਕਾ ਮੰਤਰੀ ਮਨੋਰੰਜਨ ਕਾਲੀਆ ਤੇ ਚੰਡੀਗੜ੍ਹ ਭਾਜਪਾ ਪ੍ਰਧਾਨ ਸਮੇਤ ਕਈ ਹੋਰ ਪ੍ਰਮੁੱਖ ਆਗੂ ਮੌਜੂਦ ਸਨ।
ਅਸ਼ਵਨੀ ਸ਼ਰਮਾ ਪਹਿਲਾਂ ਦੋ ਵਾਰ ਪੰਜਾਬ ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਹਨ ਤੇ ਇਸ ਵੇਲੇ ਪਠਾਨਕੋਟ ਤੋਂ ਵਿਧਾਇਕ ਹਨ। ਉਨ੍ਹਾਂ ਦੇ ਸੰਗਠਨਾਤਮਕ ਤਜਰਬੇ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਇੱਕ ਵਾਰ ਫਿਰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਅਸ਼ਵਨੀ ਸ਼ਰਮਾ ਨੂੰ ਪਾਰਟੀ ਵੱਲੋਂ 7 ਜੁਲਾਈ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।
ਸੰਗਠਨਾਤਮਕ ਤਜਰਬੇ ਦੇ ਨਾਲ ਉਹ ਉਨ੍ਹਾਂ ਚੋਣਵੇਂ ਨੇਤਾਵਾਂ ਵਿੱਚ ਵੀ ਸ਼ਾਮਲ ਸਨ ਜਿਨ੍ਹਾਂ ਨੇ 2022 ਦੀ ਮੁਸ਼ਕਲ ਚੋਣ ਜਿੱਤੀ ਸੀ, ਜਦੋਂ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ ਸੀ। ਹੁਣ ਜਦੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹਨ ਤਾਂ ਪਾਰਟੀ ਨੇ ਉਨ੍ਹਾਂ ਨੂੰ ਦੁਬਾਰਾ ਕਮਾਨ ਸੌਂਪ ਕੇ ਸੰਗਠਨ ਵਿੱਚ ਤਾਕਤ ਤੇ ਏਕਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਨੂੰ ਉਮੀਦ ਹੈ ਕਿ ਅਸ਼ਵਨੀ ਸ਼ਰਮਾ ਦਾ ਤਜਰਬਾ ਭਾਜਪਾ ਨੂੰ ਪੰਜਾਬ ਵਿੱਚ ਇੱਕ ਨਵਾਂ ਰਾਜਨੀਤਕ ਸੰਤੁਲਨ ਬਣਾਉਣ ਵਿੱਚ ਮਦਦ ਕਰੇਗਾ।
ਜਿਵੇਂ ਹੀ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ, ਉਹ ਉਸੇ ਦਿਨ ਤੋਂ ਹੀ ਸਰਗਰਮ ਹੋ ਗਏ ਹਨ। ਉਨ੍ਹਾਂ ਨੇ ਕਈ ਸੀਨੀਅਰ ਭਾਜਪਾ ਆਗੂਆਂ ਦੇ ਘਰਾਂ ਦਾ ਦੌਰਾ ਕੀਤਾ ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪਿਛਲੇ ਦਿਨ ਉਨ੍ਹਾਂ ਨੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਬੀਐਲ ਸੰਤੋਸ਼ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸੰਗਠਨ ਦੀ ਮਜ਼ਬੂਤੀ ਤੇ ਭਵਿੱਖ ਦੀਆਂ ਰਣਨੀਤੀਆਂ 'ਤੇ ਵੀ ਚਰਚਾ ਕੀਤੀ। ਇਸ ਤੋਂ ਇਲਾਵਾ ਉਹ 10 ਦਸੰਬਰ ਨੂੰ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਸ਼ਾਮਲ ਹੋਏ। ਉਨ੍ਹਾਂ ਪਾਰਟੀ ਦਫ਼ਤਰ ਦਾ ਵੀ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰਧਾਨ ਸੁਨੀਲ ਜਾਖੜ ਨਾਲ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼ਿਰਕਤ ਕੀਤੀ।






















