ਬਾਘਾਪੁਰਾਣਾ ਦੀ ਆਸ਼ਾ ਦੀਆਂ ਆਸਾਂ ਨੂੰ ਪਿਆ ਬੂਰ, ਲਾਟਰੀ 'ਚ ਜਿੱਤਿਆ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ
ਪਹਿਲਾ ਇਨਾਮ ਜਿੱਤਣ ਬਾਅਦ ਬਾਗ਼ੋਬਾਗ ਨਜ਼ਰ ਆ ਰਹੀ ਆਸ਼ਾ ਨੇ ਕਿਹਾ ਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਇਹ ਨਹੀਂ ਸੋਚਿਆ ਸੀ ਕਿ ਉਹ ਇੱਕ ਦਿਨ ਕਰੋੜਪਤੀ ਬਣ ਜਾਵੇਗੀ।
ਚੰਡੀਗੜ੍ਹ: ਪੰਜਾਬ ਸਟੇਟ ਡੀਅਰ 100 ਮਾਸਿਕ ਲਾਟਰੀ ਨੇ ਕਬਾੜ ਦਾ ਕੰਮ ਕਰਨ ਵਾਲੇ ਪਰਿਵਾਰ ਦੀ ਰਾਤੋ ਰਾਤ ਤਕਦੀਰ ਬਦਲ ਦਿੱਤੀ ਹੈ। ਬਾਘਾਪੁਰਾਣਾ ਦੀ ਰਹਿਣ ਵਾਲੀ ਘਰੇਲੂ ਸੁਆਣੀ ਆਸ਼ਾ ਰਾਣੀ ਨੇ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਮਹੀਨਾਵਾਰ ਲਾਟਰੀ ਦੀ ਖੁਸ਼ਨਸੀਬ ਜੇਤੂ ਆਸ਼ਾ ਨੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਟਿਕਟ ਅਤੇ ਹੋਰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ।
ਪਹਿਲਾ ਇਨਾਮ ਜਿੱਤਣ ਬਾਅਦ ਬਾਗ਼ੋਬਾਗ ਨਜ਼ਰ ਆ ਰਹੀ ਆਸ਼ਾ ਨੇ ਕਿਹਾ ਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਇਹ ਨਹੀਂ ਸੋਚਿਆ ਸੀ ਕਿ ਉਹ ਇੱਕ ਦਿਨ ਕਰੋੜਪਤੀ ਬਣ ਜਾਵੇਗੀ। ਉਸ ਨੇ ਅੱਗੇ ਕਿਹਾ ਕਿ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਇਹ ਸੁਪਨਾ ਸਾਕਾਰ ਹੋਣ ਵਾਂਗ ਹੈ। ਉਸਨੇ ਦੱਸਿਆ ਕਿ ਉਸਦੇ ਪਤੀ ਦੀ ਬਾਘਾਪੁਰਾਣਾ ਵਿਖੇ ਕਬਾੜ ਦੀ ਦੁਕਾਨ ਹੈ ਅਤੇ ਉਸ ਦੇ ਦੋਵੇਂ ਬੇਟੇ ਦੁਕਾਨ ਵਿਚ ਕੰਮ ਕਰਦੇ ਹਨ।
ਭਵਿੱਖੀ ਯੋਜਨਾ ਬਾਰੇ ਗੱਲ ਕਰਦਿਆਂ ਆਸ਼ਾ ਰਾਣੀ (61) ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਇਨਾਮੀ ਰਾਸ਼ੀ ਨਾਲ ਆਪਣਾ ਨਵਾਂ ਘਰ ਬਣਾਉਣਗੇ ਕਿਉਂਕਿ ਉਨ੍ਹਾਂ ਦਾ ਮੌਜੂਦਾ ਮਕਾਨ ਉਨ੍ਹਾਂ ਦੇ ਵੱਡੇ ਪਰਿਵਾਰ ਲਈ ਬਹੁਤ ਛੋਟਾ ਹੈ ਅਤੇ ਬਾਕੀ ਰਕਮ ਦੀ ਵਰਤੋਂ ਉਨ੍ਹਾਂ ਦੇ ਪਰਿਵਾਰਕ ਕਾਰੋਬਾਰ ਦੇ ਵਿਸਥਾਰ ਲਈ ਕੀਤੀ ਜਾਵੇਗੀ। ਆਸਾ ਨੇ ਅੱਗੇ ਕਿਹਾ ਕਿ ਇਹ ਵੱਡੀ ਇਨਾਮੀ ਰਾਸ਼ੀ ਉਨ੍ਹਾਂ ਦੀਆਂ ਆਰਥਿਕ ਤੰਗੀਆਂ ਦੂਰ ਕਰਨ ਵਿੱਚ ਅਹਿਮ ਸਾਬਿਤ ਹੋਵੇਗੀ।
ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਟਿਕਟ ਸੀ -74263 ਦੀ ਜੇਤੂ ਆਸ਼ਾ ਰਾਣੀ ਨੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਉਸ ਜੇਤੂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਇਨਾਮੀ ਰਾਸ਼ੀ ਉਨ੍ਹਾਂ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਵੀ ਰਮੇਸ਼ ਤੋਰਾਨੀ ਹੋਏ ਕੋਵਿਡ ਪੌਜ਼ੇਟਿਵ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904