'ਆਪ' ਦਾ ਇਲਜ਼ਾਮ, ਪੰਜਾਬ ਦੇ ਉਦਯੋਗ ਨੂੰ ਤਬਾਹ ਕਰਨ ਲਈ ਬਾਦਲ ਅਤੇ ਕਾਂਗਰਸ ਇੱਕ ਦੂਜੇ ਨਾਲੋਂ ਵਧ ਕੇ ਜ਼ਿੰਮੇਵਾਰ
ਪਿਛਲੇ 15 ਸਾਲਾਂ ਵਿੱਚ 30 ਹਜ਼ਾਰ ਉਦਯੋਗ ਹੋਏ ਬੰਦ ਜਾਂ ਦੂਜੇ ਰਾਜਾਂ 'ਚ ਪਲਾਇਨ ਹੋਏ'ਆਪ' ਵਿਧਾਇਕ ਨੇ ਇੰਡਸਟਰੀ ਦੇ ਮੁੱਦੇ 'ਤੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲਿਆ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਵਿੱਚ ਉਦਯੋਗਾਂ ਦੀ ਬਰਬਾਦੀ ਲਈ ਬਾਦਲ ਪਰਿਵਾਰ ਨੂੰ ਸਭ ਤੋਂ ਵੱਡਾ ਜ਼ਿੰਮੇਵਾਰ ਠਹਿਰਾਇਆ ਹੈ, ਕਿਉਂਕਿ ਜਦੋਂ ਕੇਂਦਰ ਦੀ ਵਾਜਪਾਈ ਸਰਕਾਰ ਨੇ ਪੰਜਾਬ ਨਾਲ ਪੱਖਪਾਤ ਕਰਦਿਆਂ ਗੁਆਂਢੀ ਪਹਾੜੀ ਰਾਜਾਂ ਨੂੰ ਉਦਯੋਗਾਂ ਲਈ ਵਿਸ਼ੇਸ਼ ਰਿਆਇਤੀ ਪੈਕੇਜ (ਗੱਫੇ) ਦਿੱਤੇ ਸਨ, ਉਦੋਂ ਕੇਂਦਰੀ ਉਦਯੋਗ ਰਾਜ ਮੰਤਰੀ ਖ਼ੁਦ ਸੁਖਬੀਰ ਸਿੰਘ ਬਾਦਲ ਹੀ ਸਨ।
'ਆਪ' ਮੁਤਾਬਿਕ ਇੱਕ ਮੰਤਰੀ ਦੀ ਕੁਰਸੀ ਖ਼ਾਤਰ ਸੁਖਬੀਰ ਬਾਦਲ ਵੱਲੋਂ ਕਮਾਏ ਧਰੋਹ ਲਈ ਪੰਜਾਬ ਕਦੇ ਵੀ ਬਾਦਲ ਪਰਿਵਾਰ ਨੂੰ ਮੁਆਫ਼ ਨਹੀਂ ਕਰ ਸਕਦਾ।ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਬਾਦਲਾਂ, ਕਾਂਗਰਸੀਆਂ ਅਤੇ ਭਾਜਪਾ ਵਾਲਿਆਂ ਨੇ ਨਿੱਜੀ ਮੁਫ਼ਾਦਾਂ ਲਈ ਪੰਜਾਬ ਦੇ ਉਦਯੋਗਿਕ ਜਗਤ ਨੂੰ ਤਬਾਹ ਕਰਕੇ ਰੱਖ ਦਿੱਤਾ।
ਅਮਨ ਅਰੋੜਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁੱਕਰਵਾਰ ਨੂੰ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ.ਆਈ.ਆਈ) ਵਿੱਚ ਕੀਤੀ ਬਿਆਨਬਾਜ਼ੀ ਨੂੰ ਛਲਕੱਪਟੀ ਦਾ ਸਿਖ਼ਰ ਕਰਾਰ ਦਿੰਦਿਆਂ ਕਿਹਾ ਕਿ ਚੰਗਾ ਹੁੰਦਾ ਸੁਖਬੀਰ ਬਾਦਲ ਪੰਜਾਬ ਦੀ ਇੰਡਸਟਰੀ ਅਤੇ ਨਿਵੇਸ਼ਕਾਂ ਦੇ ਬਾਹਰ ਜਾਣ ਸੰਬੰਧੀ ਮਗਰਮੱਛ ਦੇ ਹੰਝੂ ਬਹਾਉਣ ਦੀ ਥਾਂ ਵਾਜਪਾਈ ਸਰਕਾਰ ਵੱਲੋਂ ਪਹਾੜੀ ਰਾਜਾਂ ਨੂੰ ਵਿਸ਼ੇਸ਼ ਪੈਕੇਜ ਰਾਹੀਂ ਪੰਜਾਬ ਦੀ ਸਥਾਪਿਤ ਇੰਡਸਟਰੀ 'ਤੇ ਕੀਤੇ ਯੋਜਨਾਬੱਧ ਹਮਲੇ ਲਈ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਦੇ, ਕਿਉਂਕਿ ਪੰਜਾਬ ਵਿਰੋਧੀ ਉਸ ਫ਼ੈਸਲੇ ਲਈ ਬਤੌਰ ਕੇਂਦਰੀ ਉਦਯੋਗ ਰਾਜ ਮੰਤਰੀ ਸੁਖਬੀਰ ਬਾਦਲ ਉਸੇ ਤਰਾਂ ਬਰਾਬਰ ਦੇ ਭਾਗੀਦਾਰ ਹਨ, ਜਿਵੇਂ ਖੇਤੀ ਵਿਰੋਧੀ ਤਿੰਨੇ ਕਾਲ਼ੇ ਕਾਨੂੰਨਾਂ ਲਈ ਮੋਦੀ ਸਰਕਾਰ ਦੇ ਆਰਡੀਨੈਂਸ 'ਤੇ ਬਤੌਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਹਨ, ਜਿਨ੍ਹਾਂ ਨੇ ਆਰਡੀਨੈਂਸਾਂ ਦਾ ਵਿਰੋਧ ਕਰਨ ਦੀ ਥਾਂ ਬਤੌਰ ਕੈਬਨਿਟ ਮੰਤਰੀ ਦਸਤਖ਼ਤ ਕਰ ਦਿੱਤੇ ਸਨ ਕਿਉਂਕਿ ਉਸ ਸਮੇਂ ਪ੍ਰਾਥਮਿਕਤਾ ਵੀ ਮੰਤਰੀ ਵਾਲੀ ਕੁਰਸੀ ਬਚਾਉਣਾ ਸੀ। ਜਿਸ ਨੂੰ ਬਾਅਦ ਵਿੱਚ ਲੋਕਾਂ ਦੇ ਦਬਾਅ 'ਚ ਛੱਡਣਾ ਵੀ ਪਿਆ।
ਅਮਨ ਅਰੋੜਾ ਨੇ ਕਿਹਾ ਕਿ ਬਿਨਾਂ ਸ਼ੱਕ ਕਾਂਗਰਸ ਦੀਆਂ ਪਿਛਲੀਆਂ ਅਤੇ ਮੌਜੂਦਾ ਸਰਕਾਰਾਂ ਨੇ ਕੇਂਦਰ ਵੱਲੋਂ ਪੰਜਾਬ ਦੀ ਇੰਡਸਟਰੀ ਨਾਲ ਕੀਤੇ ਪੱਖਪਾਤ ਨੂੰ ਕਦੇ ਸੁਧਾਰਨ ਦੀ ਲੋੜ ਨਹੀਂ ਸਮਝੀ, ਜਦੋਂਕਿ ਕਈ ਸਾਲ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ 'ਚ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀਆਂ ਸਰਕਾਰਾਂ ਰਹੀਆਂ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਨੂੰ ਪਹਿਲਾਂ ਅੱਤਵਾਦ ਨੇ ਤਬਾਹ ਕੀਤਾ, ਉਸ ਉਪਰੰਤ ਕੇਂਦਰ ਦੀਆਂ ਵਾਜਪਾਈ ਅਤੇ ਡਾ. ਮਨਮੋਹਨ ਸਿੰਘ ਦੀਆਂ ਸਰਕਾਰਾਂ ਵੱਲੋਂ ਪਹਾੜੀ ਰਾਜਾਂ ਨੂੰ ਦਿੱਤੇ ਵਿਸ਼ੇਸ਼ ਪੈਕੇਜਾਂ ਨੇ ਬਿਲਕੁਲ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ 2016 'ਚ ਆਰ.ਟੀ.ਆਈ. ਦੀਆਂ ਰਿਪੋਰਟਾਂ ਅਨੁਸਾਰ ਪਿਛਲੇ 10 ਸਾਲਾਂ (2006- 2016) 'ਚ 19,000 ਉਦਯੋਗਿਕ ਇਕਾਈਆਂ ਪੰਜਾਬ ਵਿਚੋਂ ਬਾਹਰ ਪਲਾਇਨ ਕਰ ਗਈਆਂ ਸਨ, ਉਸ ਸਮੇਂ ਪੰਜਾਬ 'ਚ ਬਾਦਲਾਂ ਦੀ ਸਰਕਾਰ ਸੀ। ਇਸੇ ਤਰਾਂ ਪੀ.ਐਸ.ਪੀ.ਸੀ.ਐਲ ਦੀ 2021 ਦੀਆਂ ਤਾਜ਼ਾ ਰਿਪੋਰਟਾਂ ਮੁਤਾਬਿਕ 2016-17 ਵਿੱਚ ਪੰਜਾਬ ਵਿੱਚ ਉਦਯੋਗਾਂ ਦੇ ਜਿਹੜੇ 1 ਲੱਖ 2,063 ਬਿਜਲੀ ਕੁਨੈਕਸ਼ਨ ਚੱਲਦੇ ਸਨ, ਉਹ 2018- 19 ਵਿੱਚ ਘੱਟ ਕੇ 91,546 ਰਹਿ ਗਏ ਅਰਥਾਤ 10.50 ਲੱਖ ਹੋਰ ਉਦਯੋਗ ਬੰਦ ਹੋ ਗਏ।
'ਆਪ' ਆਗੂ ਨੇ ਕਿਹਾ ਕਿ ਪਿਛਲੇ 15 ਸਾਲਾਂ ਵਿੱਚ ਕਰੀਬ 30 ਹਜ਼ਾਰ ਉਦਯੋਗ (ਛੋਟੇ /ਦਰਮਿਆਨੇ /ਵੱਡੇ) ਜਾਂ ਤਾਂ ਬੰਦ ਹੋ ਗਏ ਅਤੇ ਜਾਂ ਫਿਰ ਦੂਜੇ ਰਾਜਾਂ ਵਿੱਚ ਤਬਦੀਲ ਹੋ ਗਏ। ਜਿਸ ਲਈ ਬਾਦਲ ਅਤੇ ਕਾਂਗਰਸ ਸਰਕਾਰਾਂ ਇੱਕ ਦੂਜੇ ਤੋਂ ਵੱਧ ਕੇ ਜ਼ਿੰਮੇਵਾਰ ਹਨ।
ਅਰੋੜਾ ਨੇ ਦੱਸਿਆ ਕਿ ਪਿਛਲੇ 6-7 ਸਾਲਾਂ ਤੋਂ ਉਦਯੋਗਾਂ ਦੇ ਵੈਟ ਦਾ ਕਰੀਬ 400 ਕਰੋੜ ਰੁਪਏ ਰਿਫੰਡ ਬਕਾਇਆ ਹੈ, ਜਿਸ 'ਚ ਬਾਦਲ ਸਰਕਾਰ ਵੇਲੇ ਦਾ ਬਕਾਇਆ ਵੀ ਸ਼ਾਮਲ ਹੈ। ਉਨ੍ਹਾਂ ਉਦਯੋਗਾਂ ਨੂੰ ਜੀ.ਐਸ.ਟੀ. ਵੈਟ ਲਈ ਪਿਛਲੇ 2 ਸਾਲਾਂ ਵਿੱਚ ਜਾਰੀ ਕੀਤੇ ਸਵਾ ਲੱਖ ਨੋਟਿਸਾਂ ਲਈ ਕਾਂਗਰਸ ਸਰਕਾਰ ਦੀ ਅਲੋਚਨਾ ਵੀ ਕੀਤੀ।
ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ- ਭਾਜਪਾ ਸਰਕਾਰਾਂ ਦੀਆਂ ਉਦਯੋਗ, ਵਪਾਰੀ ਅਤੇ ਕਾਰੋਬਾਰੀ ਵਿਰੋਧੀ ਨੀਤੀਆਂ ਦੇ ਕਾਰਨ 'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦੀ ਤਰਜ਼ 'ਤੇ ਪੰਜਾਬ ਦੇ ਉਦਯੋਗ ਜਗਤ ਨੂੰ ਇੰਸਪੈੱਕਟਰੀ ਰਾਜ ਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਅਤੇ ਭੈ- ਮੁਕਤ ਮਾਹੌਲ ਦੇ ਵਾਅਦੇ ਕੀਤੇ ਹਨ।